ਬੈਂਕ ਕਰਮਚਾਰੀਆਂ ਦੀ ਹਡ਼ਤਾਲ ਕਾਰਨ ਬੈਂਕਿੰਗ ਸੇਵਾਵਾਂ ਰਹੀਆਂ ਠੱਪ

Thursday, Dec 27, 2018 - 10:40 AM (IST)

ਬੈਂਕ ਕਰਮਚਾਰੀਆਂ ਦੀ ਹਡ਼ਤਾਲ ਕਾਰਨ ਬੈਂਕਿੰਗ ਸੇਵਾਵਾਂ ਰਹੀਆਂ ਠੱਪ

ਖੰਨਾ (ਸੁਖਵਿੰਦਰ ਕੌਰ)- ਯੂਨਾਈਟਡ ਫੋਰਮ ਆਫ ਬੈਂਕ ਯੂਨੀਅਨ ਦੇ ਐਲਾਨ ’ਤੇ ਸਥਾਨਕ ਤੇ ਨੇਡ਼ਲੇ ਪਿੰਡਾਂ ’ਚ ਸਥਿਤ ਰਾਸ਼ਟਰੀ ਬੈਂਕ ਬ੍ਰਾਂਚਾਂ ’ਚ ਕਰਮਚਾਰੀ ਤੇ ਅਧਿਕਾਰੀ ਆਪਣੀ ਇਕ ਦਿਨਾ ਹਡ਼ਤਾਲ ’ਤੇ ਰਹੇ। ਹਡ਼ਤਾਲੀ ਕਰਮਚਾਰੀਆਂ ਵਲੋਂ ਲਾਲ ਝੰਡੇ ਲਹਿਰਾਉਂਦੇ ਹੋਏ ਕੇਨਰਾ ਬੈਂਕ ਸ਼ਾਖ਼ਾ ਦੇ ਸਾਹਮਣੇ ਇੱਕਠੇ ਹੋ ਕੇ ਪ੍ਰਦਰਸ਼ਨ ਕੀਤਾ ਗਿਆ। ਬਾਅਦ ’ਚ ਭਾਰਤੀ ਬੈਂਕ ਸੰਘ (ਆਈ. ਬੀ. ਏ.) ਤੇ ਕੇਂਦਰ ਸਰਕਾਰ ਦੇ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਬੇਰੁਖ਼ੀ ਵਾਲੇ ਰਵੱਈਏ ਵਿਰੁੱਧ ਰੈਲੀ ਕੀਤੀ ਗਈ, ਜਿਸ ਕਾਰਨ ਬੈਂਕ ਸੇਵਾਵਾਂ ਪੂਰੀ ਤਰ੍ਹਾਂ ਠੱਪ ਰਹੀਆਂ। ਵਪਾਰਕ ਲੈਣ-ਦੇਣ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ, ਆਮ ਗਾਹਕਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਖ਼ਾਤਾਧਾਰਕਾਂ ’ਚ ਰੋਸ ਦਿਖਾਈ ਦਿੱਤਾ। 21 ਦਸੰਬਰ ਨੂੰ ਵੀ ਬੈਂਕ ਕਰਮਚਾਰੀਆਂ ਦੀ ਇਕ ਦਿਨਾ ਹਡ਼ਤਾਲ ਕਾਰਨ ਬੈਂਕਿੰਗ ਵਿਵਸਥਾ ਪ੍ਰਭਾਵਿਤ ਰਹੀ ਸੀ। ਬੈਂਕਾਂ ਦੇ ਏ. ਟੀ. ਐੱਮ. ’ਚ ਵੀ ਬਹੁਤ ਜਗ੍ਹਾ ਕੈਸ਼ ਨਾ ਹੋਣ ਤੇ ਹੋਰ ਤਕਨੀਕੀ ਖ਼ਰਾਬੀ ਕਾਰਨ ਜ਼ਰੂਰੀ ਸੇਵਾਵਾਂ ਦੇਣ ’ਚ ਅਸਫਲ ਰਹੇ। ਬੀ. ਕੇ. ਜੇਠੀ ਜ਼ੋਨਲ ਸਕੱਤਰ ਪੰਜਾਬ ਬੈਂਕ ਇੰਪਲਾਈਜ਼ ਫੈੱਡਰੇਸ਼ਨ ਤੇ ਅਨਿਲ ਵਧਾਵਨ ਉੱਪ ਚੇਅਰਮੈਨ ਕੇਨਰਾ ਬੈਂਕ ਇੰਪਲਾਈਜ਼ ਯੂਨੀਅਨ ਪੰਜਾਬ ਨੇ ਸਰਕਾਰ ਵਲੋਂ ਬੈਂਕ ਆਫ ਬਡ਼ੋਦਾ, ਵਿਜਯਾ ਬੈਂਕ ਤੇ ਦੇਨਾ ਬੈਂਕ ਦੇ ਮਰਜ ਹੋਣ ਦੇ ਪ੍ਰਸਤਾਵ ’ਤੇ ਖੇਤਰੀ ਪੇਂਡੂ ਬੈਂਕਾਂ ਦੇ ਏਕੀਕਰਨ ਦੇ ਫੈਸਲੇ ਦਾ ਸਖਤ ਵਿਰੋਧ ਕੀਤਾ ਤੇ ਵੇਤਨ ਤੋਂ ਇਲਾਵਾ ਹੋਰ ਸੇਵਾ ਸ਼ਰਤਾਂ ਵਿਚ ਜ਼ਰੂਰੀ ਸੋਧ ਸਬੰਧੀ ਜਲਦ ਹੱਲ ਕਰਨ ਦੀ ਮੰਗ ਰੱਖੀ। ਇਸ ਤੋਂ ਇਲਾਵਾ ਉਨ੍ਹਾਂ ਬੈਂਕਾਂ ’ਚ ਨੀਰਵ ਮੋਦੀ, ਮਾਲਿਆ, ਚੋਕਸੀ ਤੇ ਹੋਰ ਵੱਡੇ ਘਰਾਣਿਆਂ ਵਲੋਂ ਕੀਤੇ ਗਏ ਭਾਰੀ ਘੋਟਾਲਿਆਂ ਲਈ ਸਰਕਾਰ/ਆਈ. ਬੀ. ਏ. ’ਤੇ ਗੰਭੀਰ ਦੋਸ਼ ਲਾਏ। ਉਨ੍ਹਾਂ ਨੇ ਇਸ ਹਡ਼ਤਾਲ ਦੇ ਸਫਲ ਹੋਣ ਦਾ ਦਾਅਵਾ ਕੀਤਾ। ਇਸ ਮੌਕੇ ਹਰਦੀਪ ਕੌਰ, ਹਿੰਦੀਪ ਵਾਲੀਆ, ਜਾਰਜੀ, ਵਿਕਾਸ, ਕਲਿਆਣ ਸਿੰਘ, ਰਵਨੀਤ ਕੌਰ, ਜਸਬੀਰ ਸਿੰਘ ਆਦਿ ਹਾਜ਼ਰ ਸਨ।


Related News