ਲਖਨਊ : ਬਿਜਨੌਰ ਦੇ ਤਾਲਾਬ ਵਿਚ ਬਣੇਗਾ ਵਾਟਰ ਪਾਰਕ ਅਤੇ ਕਿਸ਼ਤੀ ਕਲੱਬ
Thursday, Jul 23, 2020 - 05:56 PM (IST)
ਲਖਨਊ — ਹਾਲ ਹੀ ਵਿਚ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਬਿਜਨੌਰ ਖੇਤਰ ਵਿਚ ਇੱਕ ਵਿਸ਼ਾਲ ਛੱਪੜ ਨੂੰ ਭੂ-ਮਾਫੀਆ ਤੋਂ ਮੁਕਤ ਕਰਵਾ ਲਿਆ ਗਿਆ ਹੈ। ਭੂ-ਮਾਫੀਆ ਤੋਂ ਮੁਕਤ ਛੱਪੜ ਦੀ 43 ਵਿੱਘੇ ਜ਼ਮੀਨ ਨੂੰ ਸੈਰ ਸਪਾਟਾ ਸਥਾਨ ਵਜੋਂ ਵਿਕਸਤ ਕੀਤਾ ਜਾਵੇਗਾ। ਲਖਨਊ ਦੇ ਡੀਐਮ ਅਭਿਸ਼ੇਕ ਪ੍ਰਕਾਸ਼ ਨੇ ਸ਼ੁੱਕਰਵਾਰ ਨੂੰ ਬਿਜਨੌਰ ਅਤੇ ਤੇਲੀਬਾਗ ਵਿਚ ਤਲਾਬਾਂ ਦੀ ਜਾਂਚ ਕਰਨ ਤੋਂ ਬਾਅਦ ਇੱਥੇ ਪੀਪੀਪੀ ਮਾਡਲ ਤਹਿਤ ਵਾਟਰ ਪਾਰਕ ਅਤੇ ਕਿਸ਼ਤੀ ਕਲੱਬ ਵਿਕਸਤ ਕਰਨ ਦੇ ਨਿਰਦੇਸ਼ ਦਿੱਤੇ ਹਨ।
ਡੀਐਮ ਨੇ ਦੱਸਿਆ ਕਿ ਛੱਪੜ ਦੀ ਖੁਦਾਈ 15 ਦਿਨਾਂ ਵਿਚ ਮੁਕੰਮਲ ਹੋ ਜਾਵੇਗੀ। ਇਸ ਤੋਂ ਬਾਅਦ ਚਾਰੇ ਪਾਸੇ ਰੁੱਖ ਲਗਾਏ ਜਾਣਗੇ। ਛੱਪੜ ਸ਼ਹਿਰੀ ਖੇਤਰ ਦੇ ਬਹੁਤ ਨੇੜੇ ਹੈ। ਇਸ ਲਈ ਸੈਰ-ਸਪਾਟਾ ਵਿਭਾਗ ਦੀ ਸਹਾਇਤਾ ਨਾਲ ਇੱਥੇ ਕਿਸ਼ਤੀ ਕਲੱਬ ਅਤੇ ਵਾਟਰ ਪਾਰਕ ਦਾ ਵਿਕਾਸ ਕੀਤਾ ਜਾਵੇਗਾ। ਦੱਸ ਦਈਏ ਕਿ ਲਖਨਊ ਦੇ ਡੀ.ਐਮ. ਦੀਆਂ ਹਦਾਇਤਾਂ 'ਤੇ ਇਸ ਛੱਪੜ 'ਤੇ ਕੀਤੀ ਜਾ ਰਹੀ ਨਾਜਾਇਜ਼ ਪਲਾਟਿੰਗ ਨੂੰ ਖ਼ਾਲੀ ਕਰਵਾ ਲਿਆ ਗਿਆ ਹੈ। ਭੂ-ਮਾਫੀਆ ਇਸ ਛੱਪੜ ਦੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਕੇ ਪਲਾਟਿੰਗ ਕਰ ਰਿਹਾ ਸੀ। ਲਖਨਊ ਦੇ ਡੀ.ਐਮ. ਅਭਿਸ਼ੇਕ ਪ੍ਰਕਾਸ਼ ਨੇ ਬਿਜਨੌਰ ਅਤੇ ਤੇਲੀਬਾਗ ਵਿਚ ਮੌਜੂਦ ਛੱਪੜਾਂ ਦਾ ਨਿਰੀਖਣ ਕਰਨ ਤੋਂ ਬਾਅਦ ਇਹ ਨਿਰਦੇਸ਼ ਦਿੱਤੇ ਹਨ।
ਤੇਲੀਬਾਗ ਵਿਚ ਛੱਪੜ ਤੋਂ ਹਟੇਗਾ ਨਾਜਾਇਜ਼ ਕਬਜ਼ਾ
ਡੀਐਮ ਨੇ ਤੇਲੀਬਾਗ ਵਿਖੇ ਗਿਆਰਵੀਂ ਦੇ ਛੱਪੜ ਦੀ ਜ਼ਮੀਨ ਦਾ ਨਿਰੀਖਣ ਵੀ ਕੀਤਾ। ਇਹ ਛੱਪੜ 11 ਵਿੱਘੇ ਜ਼ਮੀਨ ਵਿਚ ਹੈ। ਇਹ ਵੀ ਗੈਰ ਕਾਨੂੰਨੀ ਢੰਗ ਨਾਲ ਕਬਜ਼ਾ ਕੀਤਾ ਹੋਇਆ ਹੈ। ਡੀਐਮ ਨੇ ਇਨ੍ਹਾਂ ਨਾਜਾਇਜ਼ ਕਬਜ਼ਿਆਂ ਦਾ ਡਿਜੀਟਲ ਨਕਸ਼ਾ ਤਿਆਰ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਤਹਿਸੀਲ ਅਤੇ ਨਗਰ ਨਿਗਮ ਦੀਆਂ ਟੀਮਾਂ ਇੱਥੇ ਨਾਜਾਇਜ਼ ਕਬਜ਼ਿਆਂ ਨੂੰ ਹਟਾ ਕੇ ਤਾਲਾਬ ਵਿਕਸਤ ਕਰਨਗੀਆਂ। ਇਸ ਦੌਰਾਨ ਏਡੀਐਮ ਪ੍ਰਸ਼ਾਸਨ ਅਮਰਪਾਲ ਸਿੰਘ, ਐਸਡੀਐਮ ਸਰੋਜਨੀਨਗਰ ਪ੍ਰਫੁੱਲ ਤ੍ਰਿਪਾਠੀ ਵੀ ਮੌਜੂਦ ਸਨ।