ਸਾਬਕਾ ਮੁੱਖ ਮੰਤਰੀ ਦੇ ਕਤਲ ਮਾਮਲੇ ਦੇ ਗਵਾਹ ਤੇ ਗੰਨਮੈਨ ''ਚ ਕੁੱਟਮਾਰ

Wednesday, May 09, 2018 - 01:51 PM (IST)

ਚੰਡੀਗੜ੍ਹ (ਸੁਸ਼ੀਲ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਵਿਚ ਗਵਾਹ ਬਲਵਿੰਦਰ ਸਿੰਘ ਉਰਫ ਬਿੱਟੂ ਤੇ ਉਸ ਦੇ ਗੰਨਮੈਨ 'ਚ ਮੰਗਲਵਾਰ ਦੁਪਹਿਰ ਕੁੱਟਮਾਰ ਹੋ ਗਈ। ਘਟਨਾ ਪੰਜਾਬ ਤੇ ਹਰਿਆਣਾ ਸਕੱਤਰੇਤ ਵਿਚ 13 ਬਟਾਲੀਅਨ ਦੇ ਗੇਟ ਦੇ ਸਾਹਮਣੇ ਵਾਪਰੀ। 
ਪੰਜਾਬ ਪੁਲਸ 'ਚ ਤਾਇਨਾਤ ਗਵਾਹ ਬਲਵਿੰਦਰ ਸਿੰਘ ਉਰਫ ਬਿੱਟੂ ਨੇ ਦੋਸ਼ ਲਾਇਆ ਕਿ ਚੰਡੀਗੜ੍ਹ ਪੁਲਸ ਵਲੋਂ ਮਿਲਿਆ ਗੰਨਮੈਨ ਸੁਨੀਲ ਡਿਊਟੀ 'ਤੇ ਦੇਰੀ ਨਾਲ ਆਇਆ, ਜਦੋਂ ਉਸ ਨੇ ਕਾਰਨ ਪੁੱਛਿਆ ਤਾਂ ਉਸਨੇ ਕੁੱਟਮਾਰ ਕਰਕੇ ਉਸਦੀ ਵਰਦੀ ਪਾੜ ਦਿੱਤੀ। ਉਥੇ ਹੀ ਕਾਂਸਟੇਬਲ ਸੁਨੀਲ ਨੇ ਦੋਸ਼ ਲਾਇਆ ਕਿ ਬਿੱਟੂ ਉਸ ਨੂੰ ਬੇਟੇ ਦੀ ਸੁਰੱਖਿਆ ਕਰਨ ਲਈ ਕਹਿ ਰਿਹਾ ਸੀ, ਜਦੋਂ ਕਿ ਉਸਦੀ ਡਿਊਟੀ ਉਸ ਨਾਲ ਹੈ। ਬਿੱਟੂ ਸੈਕਟਰ-16 ਜਨਰਲ ਹਸਪਤਾਲ ਵਿਚ ਪਹੁੰਚਿਆ ਤੇ ਮੈਡੀਕਲ ਕਰਵਾਉਣ ਤੋਂ ਬਾਅਦ ਸੈਕਟਰ-3 ਥਾਣਾ ਪੁਲਸ ਨੂੰ ਮਾਮਲੇ ਦੀ ਸ਼ਿਕਾਇਤ ਦਿੱਤੀ। ਪੁਲਸ ਨੇ ਦੋਵਾਂ ਦੇ ਬਿਆਨ ਲੈ ਕੇ ਡੀ. ਡੀ. ਆਰ. ਦਰਜ ਕਰ ਲਈ ਹੈ। ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਪੁਲਸ ਕਾਰਵਾਈ ਕਰੇਗੀ।  
ਇਹ ਹੈ ਮਾਮਲਾ 
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ 'ਚ ਗਵਾਹ ਬਿੱਟੂ ਨੂੰ ਪੰਜਾਬ ਤੇ ਚੰਡੀਗੜ੍ਹ ਪੁਲਸ ਨੇ ਸਕਿਓਰਿਟੀ ਦਿੱਤੀ ਹੋਈ ਹੈ। ਮੰਗਲਵਾਰ ਸਵੇਰੇ 10 ਵਜੇ ਉਸਦੀ ਡਿਊਟੀ 13 ਬਟਾਲੀਅਨ ਵਿਚ ਸੀ। ਉਸਦੀ ਸੁਰੱਖਿਆ ਵਿਚ ਤਾਇਨਾਤ ਡਰਾਈਵਰ ਤੇ ਗੰਨਮੈਨ ਸੁਨੀਲ ਡਿਊਟੀ 'ਤੇ ਨਹੀਂ ਪੁੱਜਾ ਸੀ। ਬਿੱਟੂ ਨੇ ਆਪਣੇ ਪੰਜਾਬ ਪੁਲਸ ਦੇ ਗੰਨਮੈਨ ਨੂੰ ਸੁਨੀਲ ਤੇ ਉਸਦੇ ਸਾਥੀ ਨੂੰ ਡਿਊਟੀ 'ਤੇ ਬੁਲਾਉਣ ਲਈ ਫੋਨ ਕਰਨ ਲਈ ਕਿਹਾ ਤੇ ਗੰਨਮੈਨ ਨੇ ਸੁਨੀਲ ਨੂੰ ਫੋਨ 'ਤੇ ਬੁਲਾਇਆ। 
ਬਿੱਟੂ ਨੇ ਦੋਸ਼ ਲਾਇਆ ਕਿ ਸੁਨੀਲ ਤੇ ਡਰਾਈਵਰ ਨੇ 13 ਬਟਾਲੀਅਨ ਦੇ ਬਾਹਰ ਪੁੱਜਦਿਆਂ ਹੀ ਉਸਦੇ ਨਾਲ ਗਾਲੀ-ਗਲੋਚ ਕਰਦੇ ਹੋਏ ਕੁੱਟ-ਮਾਰ ਸ਼ੁਰੂ ਕਰ ਦਿੱਤੀ। ਉਥੇ ਹੀ, ਕਾਂਸਟੇਬਲ ਸੁਨੀਲ ਨੇ ਦੋਸ਼ ਲਾਇਆ ਕਿ ਉਹ ਆਪਣੇ ਸਾਥੀ ਨਾਲ ਡਿਊਟੀ 'ਤੇ ਠੀਕ ਸਮੇਂ 'ਤੇ ਪਹੁੰਚ ਗਿਆ ਸੀ ਪਰ ਬਿੱਟੂ ਉਸਨੂੰ ਤੇ ਉਸਦੇ ਸਾਥੀ ਨੂੰ ਬੇਟੇ ਨਾਲ ਡਿਊਟੀ ਕਰਨ ਲਈ ਕਹਿ ਰਿਹਾ ਸੀ। ਉਸਨੇ ਮਨ੍ਹਾ ਕਰ ਦਿੱਤਾ ਸੀ। ਕਾਂਸਟੇਬਲ ਨੇ ਕਿਹਾ ਕਿ ਬਿੱਟੂ ਨੇ ਖੁਦ ਵਰਦੀ ਪਾੜ ਕੇ ਡਰਾਮਾ ਕੀਤਾ ਹੈ।
ਬਿੱਟੂ 'ਤੇ ਲਾਇਆ ਪੈਸੇ ਲੈਣ ਦਾ ਦੋਸ਼: ਚੰਡੀਗੜ੍ਹ ਪੁਲਸ ਦੇ ਕਾਂਸਟੇਬਲਾਂ ਨੇ ਦੋਸ਼ ਲਾਇਆ ਕਿ ਬਿੱਟੂ ਆਪਣੀ ਸੁਰੱਖਿਆ 'ਚ ਤਾਇਨਾਤ ਮੁਲਾਜ਼ਮਾਂ ਤੋਂ ਰੁਪਏ ਲੈ ਕੇ ਉਨ੍ਹਾਂ ਨੂੰ ਫਰਲੋ 'ਤੇ ਭੇਜ ਦਿੰਦਾ ਹੈ। ਕਈ ਮੁਲਾਜ਼ਮ ਮਹੀਨਾ-ਮਹੀਨਾ ਡਿਊਟੀ 'ਤੇ ਨਹੀਂ ਆਉਂਦੇ। ਇਸ ਤੋਂ ਇਲਾਵਾ ਬਿੱਟੂ ਦਿਨੇ ਵੀ ਸ਼ਰਾਬ ਪੀਂਦਾ ਹੈ। ਉਸਦੀ ਗੱਡੀ 'ਚ ਸ਼ਰਾਬ ਦੀ ਬੋਤਲ ਪਈ ਰਹਿੰਦੀ ਹੈ, ਜਿਸਦੀ ਵੀਡੀਓ ਮੁਲਾਜ਼ਮਾਂ ਨੇ ਬਣਾ ਕੇ ਉੱਚ ਅਫਸਰਾਂ ਨੂੰ ਦਿੱਤੀ ਹੈ।


Related News