ਮੁਟਿਆਰਾਂ ਨੂੰ ਰਾਇਲ ਲੁਕ ਦੇ ਰਹੇ ਅਨਾਰਕਲੀ ਸੂਟ
Monday, Jul 21, 2025 - 09:45 AM (IST)

ਮੁੰਬਈ- ਮੁਟਿਆਰਾਂ ਅਤੇ ਔਰਤਾਂ ਨੂੰ ਜ਼ਿਆਦਾਤਰ ਸੂਟ ’ਚ ਵੇਖਿਆ ਜਾ ਸਕਦਾ ਹੈ। ਉਨ੍ਹਾਂ ਨੂੰ ਸਿੰਪਲ ਸੂਟ ਤੋਂ ਲੈ ਕੇ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨਰ ਸੂਟ ਜਿਵੇਂ ਪਲਾਜੋ ਸੂਟ, ਨਾਇਰਾ ਸੂਟ, ਫਰਾਕ ਸੂਟ, ਅਨਾਰਕਲੀ ਸੂਟ, ਪਟਿਆਲਾ ਸੂਟ ਆਦਿ ਪਹਿਨਣਾ ਪਸੰਦ ਹੁੰਦਾ ਹੈ। ਇਨ੍ਹਾਂ ’ਚ ਅਨਾਰਕਲੀ ਸੂਟ ਹਮੇਸ਼ਾ ਤੋਂ ਔਰਤਾਂ ਅਤੇ ਮੁਟਿਆਰਾਂ ਦੀ ਪਹਿਲੀ ਪਸੰਦ ਰਿਹਾ ਹੈ। ਅਨਾਰਕਲੀ ਸੂਟ ਇਕ ਰਵਾਇਤੀ ਭਾਰਤੀ ਪਹਿਰਾਵਾ ਹੈ। ਇਹ ਨਾ ਸਿਰਫ ਭਾਰਤੀ ਸੱਭਿਆਚਾਰ ਦੀ ਖੁਸ਼ਹਾਲ ਵਿਰਾਸਤ ਨੂੰ ਦਰਸਾਉਂਦਾ ਹੈ, ਸਗੋਂ ਇਸ ਨੇ ਆਧੁਨਿਕ ਫ਼ੈਸ਼ਨ ਦੀ ਦੁਨੀਆ ’ਚ ਵੀ ਆਪਣੀ ਖਾਸ ਜਗ੍ਹਾ ਬਣਾਈ ਹੋਈ ਹੈ।
ਅਨਾਰਕਲੀ ਸੂਟ ਦਾ ਨਾਂ ਮੁਗਲਕਾਲ ਦੀ ਨਾਚੀ ਅਨਾਰਕਲੀ ਤੋਂ ਪ੍ਰੇਰਿਤ ਮੰਨਿਆ ਜਾਂਦਾ ਹੈ। ਅਨਾਰਕਲੀ ਸੂਟ ਦੀ ਸਭ ਤੋਂ ਖਾਸ ਵਿਸ਼ੇਸ਼ਤਾ ਇਸ ਦਾ ਲੰਮਾ, ਘੇਰਾਦਾਰ ਕੁੜਤਾ ਹੈ, ਜੋ ਕਮਰ ਤੋਂ ਹੇਠਾਂ ਤੱਕ ਫਲੇਅਰ ਦੇ ਨਾਲ ਫੈਲਦਾ ਹੈ। ਇਹ ਕੁੜਤਾ ਆਮ ਤੌਰ ’ਤੇ ਫਰਸ਼ ਤੱਕ ਲੰਮਾ ਹੁੰਦਾ ਹੈ ਅਤੇ ਇਸ ਦੇ ਨਾਲ ਬਾਟਮ ’ਚ ਚੂੜੀਦਾਰ ਪਜਾਮਾ, ਧੋਤੀ ਪੈਂਟ, ਪਲਾਜੋ, ਫਲੇਅਰ ਆਦਿ ਉਪਲੱਬਧ ਹੁੰਦੇ ਹਨ। ਇਸ ਦੇ ਨਾਲ ਇਕ ਦੁਪੱਟਾ ਵੀ ਹੁੰਦਾ ਹੈ, ਜੋ ਇਸ ਦੀ ਸ਼ੋਭਾ ਨੂੰ ਹੋਰ ਵਧਾਉਂਦਾ ਹੈ।
ਅਨਾਰਕਲੀ ਸੂਟ ਕਈ ਡਿਜ਼ਾਈਨਾਂ ਅਤੇ ਵਰਕ ’ਚ ਆਉਂਦੇ ਹਨ ਜਿਨ੍ਹਾਂ ’ਚ ਪ੍ਰਿੰਟਿਡ ਅਨਾਰਕਲੀ ਸੂਟ ’ਚ ਫਲੋਰਲ, ਡਾਟ, ਲਾਈਨਿੰਗ ਜਾਂ ਜਿਓਮੈਟ੍ਰਿਕ ਪ੍ਰਿੰਟ ਹੁੰਦੇ ਹਨ। ਪਲੇਨ ਅਨਾਰਕਲੀ ਸੂਟ ਪਲੇਨ ਕਲਰ ਦੇ ਨਾਲ ਸਿੰਪਲ ਸੋਬਰ ਹੁੰਦੇ ਹਨ। ਜੈਕੇਟ ਵਾਲੇ ਅਨਾਰਕਲੀ ਸੂਟ ਮੁਟਿਆਰਾਂ ਨੂੰ ਕਾਫ਼ੀ ਆਕਰਸ਼ਕ ਅਤੇ ਸਟਾਈਲਿਸ਼ ਲੁਕ ਦਿੰਦੇ ਹਨ। ਪਾਰਟੀ ਵੀਅਰ ਅਨਾਰਕਲੀ ਸੂਟ ’ਚ ਹੈਵੀ ਕਢਾਈ, ਜ਼ਰੀ, ਗੋਟਾ-ਪੱਟੀ, ਸਟੋਨ ਵਰਕ ਅਤੇ ਗੁੰਝਲਦਾਰ ਪੈਟਰਨ ਦੀ ਵਰਤੋਂ ਹੁੰਦੀ ਹੈ। ਇਹ ਸੂਟ ਵੱਖ-ਵੱਖ ਫੈਬਰਿਕਸ ਜਿਵੇਂ ਸਿਲਕ, ਜਾਰਜੇਟ, ਸ਼ਿਫਾਨ, ਕਾਟਨ ਅਤੇ ਵੈਲਵੇਟ ’ਚ ਮੁਹੱਈਆ ਹਨ। ਹਲਕੇ ਅਤੇ ਸਾਦੇ ਅਨਾਰਕਲੀ ਸੂਟ ਰੋਜ਼ਾਨਾ ਵਰਤੋਂ ਲਈ ਲੋਕਪ੍ਰਿਯ ਹਨ, ਜਦੋਂ ਕਿ ਹੈਵੀ ਵਰਕ ਵਾਲੇ ਸੂਟ ਵਿਆਹਾਂ ਵਰਗੇ ਵੱਡੇ ਖੁਸ਼ੀ ਦੇ ਮੌਕਿਆਂ ਲਈ ਮੁਟਿਆਰਾਂ ਦੀ ਪਸੰਦ ਬਣੇ ਹੋਏ ਹਨ।
ਇਨ੍ਹੀਂ ਦਿਨੀਂ ਅਨਾਰਕਲੀ ਸੂਟ ’ਚ ਪੇਸਟਲ ਰੰਗ ਅਤੇ ਫਿਊਜ਼ਨ ਸਟਾਈਲ ਦਾ ਰੁਝਾਨ ਵਧਿਆ ਹੈ। ਜ਼ਿਆਦਾਤਰ ਮੌਕਿਆਂ ’ਤੇ ਮੁਟਿਆਰਾਂ ਨੂੰ ਜੈਕੇਟ ਸਟਾਈਲ ਅਨਾਰਕਲੀ, ਫਰੰਟ-ਸਲਿਟ ਅਨਾਰਕਲੀ ਅਤੇ ਫਲੋਰ-ਲੈਂਥ ਅਨਾਰਕਲੀ ਸੂਟ ’ਚ ਵੇਖਿਆ ਜਾ ਸਕਦਾ ਹੈ। ਇਹ ਸੂਟ ਮੁਟਿਆਰਾਂ ਨੂੰ ਰਾਇਲ, ਅਟਰੈਕਟਿਵ, ਮਾਡਰਨ ਅਤੇ ਫੈਸ਼ਨੇਬਲ ਲੁਕ ਦਿੰਦੇ ਹਨ। ਮੁਟਿਆਰਾਂ ਪਾਰਟੀ ਵੀਅਰ ਅਨਾਰਕਲੀ ਸੂਟ ਨੂੰ ਹੈਵੀ ਜਿਊਲਰੀ ਅਤੇ ਹਾਈ ਹੀਲਜ਼ ਜਾਂ ਜੁੱਤੀ ਨਾਲ ਸਟਾਈਲ ਕਰਨਾ ਪਸੰਦ ਕਰ ਰਹੀਆਂ ਹਨ। ਕੈਜ਼ੂਅਲ ਅਤੇ ਡੇਲੀ ਵੀਅਰ ਅਨਾਰਕਲੀ ਸੂਟ ਦੇ ਨਾਲ ਮੁਟਿਆਰਾਂ ਜਿਊਲਰੀ ’ਚ ਝੁਮਕੇ ਅਤੇ ਫੁੱਟਵੀਅਰ ’ਚ ਕੋਲ੍ਹਾਪੁਰੀ ਚੱਪਲ ਨੂੰ ਸਟਾਈਲ ਕਰ ਰਹੀਆਂ ਹਨ। ਮੁਟਿਆਰਾਂ ਨੂੰ ਅਨਾਰਕਲੀ ਸੂਟ ਦੇ ਨਾਲ ਹੋਰ ਅਸੈਸਰੀਜ਼ ’ਚ ਚੂੜੀਆਂ, ਮਾਂਗ ਟਿੱਕਾ, ਕਲੱਚ ਬੈਗ ਦਾ ਕੰਬੀਨੇਸ਼ਨ ਹੋਰ ਆਕਰਸ਼ਕ ਬਣਾਉਂਦਾ ਹੈ। ਹੇਅਰ ਸਟਾਈਲ ’ਚ ਇਸ ਦੇ ਨਾਲ ਮੁਟਿਆਰਾਂ ’ਤੇ ਓਪਨ ਹੇਅਰ ਤੋਂ ਲੈ ਕੇ ਬੰਨ, ਸਾਈਡ ਬ੍ਰੇਡ, ਲੂਜ਼ ਕਰਲਜ਼ ਜਾਂ ਹੇਅਰ ਡੂ ਕਾਫ਼ੀ ਜੱਚਦੇ ਹਨ।