ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇਣ ਵਾਲੇ ਠੱਗ ’ਤੇ ਮਾਮਲਾ ਦਰਜ
Tuesday, May 13, 2025 - 02:37 PM (IST)

ਜ਼ੀਰਕਪੁਰ (ਜੁਨੇਜਾ) : ਸਰਕਾਰੀ ਨੌਕਰੀ ਦਾ ਝਾਂਸਾ ਦੇਣ ਵਾਲੇ ਠੱਗ ’ਤੇ ਜ਼ੀਰਕਪੁਰ ਪੁਲਸ ਨੇ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਪਿੰਡ ਸੋਹੀ ਕੂੜ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਉਕਤ ਠੱਗ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਪੁਲਸ ਨੂੰ ਦਿੱਤੇ ਬਿਆਨ ’ਚ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਮਕੈਨਿਕ ਦਾ ਕੰਮ ਕਰਦਾ ਹੈ। ਸਾਲ 2023 ’ਚ ਉਹ ਜੋਗਿੰਦਰ ਸਿੰਘ ਨੂੰ ਮਿਲਿਆ, ਜੋ ਕਿ ਉਸ ਦਾ ਪਹਿਲਾਂ ਤੋਂ ਹੀ ਦੋਸਤ ਸੀ।
ਉਕਤ ਮੁਲਜ਼ਮ ਨੇ ਦੱਸਿਆ ਸੀ ਕਿ ਉਹ ਚੰਡੀਗੜ੍ਹ ਦੇ ਸੈਕਟਰੀਏਟ ’ਚ ਕੰਮ ਕਰਦਾ ਹੈ ਅਤੇ ਉਸ ਨੇ ਹੂਟਰ ਵਾਲੀ ਕਾਰ ਵੀ ਰੱਖੀ ਹੋਈ ਸੀ। ਜੋਗਿੰਦਰ ਸਿੰਘ ਨੇ ਉਸ ਨੂੰ ਝਾਂਸੇ ’ਚ ਲੈ ਕੇ ਆਖਿਆ ਕਿ ਉਹ ਉਸ ਦੇ ਦੋਵੇਂ ਬੱਚਿਆਂ ਨੂੰ ਸਰਕਾਰੀ ਅਦਾਰੇ ’ਚ ਕਲਰਕ ਦੀ ਨੌਕਰੀ ਲਗਵਾ ਦੇਵੇਗਾ। ਉਸ ਨੇ ਭਰੋਸਾ ਦਿਵਾਉਣ ਵਾਸਤੇ ਆਖਿਆ ਕਿ ਪਹਿਲਾਂ ਬੱਚਿਆਂ ਦੇ ਪੇਪਰ ਹੋਣਗੇ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਜੁਆਇਨ ਕਰਵਾ ਦੇਵੇਗਾ। ਇਸ ਲਈ ਵੱਡੇ ਅਫ਼ਸਰਾਂ ਦੀ ਜੇਬ ਗਰਮ ਕਰਨੀ ਪੈਂਦੀ ਹੈ। ਉਸ ਨੇ ਇਸ ਕੰਮ ਲਈ 10 ਲੱਖ ਰੁਪਏ ਦੀ ਮੰਗ ਕੀਤੀ ਅਤੇ ਉਸ ਨੇ ਉਸ ਦੀਆਂ ਗੱਲਾਂ ’ਤੇ ਯਕੀਨ ਕਰਦਿਆਂ ਮੁਲਜ਼ਮ ਨੂੰ 9 ਲੱਖ 20 ਹਜ਼ਾਰ ਰੁਪਏ ਦੇ ਦਿੱਤੇ ਪਰ ਜਦੋਂ ਨੌਕਰੀ ਨਾ ਮਿਲਣ ਤੋਂ ਬਾਅਦ ਉਸ ਤੋਂ ਪੈਸੇ ਵਾਪਸ ਮੰਗੇ ਤਾਂ ਉਸ ਨੇ ਮਨ੍ਹਾਂ ਕਰ ਦਿੱਤਾ। ਪੀੜਤ ਨੇ ਜੋਗਿੰਦਰ ਸਿੰਘ ਉਰਫ਼ ਰਾਜੂ ਮੇਹਰਾ ਵਾਸੀ ਜ਼ੀਰਕਪੁਰ ਦੇ ਖ਼ਿਲਾਫ਼ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।