'ਪਾਣੀ ਕੁਦਰਤ ਦੀ ਅਨਮੋਲ ਦੇਣ"
Monday, Apr 20, 2020 - 02:16 PM (IST)

"ਪਵਣੁ_ਗੁਰੂ_ਪਾਣੀ_ਪਿਤਾ_ਮਾਤਾ_ਧਰਤਿ_ਮਹਤੁ" ਗੁਰਬਾਣੀ ਵਿੱਚ ਦਰਜ ਉਪਰੋਕਤ ਸਤਰ ਦੀ ਮਹਾਨਤਾ ਅਤੇ ਮਹੱਤਤਾ ਨੂੰ ਜਾਨਣਾ ਅੱਜ ਬਹੁਤ ਜ਼ਰੂਰੀ ਹੈ। ਇਸ ਵਿੱਚ ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ। ਜਿਸ ਦੇ ਕਰਕੇ ਹੀ ਧਰਤੀ 'ਤੇ ਜੀਵਨ ਪਾਇਆ ਜਾਂਦਾ ਹੈ। ਪਾਣੀ ਦੀ ਅਣਹੋਂਦ ਕਰਕੇ ਹੋਰ ਗ੍ਰਹਿਆਂ ਤੇ ਜੀਵਨ ਨਹੀਂ ਲਭਿਆ ਜਾ ਸਕਿਆ। ਪਾਣੀ ਸਾਡੇ ਜੀਵਨ ਦੀਆਂ ਮੁਢਲੀਆਂ ਜ਼ਰੂਰਤਾਂ ਵਿਚੋਂ ਇਕ ਅਤਿ ਜ਼ਰੂਰੀ ਤਰਲ ਪਦਾਰਥ ਹੈ। ਜਿਸ ਤੋਂ ਬਿਨਾਂ ਕੋਈ ਵੀ ਪ੍ਰਾਣੀ ਜੀਵਿਤ ਨਹੀਂ ਰਹਿ ਸਕਦਾ। ਪਾਣੀ ਪੀਣ ਤੋਂ ਬਿਨਾ ਹੋਰ ਅਨੇਕਾਂ ਹੀ ਰੋਜ਼-ਮਰਾ ਦੇ ਕੰਮਾਂ ਲਈ ਵਰਤਿਆ ਜਾਂਦਾ ਹੈ। ਹੁਣ ਦੇਸ਼ ਭਰ ਵਿਚ ਜਿਉਂ-ਜਿਉਂ ਪਾਣੀ ਦੀ ਕਮੀ ਜੋਰ ਫੜ੍ਹਦੀ ਜਾ ਰਹੀ ਹੈ, ਤਿਉਂ-ਤਿਉਂ ਪਾਣੀ ਦੇ ਸੰਕਟ ਉਪਰ ਵੀ ਵਿਚਾਰਾਂ ਹੋਣ ਲਗ ਪਈਆਂ ਹਨ । ਖ਼ਾਸ ਕਰਕੇ ਵੱਡੇ-ਵੱਡੇ ਸ਼ਹਿਰਾਂ ਵਿਚ ਪਾਣੀ ਦੀ ਸਮਸਿਆ ਪੈਦਾ ਹੋਣ ਲਗੀ ਹੈ, ਜਿਸ ਸਬੰਧੀ ਆਏ ਦਿਨ ਅਖਬਾਰਾਂ ਵਿਚ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਰਹਿੰਦੀਆਂ ਹਨ।
ਜੇਕਰ ਅਸੀਂ ਪਾਣੀ ਦੀ ਇਵੇਂ ਹੀ ਦੁਰਵਰਤੋਂ ਕਰਦੇ ਰਹੇ ਅਤੇ ਪਾਣੀ ਦੀ ਸਹੀਂ ਸੰਭਾਲ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਵਿਚ ਪੀਣ ਵਾਲੇ ਪਾਣੀ ਦਾ ਗਭੀਰ ਸੰਕਟ ਪੈਦਾ ਹੋ ਸਕਦਾ ਹੈ। ਸਾਡਾ ਦੇਸ਼ ਤੇਜ਼ੀ ਨਾਲ ਪਾਣੀ ਦੇ ਇਕ ਵੱਡੇ ਸੰਕਟ ਵਲ ਵਧ ਰਿਹਾ ਹੈ। ਵਿਗਿਆਨੀਆਂ ਵਲੋਂ ਰਿਪੋਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਕਿ ਪੰਜਾਬ ਸਮੇਤ ਉਤਰੀ ਭਾਰਤ ਵਿਚ ਜ਼ਮੀਨ ਹੇਠਾਂ ਪਾਣੀ ਬੇਹੱਦ ਘਟ ਚੁਕਾ ਹੈ। ਬੇਸ਼ੱਕ ਮਨੁੱਖ ਬਾਕੀ ਪ੍ਰਾਣੀਆਂ ਦੇ ਮੁਕਾਬਲੇ ਬਿਹਤਰ ਦਿਮਾਗ ਰੱਖਦਾ ਹੈ ਅਤੇ ਆਪਣੇ ਭਵਿੱਖ ਬਾਰੇ ਸੋਚ ਸਕਦਾ ਹੈ ਪਰ ਜਾਪਦਾ ਹੈ ਕਿ ਭ੍ਰਿਸ਼ਟ ਪੂੰਜੀਵਾਦੀ ਮਾਡਲ ਨੇ ਸਾਡੀ ਸੋਚ ਹੀ ਮਾਰ ਦਿੱਤੀ ਹੈ। ਅਸੀਂ ਆਪਣੇ ਆਲੇ- ਦੁਆਲੇ ਵਜਦੀਆਂ ਖ਼ਤਰੇ ਦੀਆਂ ਘੰਟੀਆਂ ਹਾਲੇ ਵੀ ਨਹੀਂ ਸੁਣ ਰਹੇ।
ਪੰਜਾਂ ਪਾਣੀਆਂ ਦੀ ਧਰਤੀ ਵਜੋਂ ਜਾਣੇ ਜਾਂਦੇ ਸੂਬੇ ਪੰਜਾਬ 'ਚ ਕੁਦਰਤੀ ਪਾਣੀ ਦੇ ਡਿੱਗਦੇ ਪੱਧਰ ਨੂੰ ਵੇਖਦਿਆਂ ਕੇਂਦਰੀ ਭੂ-ਜਲ ਬੋਰਡ ਵੱਲੋਂ ਸੂਬੇ ਦੇ 146 ਬਲਾਕਾਂ 'ਚੋਂ 115 ਨੂੰ ਕਾਲੇ ਖੇਤਰ ਵਾਲੇ ਜ਼ੋਨ ਐਲਾਨਿਆ ਗਿਆ ਹੈ | ਮੋਗੇ ਜਿਲ੍ਹੇ ਦਾ ਬਲਾਕ 'ਨਿਹਾਲ ਸਿੰਘ ਵਾਲਾ', ਡਾਰਕ ਜੋਨ ਵਾਲੇ ਬਲਾਕਾਂ ਵਿਚੋਂ ਪਹਿਲਾ ਬਲਾਕ ਹੈ। ਧਰਤੀ ਹੇਠਲੇ ਜਲ-ਭੰਡਾਰਾਂ ਵਿਚ ਪਾਣੀ ਲਗਾਤਾਰ ਘਟ ਰਿਹਾ ਹੈ ਕਿਉਂਕਿ ਇਕ ਪਾਸੇ ਧਰਤੀ ਵਿਚੋਂ ਬੇਹਤਾਸ਼ਾਂ ਪਾਣੀ ਕਢਿਆ ਜਾ ਰਿਹਾ ਹੈ। ਦੂਜੇ ਪਾਸੇ ਦਰਖਤਾਂ ਦੀ ਅਨ੍ਹੇਵਾਹ ਕਟਾਈ ਅਤੇ ਜੰਗਲਾਂ ਹੇਠ ਰਕਬਾ ਦਿਨੋ-ਦਿਨ ਘਟ ਰਿਹਾ ਹੈ, ਜਿਸ ਕਾਰਨ ਮੀਂਹ ਪੈਣੇ ਬਹੁਤ ਘਟ ਗਏ ਹਨ। ਮੀਂਹ ਘਟਣ ਕਰਕੇ ਖੇਤੀ ਵੀ ਜਿਆਦਾਤਰ ਧਰਤੀ ਹੇਠਲੇ ਪਾਣੀ ਨਾਲ ਹੀ ਕੀਤੀ ਜਾਣ ਲਗੀ ਹੈ। ਪੰਜਾਬ ਵਿੱਚ ਇਸ ਸਮੇਂ ਪਾਣੀ ਦੀ ਪ੍ਰਾਪਤੀ ਲਈ ਬੋਰ ਕਿਤੇ 400 ਫੁੱਟ ਤੇ ਕਿਤੇ 600 ਫੁੱਟ ਤੱਕ ਵੀ ਹੋ ਰਹੇ ਹਨ। ਜਦਕਿ ਪਾਣੀ ਦਿਨੋ-ਦਿਨ ਥੱਲੇ ਹੀ ਜਾ ਰਿਹਾ ਹੈ। ਪੰਜਾਬ ਦੀ ਖੁਸ਼ਹਾਲੀ ਸਿਰਫ ਤੇ ਸਿਰਫ ਪਾਣੀ 'ਤੇ ਹੀ ਨਿਰਭਰ ਕਰਦੀ ਹੈ, ਜੇਕਰ ਇਹ ਦਾਤ ਵੀ ਪੰਜਾਬ ਤੋਂ ਖੋਹ ਲਈ ਜਾਵੇ ਤਾ ਪੰਜਾਬ ਨੂੰ ਬਰਬਾਦ ਹੋਣ ਤੋਂ ਕੋਈ ਨਹੀਂ ਬਚਾ ਪਾਏਗਾ।
ਕਈ ਥਾਵਾਂ ਉੱਤੇ ਕਾਰਖਾਨਿਆਂ ਵਾਲੇ ਜਮੀਨ ਵਿੱਚ ਟੋਏ ਪੁੱਟ ਕੇ ਗੰਦੇ ਪਾਣੀ ਨੂੰ ਜਮੀਨੀ ਪਾਣੀ ਵਿੱਚ ਮਿਲਾ ਰਹੇ ਹਨ, ਜਿਸ ਨਾਲ ਜਮੀਨ ਹੇਠਲਾ ਪਾਣੀ ਵੀ ਤੇਜੀ ਨਾਲ ਜ਼ਹਿਰੀਲਾ ਹੋ ਰਿਹਾ ਹੈ। ਨਹਿਰਾਂ, ਸੂਇਆਂ ਵਿੱਚ ਵੀ ਤੇਜ਼ਾਬੀ ਪਾਣੀ ਵਗਦਾ ਰਹਿੰਦਾ ਹੈ। ਇਸ ਤੋਂ ਇਲਾਵਾ ਖੇਤੀ ਲਈ ਵਰਤੇ ਜਾ ਰਹੇ ਜਹਿਰ ਵੀ ਪਾਣੀ ਦੇ ਸੋਮਿਆਂ ਨੂੰ ਜ਼ਹਿਰੀਲਾ ਕਰ ਰਹੇ ਹਨ। ਇਕ ਅੰਦਾਜ਼ੇ ਮੁਤਾਬਕ ਵਧੇਰੇ ਲੋਕ ਪੀਣ ਲਈ ਸੀਵਰੇਜ ਨਾਲ ਪ੍ਰਦੂਸ਼ਿਤ ਪਾਣੀ ਦੀ ਵਰਤੋਂ ਕਰ ਰਹੇ ਹਨ, ਜਿਸ ਨਾਲ ਹੈਜ਼ਾ, ਟਾਈਫਡ, ਪੇਚਸ ਆਦਿ ਬਿਮਾਰੀਆਂ ਕਾਰਨ ਹਰ ਸਾਲ ਮੌਤਾਂ ਦੀ ਗਿਣਤੀ ਵੱਧ ਰਹੀ ਹੈ | ਵਿਸ਼ਵ ਪੱਧਰ 'ਤੇ ਤਕਰੀਬਨ 40000-60000 ਵਰਗ ਕਿੱਲੋਮੀਟਰ ਰਕਬੇ ਵਿੱਚ ਪ੍ਰਦੂਸ਼ਤ ਪਾਣੀ ਸਿੰਚਾਈ ਲਈ ਵਰਤਿਆ ਜਾਂਦਾ ਹੈ, ਜੋ ਕਿਸਾਨਾਂ ਤੇ ਖਪਤਕਾਰਾਂ ਦੀ ਸਿਹਤ ਲਈ ਖਤਰਨਾਕ ਹੈ। ਜਦਕਿ ਦੁਜੇ ਪਾਸੇ ਅੱਜ ਅਜਿਹੀ ਤਕਨੀਕ ਵੀ ਮੌਜੂਦ ਹੈ ਕਿ ਪ੍ਰਦੂਸ਼ਿਤ-ਵਿਅਰਥ ਪਾਣੀ ਨੂੰ ਸੋਧ ਕੇ ਖੇਤੀ ਲਈ ਵਰਤਿਆ ਜਾ ਸਕਦਾ ਹੈ।
ਵਿਸ਼ਵ ਵਿੱਚ ਪਾਣੀ ਦੀ ਕੀ ਮਹੱਤਤਾ ਹੈ ਇਸਦਾ ਅੰਦਾਜ਼ਾ ਅੰਤਰਰਾਸ਼ਟਰੀ ਪਾਣੀ ਪ੍ਰਬੰਧ ਸੰਸਥਾ ਦੀ ਰਿਪੋਰਟ ਤੋਂ ਲਗਾਇਆ ਜਾ ਸਕਦਾ ਹੈ ਕਿ 'ਅਗਲੇ 25 ਸਾਲਾਂ ਵਿੱਚ ਇਹ ਸਥਿਤੀ ਇੰਨੀ ਗੰਭੀਰ ਹੋ ਜਾਵੇਗੀ ਕਿ ਵਿਸ਼ਵ ਦੀ 1/3 ਜਨਸੰਖਿਆ ਨੂੰ ਪੀਣ ਲਈ ਪਾਣੀ ਹੀ ਨਹੀਂ ਮਿਲ ਸਕੇਗਾ।'' ਜ਼ਮੀਨੀ ਪਾਣੀ ਧਰਤੀ ਹੇਠਲੀਆਂ ਤਿੰਨ ਪਰਤਾਂ ਵਿੱਚ ਹੈ। ਪਹਿਲੀ ਪਰਤ 10 ਤੋਂ 20 ਫੁੱਟ ਤੱਕ ਹੈ। ਇਸ ਵਿਚਲਾ ਪਾਣੀ ਕਈ ਦਹਾਕੇ ਪਹਿਲਾਂ ਖਤਮ ਹੋ ਚੁੱਕਾ ਹੈ। ਦੂਜੀ ਪਰਤ ਲੱਗਭੱਗ 100 ਤੋਂ 200 ਫੁੱਟ ਉੱਤੇ ਹੈ, ਇਹ ਵੀ ਕੁੱਝ ਸਾਲ ਪਹਿਲਾਂ ਸੁੱਕ ਗਈ ਸੀ। ਹੁਣ ਪੰਜਾਬ ਤੀਜੀ ਪਰਤ, ਜੋ ਕਿ 350 ਫੁੱਟ ਤੋਂ ਵੱਧ ਡੂੰਘੀ ਹੈ, ਨੂੰ ਵਰਤ ਰਿਹਾ ਹੈ ਜੋ ਕਿ ਅਗਲੇ ਦਹਾਕੇ ਤੱਕ ਖਾਲ਼ੀ ਹੋ ਜਾਵੇਗੀ। ਇਸ ਪਰਤ ਵਿਚਲੇ ਪਾਣੀ ਦੇ ਖਤਮ ਹੋਣ ਨਾਲ ਪੰਜਾਬ ਦੇ ਪਾਣੀ ਦੀਆਂ ਆਖਰੀ ਘੁੱਟਾਂ ਵੀ ਖਤਮ ਹੋ ਜਾਣਗੀਆਂ। ਕਰੋੜਾਂ ਤੋਂ ਲੱਖਾਂ ਦੀ ਹੋਈ ਜ਼ਮੀਨ ਆਉਣ ਵਾਲੇ ਸਮੇਂ ਵਿੱਚ ਹਜ਼ਾਰਾਂ ਦੀ ਵੀ ਨਹੀਂ ਰਹੇਗੀ। ਸਾਇੰਸ ਅਨੁਸਾਰ ਤਿੰਨਾਂ ਪਰਤਾਂ ਵਿੱਚੋ ਕੇਵਲ ਉਪਰਲੀ ਪਰਤ ਹੀ ਮੀਂਹ ਅਤੇ ਦਰਿਆਈ ਪਾਣੀ ਨਾਲ ਕੁੱਝ ਕੁੱਝ ਭਰ ਸਕਦੀ ਹੈ। ਜੇ ਪਾਣੀ ਭਰ ਵੀ ਜਾਵੇ ਤਾਂ ਵੀ ਇਹ ਪਾਣੀ ਕਈ ਦਹਾਕਿਆਂ ਤੱਕ ਪੀਣ ਯੋਗ ਨਹੀਂ ਹੋਵੇਗਾ।
ਪਾਣੀ ਦੇ ਸੰਕਟ ਨੂੰ ਲੈਕੇ ਦੁਨੀਆ ਭਰ ਦੇ ਵਿਗਿਆਨੀ ਕਈ ਦਹਾਕਿਆਂ ਤੋਂ ਚੇਤਾਵਨੀਆਂ ਦੇ ਰਹੇ ਹਨ ਕਿ ਖੇਤੀ ਅਤੇ ਉਦਯੋਗ ਦਰਿਆਈ ਪਾਣੀਆਂ ਨਾਲ ਕੀਤਾ ਜਾਵੇ ਕਿਉਂਕਿ ਧਰਤੀ ਹੇਠਲਾ ਪਾਣੀ ਮਨੁੱਖੀ ਜੀਵਨ ਲਈ ਅਤਿ ਜ਼ਰੂਰੀ ਹੈ। ਦਰਿਆਈ ਪਾਣੀ ਵਿੱਚ ਸੌ ਤੋਂ ਵੱਧ ਤਰਾਂ ਦੇ ਵੱਖ ਵੱਖ mineral ਅਤੇ sediment ਹੁੰਦੇ ਹਨ, ਜੋ ਕਿ ਕੁਦਰਤੀ ਤੌਰ ਉੱਤੇ ਵਧੀਆ ਫਸਲਾਂ ਲਈ ਧਰਤੀ ਨੂੰ ਉਪਜਾਊ ਬਣਾ ਕੇ ਰੱਖਦੇ ਹਨ। ਪਰ ਪੰਜਾਬ ਦੇ ਦਰਿਆਵਾਂ ਦਾ ਕੀਮਤੀ ਪਾਣੀ ਹਰ ਸਾਲ ਅਜਾਈਂ ਵਹਿ ਜਾਂਦਾ ਹੈ। ਜਿਸ ਕਾਰਨ ਕਿਸਾਨ ਧਰਤੀ ਹੇਠਲਾ ਪਾਣੀ ਵਰਤਣ ਲਈ ਮਜਬੂਰ ਹਨ। ਪੰਜਾਬ ਦੇ 13 ਲੱਖ ਟਿਊਬਵੈਲ ਪੰਜਾਬ ਨੂੰ ਲਗਾਤਾਰ ਖ਼ਾਤਮੇ ਵੱਲ ਲਿਜਾ ਰਹੇ ਹਨ। ਪੰਜਾਬ ਕੇਵਲ ਰੇਗਿਸਤਾਨ ਹੀ ਨਹੀਂ ਬਲਕਿ ਜ਼ਹਿਰੀਲਾ ਰੇਗਿਸਤਾਨ ਬਣਨ ਵੱਲ ਵਧ ਰਿਹਾ। ਅਜਿਹੇ ਹਾਲਾਤਾਂ ਵਿੱਚ ਕਿਸਾਨਾਂ ਨੂੰ 'ਝੋਨਾ ਲਾਉਣ' ਵਰਗੇ ਦੋਸ਼ ਲਾ ਕੇ ਅਸਲੀ ਦੋਸ਼ੀਆਂ ਨੂੰ ਬਰੀ ਨਹੀਂ ਕੀਤਾ ਜਾ ਸਕਦਾ।
ਪੰਜਾਬ, ਹਰਿਆਣਾ, ਦਿਲੀ, ਰਾਜਸਥਾਨ ਆਦਿ ਭਾਰਤ ਦੇ ਰਾਜਾ ਵਿਚ ਪਾਣੀ ਨੂੰ ਲੈ ਕੇ ਅਕਸਰ ਰਾਜਨੀਤਕ ਜੰਗ ਚਲਦੀ ਰਹਿੰਦੀ ਹੈ। ਜੋ ਆਉਣ ਵਾਲੇ ਸਮੇਂ ਵਿੱਚ ਗੰਭੀਰ ਰੂਪ ਧਾਰਨ ਕਰ ਸਕਦੀ ਹੈ। ਯੂ. ਐਨ. ਓ. ਦੀ ਇਕ ਰਿਪੋਰਟ ਵਿੱਚ ਇਹ ਪ੍ਰਗਟਾਵਾ ਹੋਇਆ ਹੈ ਕਿ ਜੇ ਸੰਸਾਰ ਦੀ 'ਤੀਜੀ ਵਿਸ਼ਵ ਜੰਗ' ਹੋਈ ਤਾਂ ਉਹ 'ਪਾਣੀਆਂ' ਦੇ ਮਸਲੇ 'ਤੇ ਹੀ ਹੋਵੇਗੀ। ਪਾਣੀ ਤੋਂ ਬਿਨਾਂ ਜੀਵਨ ਅਸੰਭਵ ਹੈ। ਪਾਣੀ ਕੁਦਰਤ ਦੀ ਅਨਮੋਲ ਦੇਣ ਹੈ ਅਤੇ ਇਸਦੀ ਸੰਭਾਲ ਆਪਣੀ ਅਣਸਰਦੀ ਲੋੜ ਹੈ। ਲੋਕਾਂ ‘ਤੇ ਰਾਜ ਕਰਦੀਆਂ ਸਰਕਾਰਾਂ ਆਪਣੇ ਰਾਜਸੀ ਫਾਇਦਿਆਂ ਖ਼ਾਤਰ ਪਾਣੀ ਦੀ ਸੰਭਾਲ ਪ੍ਰਤੀ ਕੋਈ ਠੋਸ ਉਪਰਾਲੇ ਨਹੀਂ ਕਰ ਰਹੀਆਂ। ਸਿੱਟੇ ਵਜੋਂ ਵੱਡੇ-ਵੱਡੇ ਕਾਰਖਾਨਿਆਂ ਵਿੱਚੋਂ ਨਿਕਲਦਾ ਅੱਤ ਦਰਜੇ ਦਾ ਦੂਸ਼ਿਤ ਪਾਣੀ ਸ਼ਰੇਆਮ ਸਾਡੇ ਦਰਿਆਵਾਂ ਵਿੱਚ ਸੁੱਟ ਕੇ ਜੀਵਨ ਨੂੰ ਮੌਤ ਦੇ ਰਾਹ ਤੋਰਿਆ ਜਾ ਰਿਹਾ ਹੈ।
ਕੁਦਰਤ ਨਾਲ ਕੀਤੀ ਜਾਂਦੀ ਛੇੜਛਾੜ ਬਹੁਤ ਹਾਨੀਕਾਰਕ ਹੁੰਦੀ ਹੈ। ਮਨੁੱਖ ਦੁਆਰਾ ਕੁਦਰਤੀ ਸੰਤੁਲਨ ਵਿੱਚ ਵਿਗਾੜ, ਪਾਣੀ ਕੱਢਣ ‘ਤੇ ਜ਼ੋਰ, ਧਰਤੀ ਨੂੰ ਮੁੜ ਸਿੰਜਣ (Recharge) ਵੱਲ ਬੇਧਿਆਨੀ, ਕੁਦਰਤ ਉੱਤੇ ਹਮਲਾ ਹੈ। ਜਦੋਂ ਮਨੁੱਖ ਕੁਦਰਤ ਉੱਤੇ ਹਮਲਾ ਕਰਦਾ ਹੈ, ਕੁਦਰਤ ਮੋੜਵਾਂ ਹਮਲਾ ਕਰਦੀ ਹੈ। ਮਨੁੱਖ ਤੋਂ ਬਦਲਾ ਲੈਂਦੀ ਹੈ ਅਤੇ ਮੁੜ ਆਪਣਾ ਸੰਤੁਲਨ ਸਥਾਪਤ ਕਰਦੀ ਹੈ। ਹੁਣ ਸੰਸਾਰ ਪੱਧਰ 'ਤੇ ਫੈਲੀ ਮਹਾਂਮਾਰੀ "ਕੋਰੋਨਾ ਵਾਇਰਸ" ( Covid-19) ਇਸੇ ਦਾ ਸਿੱਟਾ ਹੈ। ਮਨੁੱਖ ਬੇਸ਼ੱਕ ਚੰਦ ਤੱਕ ਪਹੁੰਚ ਗਿਆ ਹੈ ਪਰ ਫਿਰ ਵੀ ਕੁਦਰਤ ਤੋਂ ਬਲਵਾਨ ਨਹੀਂ ਹੋ ਸਕਦਾ। ਇਸ ਮਹਾਂਮਾਰੀ ਦੌਰਾਨ ਜਦੋਂ ਸਭ ਕੁੱਝ ਥਮ ਗਿਆ ਹੈ ਤੇ ਮਨੁੱਖ ਘਰਾਂ ਵਿੱਚ ਕੈਦ ਹੋ ਕੇ ਰਹਿ ਗਿਆ ਹੈ ਤਾਂ ਕੁਦਰਤ ਆਪਣੇ ਅਸਲ ਰੰਗ ਵਿੱਚ ਰੰਗੀ ਦਿਖਾਈ ਦੇਣ ਲੱਗੀ ਹੈ। ਵਾਤਾਵਰਨ ਸਾਫ ਹੋਣ ਦੇ ਨਾਲ-ਨਾਲ, ਨਦੀਆਂ, ਨਾਲਿਆਂ ਦੇ ਪਾਣੀ ਦਾ ਰੰਗ ਵੀ ਬਦਲ ਗਿਆ ਹੈ। ਇਹ ਸੱਚ ਹੈ ਕਿ ਕੁਦਰਤ, ਸੰਤੁਲਨ ਦਾ ਨਾਮ ਹੈ। ਜੇ ਇਸ ਭੇਦ ਨੂੰ ਮਨੁੱਖ ਨਹੀਂ ਸਮਝਦਾ ਤਾਂ ਕੁਦਰਤ ਆਪ ਸੰਤੁਲਨ ਬਣਾਉਣ ਲਈ ਹਿਲਜੁਲ ਕਰਦੀ ਹੈ, ਜਿਸ ਦਾ ਹਰਜਾਨਾ ਅਖੀਰ ਮਨੁੱਖ ਨੂੰ ਹੀ ਭਰਨਾ ਪੈਂਦਾ ਹੈ। ਡਾਕਟਰਾਂ ਨੇ ਇਸ ਮਹਾਮਾਰੀ ਤੋਂ ਬੱਚਣ ਲਈ ਹੋਰ ਸਾਵਧਾਨੀਆਂ ਦੇ ਨਾਲ-ਨਾਲ ਹੱਥ ਵੀ ਵਾਰ ਵਾਰ ਧੋਣ ਨੂੰ ਕਿਹਾ ਹੈ। ਜਿਨ੍ਹਾਂ ਕੋਲ ਪੀਣ ਲਈ ਪਾਣੀ ਨਹੀਂ,ਉਹ ਹੱਥ ਕਿਥੋਂ ਧੋ ਸਕਦੇ। ਜਿਨ੍ਹਾਂ ਕੋਲ ਹੈ ਉਥੇ ਪਾਣੀ ਦੀ ਖਪਤ ਵੱਧੀ ਹੈ। ਇਸ ਮਹਾਮਾਰੀ ਰਾਹੀਂ ਸ਼ਾਇਦ ਕੁਦਰਤ ਮਨੁੱਖ ਨੂੰ ਉਸ ਦੀਆਂ ਗਲਤੀਆਂ ਦਾ ਅਹਿਸਾਸ ਕਰਾਉਣ ਦੇ ਨਾਲ-ਨਾਲ, ਉਸਨੂੰ ਜੀਵਨ ਲਈ ਪਾਣੀ ਦੀ ਕੀਮਤ ਦੱਸ ਰਹੀ ਹੈ।
ਆਪਾਂ ਜਾਣਦੇ ਹਾਂ ਕਿ ਦੁਨੀਆਂ ਵਿਚ ਕਈ ਸਭਿਅਤਾਵਾਂ ਦਾ ਖਾਤਮਾਂ ਪਾਣੀ ਦੇ ਸੰਕਟ ਕਾਰਨ ਹੀ ਹੋਇਆ ਹੈ। ਅੱਜ ਵੀ ਸਾਡੇ ਸਾਹਮਣੇ 'ਅਰਾਲ ਸਾਗਰ' ਦੇ ਸੁੱਕਣ ਦੀ ਉਦਾਹਰਣ ਮੌਜੂਦ ਹੈ। ਅਰਾਲ ਸਾਗਰ ਦੁਨੀਆ ਦਾ ਚੋਥਾ ਸਭ ਤੋ ਵੱਡਾ ਸਾਗਰ ਹੈ, ਜੋ 68000 ਵਰਗ ਕਿਲੋਮੀਟਰ( ਅਜੋਕੇ ਪੰਜਾਬ ਤੋ 18,000 ਵਰਗ ਕਿਲੋਮੀਟਰ ਜਿਆਦਾ) ਏਰੀਏ ਵਿੱਚ ਉਜਬੇਕਿਸਤਾਨ -ਕਜਾਕਿਸਤਾਨ ਦੇ ਵਿਚਕਾਰ ਫੈਲਿਆ ਹੋਇਆ ਸੀ, ਅੱਜ ਬਿਲਕੁਲ ਸੁੱਕ ਚੱਲਿਆ ਹੈ। ਇੱਕ ਰਿਪੋਰਟ ਮੁਤਾਬਕ 2020 ਤੱਕ ਇਹ ਸਾਗਰ ਬਿਲਕੁਲ ਸੁੱਕ ਜਾਵੇਗਾ। ਇਸ ਸਾਗਰ ਦੇ ਸੁੰਘੜਨ ਦੀ ਦਾਸਤਨ 1960 ਦੇ ਦਹਾਕੇ ਵਿੱਚ ਸੁਰੂ ਹੋਈ। ਜਦੋ ਸੋਵੀਅਤ ਸੰਘ ਵਲੋਂ ਖੇਤੀ ਤੇ ਸਿੰਜਾਈ ਲਈ ਜਲ ਯੋਜਨਾ ਤਹਿਤ ਅਮੂ ਦਰਿਆ ਦਾ ਪਾਣੀ ਕੈਸਪੀਅਨ ਸਾਗਰ ਵੱਲ ਮੋੜ ਦਿਤਾ ਗਿਆ। ਇੱਥੇ ਹੀ ਬਸ ਨਹੀ ਝੋਨੇ , ਕਪਾਹ ਦੀ ਪੈਦਾਵਾਰ ਹੋਰ ਵਧਾਉਣ ਲਈ ਅਰਾਲ ਸਾਗਰ ਦਾ ਪਾਣੀ ਵਰਤਣਾ ਸੁਰੂ ਕਰ ਦਿੱਤਾ ਗਿਆ। ਸਿੱਟੇ ਵਜੋ ਇਹ ਸਾਗਰ ਸੁੰਘੜਦਾ ਚਲਾ ਗਿਆ। ਜਦੋ ਸਥਾਨਕ ਸਰਕਾਰਾ ਨੂੰ ਆਪਣੀ ਗਲਤੀ ਦਾ ਇਹਸਾਸ ਹੋਇਆ ਤਾਂ ਉਨਾ ਇਸ ਸਾਗਰ ਨੂੰ ਬਚਾਉਣ ਲਈ ਕਈ ਯੋਜਨਾਵਾ ਬਣਾਈਆ ਪਰ ਉਦੋ ਤੱਕ ਬਹੁਤ ਦੇਰ ਹੋ ਚੁੱਕੀ ਸੀ। ਤਮਾਮ ਕੋਸ਼ਿਸਾ ਦੇ ਬਾਵਯੂਦ ਵੀ ਸਥਿਤੀ ਤੇ ਕਾਬੂ ਨਹੀ ਪਾਇਆ ਜਾ ਸਕਿਆ। ਸਦੀਆ ਤੋ ਆਪਣੀ ਹੋਂਦ ਕਾਇਮ ਰੱਖਣ ਵਾਲਾ ਇੱਕ ਸਾਗਰ ਕੁਝ ਦਹਾਕਿਆ ਵਿੱਚ ਹੀ ਦਮ ਤੋੜ ਗਿਆ। 60,000 ਤੋ ਵੱਧ ਅਰਾਲ ਸਾਗਰ ਦੇ ਕੰਡਿਆ ਤੇ ਵਸੇ ਵਸਿੰਦੇ ਇੱਥੋ ਪਰਵਾਸ ਕਰਨ ਲਈ ਮਜਬੂਰ ਹੋ ਰਹੇ ਹਨ। ਕੁਝ ਇਸ ਤਰਾ ਦੀ ਹੀ ਤਰਾਸਦੀ ਚੋ ਗੁਜਰ ਰਿਹਾ ਹੈ ਪੰਜਾਬ। ਇਸ ਲਈ ਧਰਤੀ ਵਿਚਲੇ ਪਾਣੀ ਦਾ ਤੁਬਕਾ ਤੁਬਕਾ ਮਨੁੱਖੀ ਜੀਵਨ ਲਈ ਬੇਹੱਦ ਕੀਮਤੀ ਅਤੇ ਕੁਦਰਤ ਦਾ ਅਨਮੋਲ ਤੋਹਫ਼ਾ ਹੈ।
ਪੰਜਾਬ ਦਰਿਆਵਾਂ ਦੀ ਧਰਤੀ ਹੈ ਇੱਥੇ ਕਦੇ ਸੇਮ ਸੀ, ਜਿਸ ਕਾਰਨ ਉਦੋਂ ਸੇਮ ਨਾਲੇ ਕੱਢੇ ਗਏ। ਹੁਣ ਦਰਿਆਵਾਂ ਵਿੱਚ ਵੀ ਪਾਣੀ ਘੱਟ ਹੈ ਅਤੇ ਸੇਮ ਨਾਲੇ ਵੀ ਸੁੱਕੇ ਪਏ ਹਨ। ਜਦਕਿ 240 ਕਿਲੋਮੀਟਰ ਲੰਬਾ ਸਤਿਲੁਜ ਪੰਜਾਬ ਦੇ ਵਿਚਕਾਰੋਂ ਲੰਘਦਾ ਹੈ। ਜੋ ਕੇਵਲ ਬਾਰਸ਼ਾਂ ਵੇਲੇ ਹੀ ਪੰਦਰਾਂ ਦਿਨ ਤੇਜ਼ ਵਗਦਾ ਹੈ, ਮੁੜ ਸਾਰਾ ਸਾਲ ਸੁੱਕਾ ਰਹਿੰਦਾ ਹੈ। ਪਰ ਬਾਰਸ਼ਾਂ ਦੌਰਾਨ ਇਹ ਹੜਾਂ ਦਾ ਕਾਰਨ ਵੀ ਬਣ ਜਾਂਦਾ ਹੈ ਤੇ ਆਲੇ-ਦੁਆਲੇ ਵੱਡਾ ਨੁਕਸਾਨ ਕਰਦਾ ਹੈ। ਜੇ ਸਰਕਾਰ ਪਾਣੀ ਸੰਕਟ ਨੂੰ ਵੇਖਦਿਆਂ ਯਤਨ ਕਰੇ ਤਾਂ ਇਸਨੂੰ ਚੌੜਾ ਕਰਕੇ 'ਪਾਣੀ ਭੰਡਾਰ' (Water bank) ਬਣਾਇਆ ਜਾ ਸਕਦਾ ਹੈ। ਇਸ ਦੀ 15-20 ਫ਼ੁੱਟ ਪੁਟਾਈ ਕੀਤੀ ਜਾਵੇ ਅਤੇ ਹਰ ਕਿੱਲੋਮੀਟਰ ‘ਤੇ ਪਾਣੀ ਰੋਕਣ ਲਈ ਗੇਟ ਬਣਾਏ ਜਾਣ। ਇਸ ਤਰ੍ਹਾਂ ਕਰਨ ਨਾਲ ਬਾਰਸ਼ਾਂ ਦਾ ਪਾਣੀ ਸੰਭਾਲਿਆ ਜਾ ਸਕਦਾ ਹੈ। ਇਹ ਪਾਣੀ ਭੰਡਾਰ ਧਰਤੀ ਨੂੰ ਮੁੜ ਸਿੰਜਣ ਦਾ ਕੰਮ ਵੀ ਕਰੇਗਾ ਅਤੇ ਸਿੰਜਾਈ ਲਈ ਵੀ ਵਰਤਿਆ ਜਾ ਸਕਦਾ ਹੈ। ਇਸਨੂੰ ਆਧੁਨਿਕ ਮੱਛੀ ਪੈਦਾ ਕਰਨ ਦੇ ਸਥਾਨ ਵਜੋਂ ਵੀ ਵਿਕਸਿਤ ਕੀਤਾ ਜਾ ਸਕਦਾ ਹੈ। ਜਿਸ ਰਾਹੀਂ ਵੀ ਪੰਜਾਬ ਵਿੱਚ ਰੁਜ਼ਗਾਰ ਦੇ ਵਸੀਲੇ ਪੈਦਾ ਕੀਤੇ ਜਾ ਸਕਦੇ ਹਨ।
ਇਸੇ ਤਰ੍ਹਾਂ ਸੇਮ ਨਾਲੇ ਜੋ ਕਦੇ ਵਾਧੂ ਪਾਣੀ ਸਮੇਂ ਵਿਕਾਸ ਦੇ ਕੰਮ ਆਏ ਸਨ, ਹੁਣ ਬਦਲੇ ਹਾਲਾਤ ਵਿੱਚ, ਸੋਕੇ ਵੇਲੇ ਡੂੰਘੇ ਕਰਕੇ ਧਰਤੀ ਨੂੰ ਮੁੜ ਸਿੰਜਣ ਦੇ ਕੰਮ ਆ ਸਕਦੇ ਹਨ। ਇਹਨਾਂ ਵਿੱਚ ਪਾਣੀ ਖੜ੍ਹਾ ਕਰਨ ਦੀ ਵਿਉਂਤਬੰਦੀ ਕਰਨ ਦੇ ਨਾਲ, “ਛੋਟੇ ਮੱਛੀ ਘਰ” ਬਣਾਏ ਜਾਣ ਦੀ ਵਿਉਂਤਬੰਦੀ ਵੀ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਪੰਜਾਬ ਵਿੱਚ ਛੱਪੜਾਂ ਦੀ ਵੀ ਨਿਵੇਕਲੀ ਥਾਂ ਹੈ। ਇਨ੍ਹਾਂ ਨੂੰ ਸਵਾਰਨ, ਸੰਭਾਲਣ ਲਈ ਪੰਚਾਇਤਾਂ ਨਾਲ ਮਿਲ ਕੇ ਕੰਮ ਕੀਤਾ ਜਾਣਾ ਚਾਹੀਦਾ ਹੈ। ਇਹ ਪਾਣੀ ਮੁੜ ਸਿੰਜਾਈ ਲਈ ਵਰਤਿਆ ਜਾ ਸਕਦਾ ਹੈ। ਛੱਪੜ, ਸੇਮ ਨਾਲੇ ਅਤੇ ਦਰਿਆਵਾਂ ਵਿੱਚ ਸ਼ਹਿਰਾਂ, ਕਾਰਖਾਨਿਆਂ, ਫੈਕਟਰੀਆਂ ਆਦਿ ਦਾ ਗੰਦਾ ਪਾਣੀ ਪੈਣ ਤੋਂ ਫ਼ੌਰੀ ਰੋਕਿਆ ਜਾਵੇ ਅਤੇ ਇਸ ਨੂੰ ਸਖ਼ਤ ਸਜ਼ਾ ਵਾਲਾ ਅਪਰਾਧ ਬਣਾਇਆ ਜਾਵੇ। ਦਰਿਆਵਾਂ, ਨਦੀਆਂ, ਝਰਨਿਆਂ ਅਤੇ ਪਾਣੀ ਦੇ ਹੋਰ ਸਰੋਤਾਂ ਨੂੰ ਕਿਸੇ ਵੀ ਕੀਮਤ ਉੱਤੇ, ਨਿੱਜੀ ਮੁਨਾਫ਼ੇਖੋਰਾਂ ਹਵਾਲੇ ਨਾ ਕੀਤਾ ਜਾਵੇ। ਪਾਣੀ ਜੀਵਨ ਹੈ, ਪਾਣੀ ਦੀ ਸੰਭਾਲ ਸੱਭਿਆ ਮਨੁੱਖ ਦੀ ਜੁੰਮੇਵਾਰੀ ਹੈ। ਆਓ ਸੱਭਿਆ ਮਨੁੱਖ ਬਣੀਏ, ਪਾਣੀ ਦੀ ਸੰਭਾਲ ਕਰੀਏ।”
ਨਰਿੰਦਰ ਕੌਰ ਸੋਹਲ
9464113255