ਕਾਰਵਾਈ ਦਾ ਡਰ ਦਿਖਾ ਦੇ ਕਾਂਗਰਸ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਨਾ ਕਰੋ : ਕਾਂਗਰਸੀ ਕੌਂਸਲਰ

Wednesday, Apr 29, 2026 - 11:01 PM (IST)

ਕਾਰਵਾਈ ਦਾ ਡਰ ਦਿਖਾ ਦੇ ਕਾਂਗਰਸ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਨਾ ਕਰੋ : ਕਾਂਗਰਸੀ ਕੌਂਸਲਰ

ਲੁਧਿਆਣਾ (ਵਿੱਕੀ) : ਹਲਕਾ ਪੱਛਮੀ ਵਿੱਚ ਸਿਆਸੀ ਮਾਹੌਲ ਉਸ ਸਮੇਂ ਭਖ ਗਿਆ ਜਦੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਅਤੇ ਕੌਂਸਲਰ ਪਤੀ ਇੰਦਰਜੀਤ ਇੰਦੀ ‘ਤੇ ਪੁਲਸ ਕੇਸ ਦਰਜ ਹੋਣ ਤੋਂ ਬਾਅਦ ‘ਟੀਮ ਆਸ਼ੂ’ ਦੇ ਕੌਂਸਲਰਾਂ ਨੇ ਸਰਕਾਰ ਵਿਰੁੱਧ ਤਿੱਖਾ ਰੁਖ ਅਖਤਿਆਰ ਕਰ ਲਿਆ। ਬੁੱਧਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕਾਂਗਰਸੀ ਆਗੂਆਂ ਨੇ ਲੋਕਲ ਬਾਡੀ ਮੰਤਰੀ ਨੂੰ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਪੁਲਸ ਕਾਰਵਾਈ ਦਾ ਡਰ ਦਿਖਾ ਕੇ ਕਾਂਗਰਸ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ।

ਬਦਲੇ ਦੀ ਰਾਜਨੀਤੀ ਦਾ ਲਾਇਆ ਦੋਸ਼
ਕੌਂਸਲਰ ਪਤੀ ਸੰਨੀ ਭੱਲਾ, ਪੰਕਜ ਕਾਕਾ, ਮਹਾਰਾਜ ਰਾਜੀ, ਸੁਰੇਸ਼ ਸ਼ਰਮਾ, ਦਿਲਰਾਜ ਸਿੰਘ, ਪੂਨਮ ਮਲਹੋਤਰਾ ਤੇ ਹੋਰਨਾਂ ਨੇ ਦੋਸ਼ ਲਾਇਆ ਕਿ ਹਲਕਾ ਪੱਛਮੀ 'ਚ ਵਿਕਾਸ ਕਾਰਜ ਕਰਵਾਉਣ ਦੀ ਬਜਾਏ ਵਿਰੋਧੀ ਧਿਰ ਦੇ ਨੇਤਾਵਾਂ ‘ਤੇ FIR ਦਰਜ ਕਰ ਕੇ ਉਨ੍ਹਾਂ ਨੂੰ ਦਬਾਉਣ ਦੀ ਰਾਜਨੀਤੀ ਕੀਤੀ ਜਾ ਰਹੀ ਹੈ। ਇੰਦਰਜੀਤ ਇੰਦੀ ਨੇ ਮੰਤਰੀ ਨੂੰ ਸਲਾਹ ਦਿੱਤੀ ਕਿ ਉਹ ਪੁਲਸ ਦੇ ਦਮ ‘ਤੇ ਡਰਾਉਣ ਦੀ ਬਜਾਏ ਸਾਬਕਾ ਮੰਤਰੀ ਆਸ਼ੂ ਦੀ ਵਿਕਾਸ ਰੂਪੀ ਕਾਰਜਸ਼ੈਲੀ ਤੋਂ ਸਿੱਖਣ ਅਤੇ ਹਲਕੇ ਦੇ ਵਿਕਾਸ ਵੱਲ ਧਿਆਨ ਦੇਣ।

ਰੁਕੇ ਹੋਏ ਵਿਕਾਸ ਕਾਰਜਾਂ ਕਾਰਨ ਜਨਤਾ ਪਰੇਸ਼ਾਨ
ਸੰਨੀ ਭੱਲਾ ਤੇ ਪੰਕਜ ਕਾਕਾ ਨੇ ਕਿਹਾ ਕਿ ਰੋਜ਼ ਗਾਰਡਨ ਰੋਡ ਤੇ ਕੀਚਲੂ ਨਗਰ ਗੁਰਦੁਆਰਾ ਸਾਹਿਬ ਰੋਡ ਸਮੇਤ ਕਈ ਮੁੱਖ ਸੜਕਾਂ ਦੇ ਕੰਮ ਰੁਕੇ ਹੋਣ ਕਾਰਨ ਇਹ ਮਾਰਗ ਬਦਹਾਲ ਹੋ ਚੁੱਕੇ ਹਨ। ਸੜਕਾਂ ਦੀ ਬੇਤਰਤੀਬ ਖੁਦਾਈ ਕਾਰਨ ਆਮ ਜਨਤਾ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਖੁਦਾਈ ਤੋਂ ਬਾਅਦ ਉਨ੍ਹਾਂ ਨੂੰ ਠੀਕ ਨਹੀਂ ਕੀਤਾ ਜਾ ਰਿਹਾ।

ਵੱਡੇ ਅੰਦੋਲਨ ਦੀ ਚਿਤਾਵਨੀ
ਨੇਤਾਵਾਂ ਨੇ ਕਿਹਾ ਕਿ ਸਾਬਕਾ ਮੰਤਰੀ ਆਸ਼ੂ ਦੇ ਸਮੇਂ ਹਲਕੇ ਵਿੱਚ ਵੱਡੇ ਪੱਧਰ ‘ਤੇ ਵਿਕਾਸ ਹੋਇਆ ਸੀ, ਪਰ ਮੌਜੂਦਾ ਸਰਕਾਰ ਪੁਰਾਣੇ ਪ੍ਰੋਜੈਕਟਾਂ ਨੂੰ ਸੰਭਾਲਣ ਵਿੱਚ ਵੀ ਨਾਕਾਮ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਹੀ ਸੜਕਾਂ ਦੇ ਅਧੂਰੇ ਕੰਮ ਪੂਰੇ ਨਾ ਕੀਤੇ ਗਏ ਅਤੇ ਪ੍ਰਸ਼ਾਸਨਿਕ ਮਸ਼ੀਨਰੀ ਦੀ ਦੁਰਵਰਤੋਂ ਬੰਦ ਨਾ ਹੋਈ, ਤਾਂ ਸਮੁੱਚੀ ‘ਟੀਮ ਆਸ਼ੂ’ ਇਕਜੁੱਟ ਹੋ ਕੇ ਸੜਕਾਂ ‘ਤੇ ਉਤਰੇਗੀ ਅਤੇ ਵੱਡਾ ਅੰਦੋਲਨ ਸ਼ੁਰੂ ਕਰੇਗੀ।


author

Baljit Singh

Content Editor

Related News