ਵਿਕਲਾਂਗਾਂ 'ਚ ਉਦਾਸੀਨਤਾ ਅਤੇ ਇਲਾਜ

2020-04-07T15:34:02.377

ਉਦਾਸੀਨਤਾ (ਡਿਪ੍ਰੈਸ਼ਨ) ਇੱਕ ਆਮ ਮਾਨਸਿਕ ਬੀਮਾਰੀ ਹੈ ਜੋ ਕਿ ਵਿਸ਼ਵ ਭਰ ਵਿੱਚ ਫੈਲੀ ਹੋਈ ਹੈ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਕਰੀਬ 264 ਮਿਲੀਅਨ ਲੋਕ ਇਸ ਤੋਂ ਪੀੜਤ ਹਨ। ਸੰਨ 2011 ਵਿੱਚ ਕੀਤੇ 17 ਦੇਸ਼ਾਂ ਦੇ ਵਿਸ਼ਵ ਮਾਨਸਿਕ ਸਿਹਤ ਸਰਵੇ ਮੁਤਾਬਕ 20 ਵਿਚੋਂ ਇੱਕ ਵਿਅਕਤੀ ਉਦਾਸੀਨਤਾ ਵਿਚੋਂ ਗੁਜ਼ਰਦਾ ਹੈ। ਕਰੀਬ 800,000 ਲੋਕ ਹਰ ਸਾਲ ਆਤਮਹੱਤਿਆ ਨਾਲ ਮਰਦੇ ਹਨ ਅਤੇ ਆਤਮਹੱਤਿਆ 15-29 ਸਾਲਾ ਵਿਅਕਤੀਆਂ ਦੀ ਮੌਤ ਦਾ ਦੂਜਾ ਵੱਡਾ ਕਾਰਣ ਹੈ। ਸਰੀਰਕ ਵਿਕਲਾਂਗਤਾ ਦਾ ਸਬੰਧ ਸਿੱਧੇ ਰੂਪ ਵਿੱਚ ਉਦਾਸੀਨਤਾ ਨਾਲ ਦੇਖਿਆ ਜਾਂਦਾ ਹੈ। ਸਰੀਰਕ ਵਿਕਲਾਂਗਤਾ ਇੱਕ ਅਜਿਹੀ ਅਵਸਥਾ ਹੈ ਜਿਸ ਵਿੱਚ ਵਿਅਕਤੀ ਰੋਜ਼ਾਨਾ ਦੀਆਂ ਸਰੀਰਕ ਕਿਰਿਆਵਾਂ ਕਰਨ ਵਿੱਚ ਅਸਮਰਥ ਮਹਿਸੂਸ ਕਰਦਾ ਹੈ। ਇਸ ਵਿੱਚ ਉਸਦੇ ਅੰਗ ਜਨਮ ਤੋਂ ਜਾਂ ਕਿਸੇ ਬੀਮਾਰੀ ਜਾਂ ਦੁਰਘਟਨਾ ਦੇ ਸ਼ਿਕਾਰ ਹੋਣ ਤੋਂ ਬਾਅਦ ਨਕਾਰਾ ਹੋ ਜਾਂਦੇ ਹਨ। 

ਸਰੀਰਕ ਵਿਕਲਾਂਗਤਾ ਵਿੱਚ ਵਿਅਕਤੀ ਚੱਲਣ, ਅੱਖਾਂ ਤੋਂ ਵੇਖਣ, ਕੰਨਾਂ ਤੋਂ ਸੁਣਨ ਆਦਿ ਤੋਂ ਅਸਮਰਥ ਮਹਿਸੂਸ ਕਰਦਾ ਹੈ।ਇਸ ਪਰਿਸਥਿਤੀ ਵਿੱਚ ਵਿਅਕਤੀ ਉਦਾਸੀਨਤਾ ਦੀ ਚਪੇਟ ਵਿੱਚ ਆ ਜਾਂਦਾ ਹੈ।

ਉਦਾਸੀਨਤਾ ਦੇ ਮੁੱਖ ਲੱਛਣ-
1. ਲਗਾਤਾਰ ਉਦਾਸ ਰਹਿਣਾ 2. ਸਵੈ-ਮਾਣ ਅਤੇ ਆਤਮ-ਵਿਸ਼ਵਾਸ ਦੀ ਕਮੀ 3. ਥਕਾਵਟ ਅਤੇ ਊਰਜਾ ਦੀ ਘਾਟ 4. ਕਿਸੇ ਕੰਮ ਵਿੱਚ ਧਿਆਨ ਕੇਂਦਰਿਤ ਕਰਨ ਵਿੱਚ ਮੁਸ਼ਕਿਲ 5. ਖਾਣ-ਪੀਣ ਦੀਆਂ ਆਦਤਾਂ ਅਤੇ ਸੌਣ ਦੇ ਘੰਟਿਆਂ ਵਿੱਚ ਬਦਲਾਅ 6. ਖੁਦ ਨੂੰ ਦੋਸ਼ੀ ਜਾਂ ਬੇਕਾਰ ਮੰਨਣਾ 7. ਆਪਣੇ ਦੋਸਤਾਂ ਜਾਂ ਪਰਿਵਾਰਕ ਮੈਂਬਰਾਂ ਤੋਂ ਖੁਦ ਨੂੰ ਦੂਰ ਰੱਖਦਿਆਂ ਆਤਮ-ਹੱਤਿਆ ਅਤੇ ਮੌਤ ਬਾਰੇ ਸੋਚਣਾ 8. ਖੁਦ ਨੂੰ ਨੁਕਸਾਨ ਪਹੁੰਚਾਉਣਾ 9. ਲਗਾਤਾਰ ਚਿੜਚਿੜਾਪਣ ਜਾਂ ਨਿਰਾਸ਼ਾਵਾਦੀ ਹੋਣਾ।

ਵਿਕਲਾਂਗ ਵਿਅਕਤੀਆਂ ਵਿੱਚ ਉਦਾਸੀਨਤਾ ਦੇ ਮੁੱਖ ਕਾਰਣ
1. ਜੀਵਨ ਦੇ ਉਦੇਸ਼ ਦਾ ਖਤਮ ਹੋਣਾ- 
ਜਦੋਂ ਵਿਅਕਤੀ ਆਪਣੀ ਸਰੀਰਕ ਕਿਰਿਆਵਾਂ ਤੋਂ ਅਸਮਰੱਥ ਹੋ ਜਾਂਦਾ ਹੈ ਤਾਂ ਉਸ ਨੂੰ ਨਿਰਾਸ਼ਾ ਘੇਰ ਲੈਂਦੀ ਹੈ ਅਤੇ ਉਹ ਆਪਣੇ ਜੀਵਨ ਦਾ ਉਦੇਸ਼ ਪੂਰਾ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਦਾ ਹੈ ਇਸ ਲਈ ਉਹ ਉਦਾਸੀਨ ਹੋ ਜਾਂਦਾ ਹੈ।

2. ਸਵੈ-ਮਾਣ ਦਾ ਘੱਟ ਜਾਣਾ- 
ਜਿੰਨਾ ਜ਼ਿਆਦਾ ਇੱਕ ਵਿਕਲਾਂਗ ਵਿਅਕਤੀ ਸਵੈ-ਮਾਣ ਦੀ ਕਮੀ ਦਾ ਸ਼ਿਕਾਰ ਹੁੰਦਾ ਹੈ ਉੰਨਾ ਜ਼ਿਆਦਾ ਉਸ ਵਿੱਚ ਉਦਾਸੀਨਤਾ ਦਾ ਪੱਧਰ ਵੱਧਦਾ ਹੈ। ਅਚਾਨਕ ਕਿਸੇ ਬੀਮਾਰੀ ਜਾਂ ਦੁਰਘਟਨਾ ਕਾਰਣ ਹੋਈ ਵਿਕਲਾਂਗਤਾ ਨੂੰ ਸਵੀਕਾਰ ਨਹੀਂ ਕਰ ਪਾਉਂਦਾ ਅਤੇ ਆਪਣੀਆਂ ਪੁਰਾਣੀਆਂ ਸਿਹਤਮੰਦ ਸਰੀਰ ਵਾਲੀਆਂ ਯਾਦਾਂ ਉਸਦੀ ਬੇਚੈਨੀ ਨੂੰ ਵਧਾਉਂਦੀਆਂ ਹਨ ਅਤੇ ਉਹ ਉਦਾਸੀਨ ਹੋ ਜਾਂਦਾ ਹੈ।

3. ਗਤੀਸ਼ੀਲਤਾ ਦੀ ਚੁਣੌਤੀ-
ਵਿਕਲਾਂਗਤਾ ਦੇ ਕਾਰਣ ਕਈ ਵਿਅਕਤੀ ਘਰ ਵਿੱਚ ਜਾਂ ਬਾਹਰ ਆਉਣ-ਜਾਣ ਵਿੱਚ ਅਸਮਰਥ ਹੋ ਜਾਂਦੇ ਹਨ। ਇਸ ਕਰਕੇ ਉਨ੍ਹਾਂ ਨੂੰ ਹਮੇਸ਼ਾ ਕਿਸੇ ਨਾ ਕਿਸੇ ਸਹਾਰੇ ਦੀ ਲੋੜ ਰਹਿੰਦੀ ਹੈ। ਉਨ੍ਹਾਂ ਨੂੰ ਰੋਜ਼ਾਨਾ ਦੀਆਂ ਕਿਰਿਅਵਾਂ ਕਰਨ ਵਿੱਚ ਸਹਾਰੇ ਦੀ ਜ਼ਰੂਰਤ ਪੈਂਦੀ ਹੈ ਜਿਸ ਨਾਲ ਉਨ੍ਹਾਂ ਵਿੱਚ ਨਿਰਾਸ਼ਾ, ਗੁੱਸਾ ਅਤੇ ਬੇਚੈਨੀ ਵੱਧਦੀ ਹੈ।

4. ਪਹੁੰਚ ਦੀ ਕਮੀ- 
ਆਮ ਤੌਰ 'ਤੇ ਹਰ ਇਮਾਰਤ ਵਿਕਲਾਂਗ ਵਿਅਕਤੀ ਦੀ ਪਹੁੰਚ ਦੇ ਮਾਪਦੰਡ ਅਨੁਸਾਰ ਨਹੀਂ ਬਣੀ ਹੁੰਦੀ। ਵਿਕਾਸਸ਼ੀਲ ਦੇਸ਼ ਵਿੱਚ ਤਾਂ ਇਹ ਸਮੱਸਿਆ ਸਭ ਤੋਂ ਜ਼ਿਆਦਾ ਹੈ। ਇਸ ਲਈ ਵਿਕਲਾਂਗ ਵਿਅਕਤੀ ਨੂੰ ਕੰਮ ਕਰਨ, ਖਰੀਦਾਰੀ ਕਰਨ ਜਾਂ ਹੋਰ ਪੇਸ਼ੇਵਰ ਗਤੀਵਿਧੀ ਲਈ ਘਰੋਂ ਬਾਹਰ ਜਾਣਾ ਪੈਂਦਾ ਹੈ ਪਰ ਉਸਦੀ ਉਸ ਥਾਂ 'ਤੇ ਪਹੁੰਚ ਚੁਣੌਤੀ ਬਣ ਜਾਂਦੀ ਹੈ ਜਿਸ ਨਾਲ ਉਹ ਨਿਰਾਸ਼ ਹੁੰਦਾ ਹੈ।

5. ਸਮਾਜਿਕ ਰੁਕਾਵਟਾਂ ਅਤੇ ਇਕੱਲਾਪਣ- 
ਹਰ ਕੋਈ ਸਮਾਜ ਵਿੱਚ ਵਿਕਲਾਂਗ ਵਿਅਕਤੀ ਦੇ ਦੁੱਖ ਦਾ ਇਹਸਾਸ ਨਹੀਂ ਕਰਦਾ। ਉਸ ਨੂੰ ਨਫਰਤ ਜਾਂ ਘਿਰਣਾ ਦੀ ਨਜ਼ਰ ਤੋਂ ਵੀ ਦੇਖਿਆ ਜਾਂਦਾ ਹੈ। ਸਮਾਜ ਦਾ ਸੰਵੇਦਨਹੀਣ ਵਤੀਰਾ ਉਸ ਵਿੱਚ ਇਕੱਲਾਪਣ ਵਧਾਉਂਦਾ ਹੈ ਅਤੇ ਉਹ ਉਦਾਸੀਨ ਹੋ ਜਾਂਦਾ ਹੈ।

6. ਰੋਜ਼ਗਾਰ ਦੀ ਚੁਣੌਤੀ- 
ਆਪਣੀ ਸਰੀਰਕ ਅਸਮਰਥਤਾ ਕਾਰਣ ਇੱਕ ਵਿਕਲਾਂਗ ਨੂੰ ਉਸ ਦੀ ਬੌਧਿਕ ਯੋਗਤਾ ਮੁਤਾਬਕ ਰੋਜ਼ਗਾਰ ਨਹੀਂ ਮਿਲਦਾ ਅਤੇ ਕਈ ਵਾਰ ਵਿੱਤੀ ਲੋੜਾਂ ਨੂੰ ਪੂਰਾ ਨਾ ਕਰਨ ਦੀ ਅਯੋਗਤਾ ਉਸ ਵਿੱਚ ਉਦਾਸੀਨਤਾ ਦਾ ਕਾਰਣ ਬਣਦੀ ਹੈ।

7. ਸਰੀਰਕ ਮੁਸ਼ਕਲਾਂ- 
ਕਈ ਵਿਕਲਾਂਗ ਲੋਕਾਂ ਨੂੰ ਸਿਹਤ ਸਬੰਧੀ ਮੁਸ਼ਕਲਾਂ ਜਿਵੇਂ ਸੁਣਨ, ਬੋਲਣ, ਸਮਝਣ, ਦੇਖਣ ਅਤੇ ਚੱਲਣ ਸਬੰਧੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰੀਰਕ ਦਰਦ ਉਸਨੂੰ ਬਹੁਤ ਤਣਾਅ ਦਿੰਦਾ ਹੈ।

PunjabKesari

ਉਦਾਸੀਣਤਾ ਦਾ ਇਲਾਜ
1. ਆਪਣੀ ਵਿਕਲਾਂਗਤਾ ਨੂੰ ਸਵੀਕਾਰ ਕਰਨਾ- 
ਆਪਣੀ ਅਸਮਰਥਤਾ ਨੂੰ ਸਵੀਕਾਰ ਕਰਨਾ ਬਹੁਤ ਔਖਾ ਹੈ ਪਰ ਜਦੋਂ ਤੱਕ ਇਸ ਸੱਚ ਦਾ ਸਾਹਮਣਾ ਨਹੀਂ ਕਰਾਂਗੇ ਉਦੋਂ ਤੱਕ ਜ਼ਿੰਦਗੀ ਵਿੱਚ ਅੱਗੇ ਨਹੀਂ ਵੱਧ ਸਕਦੇ।

2. ਆਪਣੀਆਂ ਭਾਵਨਾਵਾਂ ਨੂੰ ਨਾ ਦਬਾਓ ਅਤੇ ਨਾ ਹੀ ਅਣਦੇਖਿਆ ਕਰੋ- 
ਆਪਣੀ ਭਾਵਨਾ ਨੂੰ ਦਬਾਉਣ ਜਾਂ ਅਣਦੇਖਿਆ ਕਰਨ ਨਾਲ ਤਣਾਅ ਵੱਧਦਾ ਹੈ ਜੋ ਕਿ ਉਦਾਸੀਨਤਾ ਵਿੱਚ ਬਦਲ ਜਾਂਦਾ ਹੈ। ਇਸ ਲਈ ਜਦੋਂ ਵੀ ਦੁੱਖ ਹੋਵੇ ਦਿਲ ਖੋਲ੍ਹ ਕੇ ਰੋਣਾ ਚਾਹੀਦਾ ਹੈ। ਕਦੇ ਖੁਸ਼ ਦਿਖਣ ਦਾ ਦਿਖਾਵਾ ਨਾ ਕਰੋ।

3. ਯਥਾਰਥਕ ਉਦੇਸ਼ ਨਿਸ਼ਚਿਤ ਕਰੋ- 
ਵਿਕਲਾਂਗਤਾ ਕਾਰਣ ਕਈ ਅਸਧਾਰਣ ਕਿਰਿਆਵਾਂ ਨੂੰ ਦੁਬਾਰਾ ਸਿੱਖਣਾ ਪੈਂਦਾ ਹੈ ਜੋ ਪਹਿਲਾਂ ਅਸਾਨੀ ਨਾਲ ਹੋ ਜਾਂਦੀਆਂ ਸਨ। ਪਰ ਇਸ ਤੋਂ ਨਿਰਾਸ਼ ਨਾ ਹੋਕੇ ਯਥਾਰਥ ਨੂੰ ਸਵੀਕਾਰ ਕਰਕੇ ਉਦੇਸ਼ ਨਿਸ਼ਚਿਤ ਕਰੋ।

4. ਜ਼ਿੰਦਗੀ ਵਿੱਚ ਮਹੱਤਵਪੂਰਣ ਰਿਸ਼ਤੇ ਸੰਜੋਣੇ- 
ਆਪਣੇ ਪਰਿਵਾਰ ਜਾਂ ਦੋਸਤਾਂ ਦਾ ਸਾਥ ਇੱਕ ਵਿਅਕਤੀ ਦੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਂਦਾ ਹੈ। ਇਸ ਲਈ ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਮਜਬੂਤ ਰਿਸ਼ਤਾ ਬਣਾਓ ਤਾਂ ਜੋ ਤੁਸੀਂ ਆਪਣੀਆਂ ਭਾਵਨਾਵਾਂ ਖੁੱਲ ਕੇ ਉਨ੍ਹਾਂ ਨੂੰ ਦੱਸ ਸਕੋ।

5. ਨਵੇਂ ਸ਼ੌਕ ਅਤੇ ਕਿਰਿਆਵਾਂ ਕਰਨ ਦੀ ਕੋਸ਼ਿਸ਼ ਕਰੋ- 
ਸਰੀਰਕ ਸਮਰੱਥਾ ਨੂੰ ਧਿਆਨ ਵਿੱਚ ਰੱਖਕੇ ਨਵੇਂ ਸ਼ੌਂਕ ਪੈਦਾ ਕਰੋ ਜੋ ਤੁਹਾਨੂੰ ਖੁਸ਼ੀ ਦੇ ਸਕਣ। ਨਵੇਂ ਰਚਨਾਤਮਕ ਕੰਮ ਜਿਵੇਂ ਪੇਂਟਿਂਗ ਕਰਨਾ, ਲਿਖਤਾਂ, ਸੰਗੀਤ ਦੀਆਂ ਧੁਨਾਂ ਬਣਾਉਨਾ ਆਦਿ ਤੁਹਾਨੂੰ ਸੰਤੁਸ਼ਟੀ ਵੀ ਪ੍ਰਦਾਨ ਕਰਨਗੀਆਂ।

6. ਕਸਰਤ ਕਰੋ- 
ਚਾਹੇ ਨਿਰਾਸਤਾ ਵਿੱਚ ਇਨਸਾਨ ਕਸਰਤ ਨਹੀਂ ਕਰ ਪਾਉਂਦਾ। ਪਰ ਕਸਰਤ ਕਰਨ ਨਾਲ ਸਰੀਰਕ ਰੂਪ ਵਿੱਚ ਜਿੱਥੇ ਤੰਦਰੁਸਤ ਹੋਵੋਗੇ ਉੱਥੇ ਮਾਨਸਿਕ ਤਣਾਅ ਤੋਂ ਵੀ ਛੁਟਕਾਰਾ ਮਿਲਣ ਵਿੱਚ ਮਦਦ ਮਿਲੇਗੀ।

7. ਕਾਉਂਸਲਿੰਗ ਜਾਂ ਗੱਲਬਾਤ ਥੈਰੇਪੀ- 
ਇਸ ਥੈਰੇਪੀ ਨਾਲ ਵਿਅਕਤੀ ਨੂੰ ਵਰਤਮਾਨ ਹਾਲਾਤਾਂ ਦਾ ਸਾਹਮਣਾ ਕਰਨ ਅਤੇ ਆਪਣੇ ਆਪ ਨੂੰ ਇਸ ਵਿੱਚ ਢਾਲਣ ਵਿੱਚ ਮਦਦ ਮਿਲਦੀ ਹੈ। ਜੋ ਭਾਵਨਾਵਾਂ ਇੱਕ ਉਦਾਸੀਨ ਵਿਅਕਤੀ ਆਪਣੇ ਪਰਿਵਾਰਿਕ ਮੈਂਬਰ ਜਾਂ ਦੋਸਤ ਨਾਲ ਨਾ ਸ਼ੇਅਰ ਕਰ ਕੇ ਉਹ ਭਾਵਨਾਵਾਂ ਇੱਕ ਅਣਜਾਣ ਵਿਅਕਤੀ ਨਾਲ ਕਰ ਲੈਂਦਾ ਹੈ। ਇਸ ਲਈ ਗੱਲਬਾਤ ਕਰਨ ਨਾਲ ਉਸਦੀ ਉਦਾਸੀਨਤਾ ਘੱਟ ਜਾਂਦੀ ਹੈ।

8. ਦਵਾਈ- 
ਉਦਾਸੀਨਤਾ ਇੱਕ ਬੀਮਾਰੀ ਹੈ ਇਸ ਲਈ ਇਸ ਨੂੰ ਦੂਰ ਕਰਨ ਲਈ ਦਵਾਈ ਲੈਣੀ ਜ਼ਰੂਰੀ ਬਣ ਜਾਂਦੀ ਹੈ। ਜੇਕਰ ਕਾਉਂਸਲਿੰਗ ਨਾਲ ਇਸ ਤੋਂ ਛੁਟਕਾਰਾ ਨਹੀਂ ਮਿਲਦਾ। ਇਹ ਸਿਰਫ ਤੁਹਾਡੇ ਦਿਮਾਗ ਵਿੱਚ ਰਸਾਇਣਾਂ ਨੂੰ ਸੰਤੁਲਿਤ ਕਰਦੀ ਹੈ ਜੋ ਤੁਹਾਨੂੰ ਉਦਾਸੀਨ ਹੋਣ ਤੋਂ ਬਚਾਉਂਦੇ ਹਨ।

9. ਕਿਤਾਬਾਂ ਅਤੇ ਸੰਗੀਤ- 
ਕਿਤਾਬਾਂ ਸੱਚੀਆਂ ਦੋਸਤ ਹੁੰਦੀਆਂ ਹਨ ਅਤੇ ਸੰਗੀਤ ਮਨ ਦੀਆਂ ਗੁੰਝਲਾਂ ਨੂੰ ਖੋਲ੍ਹਣ ਦੀ ਸ਼ਕਤੀ ਰੱਖਦਾ ਹੈ। ਇਸ ਲਈ ਚੰਗੀਆਂ, ਉਤਸਾਹ ਦੇਣ ਵਾਲੀਆਂ ਪ੍ਰੇਰਣਾਦਾਇਕ ਕਿਤਾਬਾਂ ਪੜਨ ਅਤੇ ਸੰਗੀਤ ਸੁਣਨ ਨਾਲ ਉਦਾਸੀਨਤਾ ਤੋਂ ਛੁਟਕਾਰਾ ਮਿਲ ਸਕਦਾ ਹੈ।

10. ਧਿਆਨ ਅਤੇ ਯੋਗ- 
ਧਿਆਨ ਅਤੇ ਯੋਗ ਮਾਨਸਿਕ ਤੇ ਸਰੀਰਕ ਬੀਮਾਰੀਆਂ ਤੋਂ ਲੜਨ ਦੀ ਸ਼ਕਤੀ ਪ੍ਰਦਾਨ ਕਰਦੇ ਹਨ। ਧਿਆਨ ਕਰਨ ਨਾਲ ਨਕਾਰਾਤਮਕ ਅਤੇ ਹਿੰਸਕ ਭਾਵਨਾਵਾਂ ਤੇ ਕਾਬੂ ਪਾਇਆ ਜਾ ਸਕਦਾ ਹੈ। ਇਸ ਲਈ ਉਦਾਸੀਨਤਾ ਤੋਂ ਬਾਹਰ ਨਿਕਲਣ ਲਈ ਧਿਆਨ ਅਤੇ ਯੌਗਿਕ ਕਿਰਿਆਵਾਂ ਬਹੁਤ ਸਹਾਈ ਹੁੰਦੀਆਂ ਹਨ।

 ਪੂਜਾ ਸ਼ਰਮਾ
ਲੈਕਚਰਾਰ (ਅੰਗ੍ਰੇਜ਼ੀ)
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ
ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ)
Mobile No: 9914459033
Email: poojaplanet@ reddifmail.com


Vandana

Content Editor

Related News