ਵਿਧਾਇਕ ਦੇ ਕਰੀਬੀ ਨੇ ਨੌਕਰੀ ਦੇ ਨਾਂ ''ਤੇ ਮਾਰੀ ਲੱਖਾਂ ਰੁਪਏ ਦੀ ਠੱਗੀ! ਫਰਜ਼ੀ ਨਿਯੁਕਤੀ ਪੱਤਰ ਦੇ ਕੇ ਹੋਇਆ ਫਰਾਰ
Friday, May 08, 2026 - 04:35 PM (IST)
ਲੁਧਿਆਣਾ (ਰਾਜ): ਇਕ ਵਿਅਕਤੀ ਵੱਲੋਂ ਸਰਕਾਰੀ ਨੌਕਰੀ ਦਿਵਾਉਣ ਦੇ ਨਾਂ 'ਤੇ ਲੱਖਾਂ ਦੀ ਠੱਗੀ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਨੇ ਨਗਰ ਨਿਗਮ ਵਿੱਚ ਕਲਰਕ ਲਗਵਾਉਣ ਦਾ ਝਾਂਸਾ ਦੇ ਕੇ ਦੋ ਨੌਜਵਾਨਾਂ ਤੋਂ ਕਰੀਬ 1.70 ਲੱਖ ਰੁਪਏ ਹੜੱਪ ਲਏ ਅਤੇ ਬਾਅਦ ਵਿਚ ਉਨ੍ਹਾਂ ਨੂੰ ਫਰਜ਼ੀ ਨਿਯੁਕਤੀ ਪੱਤਰ ਫੜਾ ਦਿੱਤਾ। ਉਕਤ ਮੁਲਜ਼ਮ ਲੁਧਿਆਣਾ ਕੇਂਦਰੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਦਾ ਕਰੀਬੀ ਦੱਸਿਆ ਜਾ ਰਿਹਾ ਹੈ।
ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ-2 ਦੀ ਪੁਲਸ ਨੇ ਮੁਲਜ਼ਮ ਨਿਖਿਲ ਸਭਰਵਾਲ ਵਾਸੀ ਅਜੀਤ ਨਗਰ ਦੇ ਖਿਲਾਫ਼ ਧੋਖਾਧੜੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਠੱਗੀ ਦਾ ਸ਼ਿਕਾਰ ਹੋਏ ਇਸਲਾਮ ਗੰਜ ਵਾਸੀ ਰਮਨਦੀਪ ਸਿੰਘ ਨੇ ਦੱਸਿਆ ਕਿ ਉਹ ਸਿਵਲ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਵਿਚ ਐਡਹਾਕ 'ਤੇ ਕੰਮ ਕਰਦਾ ਹੈ। ਅਕਤੂਬਰ 2023 ਵਿਚ ਜਦੋਂ ਉਹ ਪੱਕੀ ਨੌਕਰੀ ਦੀ ਉਮੀਦ ਵਿਚ ਵਿਧਾਇਕ ਦਫ਼ਤਰ ਗਿਆ, ਤਾਂ ਉੱਥੇ ਉਸ ਦੀ ਮੁਲਾਕਾਤ ਨਿਖਿਲ ਸਭਰਵਾਲ ਨਾਲ ਹੋਈ ਜਿਸ ਨੇ ਖੁਦ ਨੂੰ ਵਿਧਾਇਕ ਦਾ ਪੀਏ (PA) ਦੱਸਿਆ। ਮੁਲਜ਼ਮ ਦੀਆਂ ਗੱਲਾਂ ਵਿਚ ਆ ਕੇ ਰਮਨਦੀਪ ਅਤੇ ਉਸ ਦੇ ਦੋਸਤ ਪ੍ਰਭਜੋਤ ਸਿੰਘ ਨੇ ਨੌਕਰੀ ਦੇ ਬਦਲੇ ਪੈਸੇ ਦੇਣ ਦਾ ਸੌਦਾ ਕਰ ਲਿਆ। ਰਮਨਦੀਪ ਨੇ ਯੂਪੀਆਈ (UPI) ਰਾਹੀਂ 98 ਹਜ਼ਾਰ ਰੁਪਏ ਟ੍ਰਾਂਸਫਰ ਕੀਤੇ, ਜਦਕਿ ਪ੍ਰਭਜੋਤ ਤੋਂ ਵੀ ਮੁਲਜ਼ਮ ਨੇ ਕਿਸ਼ਤਾਂ ਵਿਚ ਹਜ਼ਾਰਾਂ ਰੁਪਏ ਵਸੂਲ ਲਏ।
ਧੋਖਾਧੜੀ ਦਾ ਖੁਲਾਸਾ ਉਦੋਂ ਹੋਇਆ ਜਦੋਂ ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਮੁਲਜ਼ਮ ਨੇ ਉਨ੍ਹਾਂ ਨੂੰ ਨਗਰ ਨਿਗਮ ਦਾ ਇਕ ਜੁਆਇਨਿੰਗ ਲੈਟਰ ਭੇਜਿਆ, ਜੋ ਜਾਂਚ ਕਰਨ 'ਤੇ ਪੂਰੀ ਤਰ੍ਹਾਂ ਫਰਜ਼ੀ ਪਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਖੁਦ ਨੂੰ ਫੇਸਬੁੱਕ 'ਤੇ ਵਿਧਾਇਕ ਦਾ ਦਫ਼ਤਰ ਇੰਚਾਰਜ ਦੱਸਦਾ ਸੀ ਅਤੇ ਉਸ ਨੇ ਵਿਧਾਇਕ ਨਾਲ ਕਈ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ।
ਦੂਜੇ ਪਾਸੇ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਇਸ ਮਾਮਲੇ ਵਿਚ ਸਫ਼ਾਈ ਦਿੰਦੇ ਹੋਏ ਕਿਹਾ ਕਿ ਮੁਲਜ਼ਮ ਉਨ੍ਹਾਂ ਦੇ ਗੁਆਂਢ ਵਿਚ ਰਹਿੰਦਾ ਹੈ ਅਤੇ ਜਿਵੇਂ ਹੀ ਉਨ੍ਹਾਂ ਨੂੰ ਉਸ ਦੀ ਇਸ ਕਰਤੂਤ ਦਾ ਪਤਾ ਲੱਗਾ, ਉਨ੍ਹਾਂ ਨੇ ਖੁਦ ਉਸ ਦੇ ਖਿਲਾਫ਼ ਸ਼ਿਕਾਇਤ ਦਰਜ ਕਰਵਾਈ। ਵਿਧਾਇਕ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਅਜਿਹੇ ਕਿਸੇ ਵੀ ਗਲਤ ਵਿਅਕਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਪੁਲਸ ਹੁਣ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।
