ਬਾਈਕ ਦੀਆਂ ਕਿਸ਼ਤਾਂ ਨਾ ਭਰ ਸਕਿਆ ਤਾਂ ਦੋਸਤ ਨਾਲ ਮਿਲ ਕੇ ਕਰਨ ਲੱਗਾ ਸਨੈਚਿੰਗ

08/19/2022 4:38:21 PM

ਲੁਧਿਆਣਾ (ਰਾਜ) : ਬਾਈਕ ਦੀਆਂ ਕਿਸ਼ਤਾਂ ਨਾ ਭਰ ਸਕਣ ਤੋਂ ਬਾਅਦ ਨੌਜਵਾਨ ਨੇ ਆਪਣੇ ਦੋਸਤ ਨਾਲ ਮਿਲ ਕੇ ਸਨੈਚਿੰਗ ਦੀਆਂ ਵਾਰਦਾਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਮੁਲਜ਼ਮਾਂ ਨੇ ਕੁਝ ਹੀ ਦਿਨਾਂ ’ਚ ਅੱਧਾ ਦਰਜਨ ਤੋਂ ਵੱਧ ਵਾਰਦਾਤਾਂ ਕਰ ਦਿੱਤੀਆਂ ਪਰ ਥਾਣਾ ਡਵੀਜ਼ਨ ਨੰ. 2 ਦੀ ਪੁਲਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ 5 ਮੋਬਾਇਲ ਤੇ ਵਾਰਦਾਤ ’ਚ ਵਰਤੀ ਐਕਟਿਵਾ ਬਰਾਮਦ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਮਾਡਲ ਟਾਊਨ ’ਚ ਮੁਹੱਲਾ ਕਰਤਾਰ ਨਗਰ ਦੇ ਰਹਿਣ ਵਾਲੇ ਰਾਹੁਲ ਕੁਮਾਰ ਅਤੇ ਅਰੁਣ ਕੁਮਾਰ ਦੇ ਰੂਪ 'ਚ ਹੋਈ ਹੈ। ਮੁਲਜ਼ਮਾਂ ’ਤੇ ਕੇਸ ਦਰਜ ਕਰ ਲਿਆ ਗਿਆ ਹੈ।

ਐੱਸ. ਐੱਚ. ਓ. ਇੰਸ. ਅਰਸ਼ਦੀਪ ਕੌਰ ਨੇ ਦੱਸਿਆ ਕਿ ਏ. ਐੱਸ. ਆਈ. ਪ੍ਰਦੀਪ ਕੁਮਾਰ ਤੇ ਉਨ੍ਹਾਂ ਦੀ ਟੀਮ ਗਸ਼ਤ ’ਤੇ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਉਕਤ ਮੁਲਜ਼ਮ ਜੋ ਕਿ ਐਕਟਿਵਾ ’ਤੇ ਸਵਾਰ ਹੋ ਕੇ ਲੁੱਟ ਦੇ ਮੋਬਾਇਲ ਵੇਚਣ ਲਈ ਜਾ ਰਿਹਾ ਹੈ। ਇਸ ਤੋਂ ਬਾਅਦ ਸਿਵਲ ਹਸਪਤਾਲ ਚੌਕ ’ਤੇ ਨਾਕਾਬੰਦੀ ਕਰ ਕੇ ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ। ਇੰਸਪੈਕਟਰ ਅਰਸ਼ਦੀਪ ਕੌਰ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ’ਚ ਪਤਾ ਲੱਗਾ ਕਿ ਮੁਲਜ਼ਮ ਰਾਹੁਲ ਅਤੇ ਅਰੁਣ ਦੋਵੇਂ ਹੀ 18 ਤੋਂ 19 ਸਾਲ ਦੇ ਹਨ। ਉਨ੍ਹਾਂ ਦਾ ਕੋਈ ਪਿਛਲਾ ਅਪਰਾਧਕ ਰਿਕਾਰਡ ਵੀ ਨਹੀਂ ਹੈ। ਪੁੱਛਗਿੱਛ ’ਚ ਪਤਾ ਲੱਗਾ ਹੈ ਕਿ ਮੁਲਜ਼ਮ ਨੇ ਬਾਈਕ ਕਿਸ਼ਤਾਂ ’ਤੇ ਲਈ ਸੀ, ਉਸ ਦੀਆਂ ਕਿਸ਼ਤਾਂ ਭਰਨ ਲਈ ਉਸ ਕੋਲ ਪੈਸੇ ਨਹੀਂ ਸਨ। ਇਸ ਲਈ ਦੋਵੇਂ ਮੁਲਜ਼ਮਾਂ ਨੇ ਮਿਲ ਕੇ ਲੁੱਟ ਅਤੇ ਸਨੈਚਿੰਗ ਦੀ ਵਾਰਦਾਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।

ਇਹ ਵੀ ਪੜ੍ਹੋ : ‘ਆਪ’ ਸਰਕਾਰ ਸੱਚੀ ਤੇ ਸਾਫ਼ ਨੀਅਤ ਨਾਲ ਪੰਜਾਬ ਦੀ ਨੁਹਾਰ ਬਦਲਣ ਦੀ ਕਰ ਰਹੀ ਕੋਸ਼ਿਸ਼ : ਅਮਨ ਅਰੋੜਾ

ਮੁਲਜ਼ਮਾਂ ਨੇ ਦੋ ਦਿਨ ਪਹਿਲਾਂ ਹੈਬੋਵਾਲ ਦੇ ਇਲਾਕੇ ’ਚ ਇਕ ਔਰਤ ਦੇ ਹੱਥੋਂ ਮੋਬਾਇਲ ਝਪਟਿਆ ਸੀ। ਉਕਤ ਵਾਰਦਾਤ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਮਿਲੀ ਸੀ, ਜਿਸ ’ਚ ਮੁਲਜ਼ਮਾਂ ਦੇ ਚਿਹਰੇ ਵੀ ਸਾਫ਼ ਨਜ਼ਰ ਆ ਰਹੇ ਸਨ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੇ ਸ਼ਹਿਰ ’ਚ ਹੋਰ ਵੀ ਕਈ ਵਾਰਦਾਤਾਂ ਕੀਤੀਆਂ ਹਨ। ਉਨ੍ਹਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਮੁਲਜ਼ਮਾਂ ਨੂੰ ਇਕ ਦਿਨ ਦੇ ਪੁਲਸ ਰਿਮਾਂਡ ’ਤੇ ਭੇਜਿਆ ਗਿਆ ਹੈ।


Anuradha

Content Editor

Related News