ਚਾਈਨਾ ਦੀ ‘ਰੋਸ਼ਨੀ’ ’ਚ ਗੁਆਚੇ ਮਿੱਟੀ ਦੇ ਦੀਵੇ!

Monday, Oct 29, 2018 - 03:36 PM (IST)

ਚਾਈਨਾ ਦੀ ‘ਰੋਸ਼ਨੀ’ ’ਚ ਗੁਆਚੇ ਮਿੱਟੀ ਦੇ ਦੀਵੇ!

ਖੰਨਾ (ਸੁਖਵੀਰ)-ਭਾਵੇਂ ਦੀਵਾਲੀ ਮੌਕੇ ਬਾਜ਼ਾਰ ’ਚ ਤਰ੍ਹਾਂ-ਤਰ੍ਹਾਂ ਦੀਆਂ ਰੰਗ-ਬਰੰਗੀਆਂ ਲਾਈਟਾਂ ਆਕਰਸ਼ਨ ਦਾ ਕੇਂਦਰ ਹਨ ਪਰ ਹਾਲੇ ਵੀ ਕਈ ਘੁਮਿਆਰਾਂ ਨੇ ਆਪਣੀ ਪਿਤਾ-ਪੁਰਖੀ ਰੀਤ ਨਿਭਾਉਂਦੇ ਹੋਏ ਦੀਵਾਲੀ ਮੌਕੇ ਮਿੱਟੀ ਦੇ ਦੀਵੇ ਤੇ ਹੋਰ ਸਾਮਾਨ ਬਣਾ ਕੇ ਵੇਚਣਾ ਬੰਦ ਨਹੀਂ ਕੀਤਾ ਤੇ ਅੱਜ ਵੀ ਪਿੰਡਾਂ ਦੇ ਨਾਲ-ਨਾਲ ਸ਼ਹਿਰਾਂ ’ਚ ਵੀ ਘੁਮਿਆਰ ਮਿੱਟੀ ਨਾਲ ਮਿੱਟੀ ਹੋ ਕੇ ਇਹ ਸਾਮਾਨ ਤਿਆਰ ਕਰ ਰਹੇ ਹਨ ਪਰ ਹੁਣ ਇਹ ਧੰਦਾ ਮੁਨਾਫੇ ਵਾਲਾ ਨਹੀਂ ਰਿਹਾ। ਇਸ ਸਬੰਧੀ ‘ਜਗ ਬਾਣੀ’ ਦੀ ਟੀਮ ਵਲੋਂ ਇਲਾਕੇ ਦਾ ਦੌਰਾ ਕੀਤਾ ਗਿਆ ਤਾਂ ਲਾਗਲੇ ਪਿੰਡ ਕੱਦੋਂ ਦੇ ਘੁਮਿਆਰ ਜਾਤ ਨਾਲ ਸਬੰਧਤ ਜਰਨੈਲ ਸਿੰਘ ਸਪੁੱਤਰ ਧਰਮ ਸਿੰਘ ਨੇ ਦੱਸਿਆ ਕਿ ਅੱਜ ਤੋਂ ਤਕਰੀਬਨ ਡੇਢ ਦਹਾਕਾ ਪਹਿਲਾਂ ਉਨ੍ਹਾਂ ਨੂੰ ਘੱਟ ਰੇਟ ’ਤੇ ਵੀ ਸਾਮਾਨ ਵੇਚ ਕੇ ਚੰਗਾ ਮੁਨਾਫਾ ਹੋ ਜਾਂਦਾ ਸੀ ਪਰ ਹੁਣ ਭਾਵੇਂ ਸਾਮਾਨ ਦੇ ਭਾਅ ਵਧ ਗਏ ਹਨ ਪਰ ਉਨ੍ਹਾਂ ਦੇ ਮੁਨਾਫੇ ਨੂੰ ਵੱਡਾ ਖੋਰਾ ਲੱਗਿਆ ਹੈ। ਉਸ ਨੇ ਦੱਸਿਆ ਕਿ ਹੁਣ ਹੱਥ ਵਾਲੇ ਚੱਕ ਦੀ ਥਾਂ ’ਤੇ ਬਿਜਲੀ ਮੋਟਰ ਵਾਲਾ ਚੱਕ ਜ਼ਿਆਦਾਤਰ ਵਰਤਿਆ ਜਾਂਦਾ ਹੈ, ਜਿਸ ਨਾਲ ਬਿਜਲੀ ਦੀ ਵੀ ਕਾਫੀ ਵਰਤੋਂ ਹੁੰਦੀ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਮਿੱਟੀ ਦੇ ਬਰਤਨ, ਦੀਵੇ ਅਤੇ ਹੋਰ ਸਾਮਾਨ ਬਣਾਉਣ ਲਈ ਖਾਸ ਕਿਸਮ ਦੀ ਚੀਕਣੀ ਮਿੱਟੀ ਵਰਤੀ ਜਾਂਦੀ ਹੈ, ਜੋ ਕਿਸੇ ਸਮੇਂ ਆਸਾਨੀ ਨਾਲ ਉਪਲਬਧ ਹੋ ਜਾਂਦੀ ਸੀ, ਜੋ ਮੁਫਤ ਜਾਂ ਨਾਮਾਤਰ ਖਰਚੇ ’ਤੇ ਮਿਲ ਜਾਂਦੀ ਸੀ। ਹੁਣ ਜਿੱਥੇ ਇਹ ਮਿੱਟੀ ਕਾਫੀ ਮਹਿੰਗੀ ਮਿਲਦੀ ਹੈ, ਉਥੇ ਮੌਜੂਦ ਵੱਡੀ ਗਿਣਤੀ ’ਚ ਕਈ ਘੁਮਿਆਰ ਜਾਤ ਨਾਲ ਸਬੰਧਤ ਲੋਕਾਂ ਨੇ ਆਪਣੀ ਮਾਡ਼ੀ ਆਰਥਿਕ ਹਾਲਤ ਅਤੇ ਇਸ ਨੂੰ ਵਿਸਾਰੇ ਜਾਣ ਦੇ ਸਬੰਧ ’ਚ ਸਮੇਂ-ਸਮੇਂ ਦੀਆਂ ਸਰਕਾਰਾਂ ਨੂੰ ਕੋਸਦੇ ਹੋਏ ਕਿਹਾ ਕਿ ਉਨ੍ਹਾਂ ਦੀ ਕਦੇ ਸਰਕਾਰਾਂ ਨੇ ਬਾਂਹ ਨਹੀਂ ਫਡ਼ੀ, ਜਿਸ ਕਾਰਨ ਆਉਣ ਵਾਲੀਆਂ ਪੀਡ਼੍ਹੀਅਾਂ ਇਸ ਕਿੱਤੇ ਤੋਂ ਆਪਣਾ ਮੂੂੰਹ ਮੋਡ਼ ਰਹੀਆਂ ਹਨ। ਉਨ੍ਹਾਂ ਅਪੀਲ ਕੀਤੀ ਕਿ ਉਨ੍ਹਾਂ ਵੱਲ ਸਰਕਾਰਾਂ ਵਲੋਂ ਧਿਆਨ ਦਿੱਤਾ ਜਾਵੇ।


Related News