ਬਿਜਲੀ ਮੁਲਾਜ਼ਮਾਂ ਨੇ ਕੈਪਟਨ ਸਰਕਾਰ ਖਿਲਾਫ ਕੀਤੀ ਰੋਸ ਰੈਲੀ

10/26/2018 4:14:48 PM

ਲੁਧਿਆਣਾ (ਸਲੂਜਾ) : ਵਰਕਰਜ਼ ਫੈਡਰੇਸ਼ਨ ਪੀ. ਐੱਸ. ਪੀ. ਸੀ. ਐੱਲ. ਤੇ ਪੀ. ਐੱਸ. ਟੀ. ਸੀ. ਐੱਲ. ਦੀ ਅਗਵਾਈ ’ਚ ਬਿਜਲੀ ਮੁਲਾਜ਼ਮਾਂ ਨੇ ਲੰਬੇ ਸਮੇਂ ਤੋਂ ਮੰਗਾਂ ਨੂੰ ਅਣਦੇਖਿਆ ਕੀਤੇ ਜਾਣ ਦੇ ਮੁੱਦੇ ਨੂੰ ਲੈ ਕੇ ਅੱਜ ਜਨਤਾ ਨਗਰ ਦੀ ਪਾਵਰਕਾਮ ਡਵੀਜ਼ਨ ’ਚ ਕੈਪਟਨ ਸਰਕਾਰ ਖਿਲਾਫ ਰੋਸ ਰੈਲੀ ਕਰ ਕੇ ਆਵਾਜ਼ ਬੁਲੰਦ ਕੀਤੀ। ਪ੍ਰਧਾਨ ਸਵਰਣ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਬਿਜਲੀ ਵਿਭਾਗ ’ਚ ਪਿਛਲੇ ਕਈ ਸਾਲਾਂ ਤੋਂ ਰੈਗੂਲਰ ਅਾਧਾਰ ’ਤੇ ਭਰਤੀ ਨਾ ਹੋਣ ਕਾਰਨ ਅੱਜ ਹਾਲਾਤ ਇਹ ਹਨ ਕਿ ਲਾਈਨਮੈਨ ਤੋਂ ਲੈ ਕੇ ਐੱਸ. ਡੀ. ਓ. ਤੱਕ ਕਈ ਅਹੁਦੇ ਖਾਲੀ ਪਏ ਹਨ।

ਬਿਜਲੀ ਮੁਲਾਜ਼ਮਾਂ ਤੋਂ ਲੈ ਕੇ ਅਧਿਕਾਰੀਆਂ ਤੱਕ ਵਾਧੂ ਚਾਰਜ ਦੇ ਕੇ ਕੰਮ ਚਲਾਇਆ ਜਾ ਰਿਹਾ ਹੈ, ਜਿਸ ਨਾਲ ਪਾਵਰਕਾਮ ਸਟਾਫ ’ਤੇ ਕੰਮ ਦਾ ਬੋਝ ਕਾਫੀ ਵਧ ਚੁੱਕਾ ਹੈ। ਬਿਜਲੀ ਗੁੱਲ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਇਕ ਨੀਅਤ ਸਮੇਂ ਵਿਚ ਨਾ ਹੋਣ ਕਾਰਨ ਖਪਤਕਾਰਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿੱਲ ਵਸੂਲੀ ਲਈ ਵੀ ਪਾਵਰਕਾਮ ਨੂੰ ਸਟਾਫ ਦੀ ਕਮੀ ਕਾਰਨ ਸੇਵਾ ਮੁਕਤ ਮੁਲਾਜ਼ਮਾਂ ਦੀਆਂ ਸੇਵਾਵਾਂ ਲੈ ਕੇ ਕੰਮ ਚਲਾਇਆ ਜਾ ਰਿਹਾ ਹੈ। ਉਨ੍ਹਾਂ ਪੁਰਜ਼ੋਰ ਮੰਗ ਕੀਤੀ ਕਿ ਖਾਲੀ ਪਈਆਂ ਪੋਸਟਾਂ ਬਿਨਾਂ ਕਿਸੇ ਦੇਰੀ ਦੇ ਰੈਗੂਲਰ ਆਧਾਰ ’ਤੇ ਭਰੀਆਂ ਜਾਣ। ਵਿਭਾਗ ਵਿਚੋਂ ਠੇਕੇਦਾਰੀ ਸਿਸਟਮ ਨੂੰ ਖਤਮ ਕੀਤਾ ਜਾਵੇ।

ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਬੰਦ ਕੀਤੇ ਗਏ ਬਿਜਲੀ ਪੈਦਾ ਕਰਨ ਵਾਲੇ ਪਲਾਂਟਾਂ ਨੂੰ ਸ਼ੁਰੂ ਕਰੇ ਤੇ ਛਾਂਟੀ ਕੀਤੇ ਗਏ ਮੁਲਾਜ਼ਮਾਂ ਨੂੰ ਵਿਭਾਗ ਵਿਚ ਅਡਜਸਟ ਕਰੇ। ਡੀ. ਏ. ਦੀਆਂ ਕਿਸ਼ਤਾਂ ਨੂੰ ਜਾਰੀ ਕੀਤਾ ਜਾਵੇ। ਸਰਕਾਰ ਨੇ ਜੋ ਮੰਗਾਂ ਮੰਨੀਆਂ ਹੋਈਆਂ ਹਨ, ਉਹ ਪਹਿਲ ਦੇ ਆਧਾਰ ’ਤੇ ਲਾਗੂ ਕਰੇ ਨਾ ਕਿ ਟਾਲ-ਮਟੋਲ ਦੀ ਨੀਤੀ ਅਪਣਾ ਕੇ ਮੁਲਾਜ਼ਮਾਂ ਨੂੰ ਪ੍ਰੇਸ਼ਾਨ ਕਰੇ। ਉਨ੍ਹਾਂ ਕਿਹਾ ਕਿ ਫੈਡਰੇਸ਼ਨ ਅਧਿਆਪਕਾਂ ਵਲੋਂ ਆਪਣੀ ਤਨਖਾਹ ਨੂੰ ਲੈ ਕੇ ਸ਼ੁਰੂ ਕੀਤੇ ਗਏ ਸੰਘਰਸ਼ ਦੀ ਪੂਰੀ ਹਮਾਇਤ ਕਰਦੀ ਹੈ ਅਤੇ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਨਾਲ ਹੀ ਪੂਰੀ ਤਨਖਾਹ ਤੇ ਹੋਰ ਸਹੂਲਤਾਂ ਦੇਵੇ ਨਾ ਕਿ ਉਨ੍ਹਾਂ ਨੂੰ ਸਡ਼ਕਾਂ ’ਤੇ ਰੋਸ ਧਰਨੇ ਦੇਣ ਜਾਂ ਮਰਨ ਵਰਤ ’ਤੇ ਬੈਠਣ ਲਈ ਮਜਬੂਰ ਕਰੇ। ਇਸ ਰੋਸ ਰੈਲੀ ਦੌਰਾਨ ਕੌਰ ਚੰਦ, ਜਸਵੀਰ ਸਿੰਘ, ਮਨਪ੍ਰੀਤ ਸਿੰਘ, ਬਲਜੀਤ ਸਿੰਘ, ਕੰਵਰ ਚੰਦ ਤੇ ਬਲਬੀਰ ਸਿੰਘ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਨਜਿੱਠੀਆਂ ਤਾਂ ਸੰਘਰਸ਼ ਤੇਜ਼ ਕਰ ਦਿੱਤਾ ਜਾਵੇਗਾ ਅਤੇ ਇਸ ਤੋਂ ਇਕਲਣ ਵਾਲੇ ਨਤੀਜਿਆਂ ਲਈ ਸਿੱਧੇ ਤੌਰ ’ਤੇ ਸਰਕਾਰ ਤੇ ਸਬੰਧਤ ਵਿਭਾਗ ਹੀ ਜ਼ਿੰਮੇਵਾਰ ਹੋਣਗੇ।


Related News