ਵੇਰਕਾ ਗੱਡੀ ਘੇਰ ਕੇ ਲੱਸੀ, ਦਹੀਂ ਤੇ ਦੁੱਧ ਲੋਕਾਂ ਨੂੰ ਮੁਫਤ ਵੰਡਿਆ

06/04/2018 6:01:04 AM

ਕਾਲਾ ਸੰਘਿਆਂ, (ਨਿੱਝਰ)¸ ਰਾਸ਼ਟਰੀ ਕਿਸਾਨ ਮਹਾ ਸੰਘ ਦੀ ਅਗਵਾਈ ਵਿਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਵਲੋਂ 1 ਜੂਨ ਤੋਂ 10 ਜੂਨ ਤਕ ਲਈ ਆਪਣੀਆਂ ਮੰਗਾਂ ਦੇ ਸੰਦਰਭ ਵਿਚ ਵਿਢੇ ਗਏ ਸੰਘਰਸ਼ ਦੇ ਤੀਸਰੇ ਦਿਨ ਵੀ ਅੱਜ ਕਾਲਾ ਸੰਘਿਆਂ ਜਲੰਧਰ ਰੋਡ 'ਤੇ ਪੈਂਦੇ ਬੱਸ ਅੱਡਾ ਨਿੱਝਰਾਂ ਤੇ ਪੁਆਰਾਂ ਵਾਲੇ ਪੁਲ 'ਤੇ ਕਿਸਾਨਾਂ ਵਲੋਂ ਸਾਰਾ ਦਿਨ ਬਾਜ਼ ਅੱਖ ਨਾਲ ਪਿੰਡਾਂ ਤੋਂ ਸ਼ਹਿਰਾਂ ਲਈ ਵਿਕਣ ਜਾਣ ਵਾਲੀਆਂ ਘਰੇਲੂ ਵਸਤਾਂ ਦੀ ਰੁਕਾਵਟ ਨੂੰ ਕਾਮਯਾਬ ਕਰਦਿਆਂ ਬੰਦ ਦਾ ਸਮਰਥਨ ਕੀਤਾ ਗਿਆ। ਵਰਣਨਯੋਗ ਹੈ ਕਿ ਇਨ੍ਹਾਂ ਦੋਹਾਂ ਹੀ ਅੱਡਿਆਂ ਨੂੰ ਚੌਰਸਤੇ ਪੈਂਦੇ ਹਨ ਤੇ ਤੜਕਸਾਰ ਤੋਂ ਹੀ ਕਿਸਾਨਾਂ ਨੇ ਨਾਕੇ ਸੜਕਾਂ 'ਤੇ ਲਗਾ ਦਿੱਤੇ ਹਨ ਤਾਂ ਕਿ ਦੋਧੀ ਪਿੰਡਾਂ ਵਿਚੋਂ ਦੁੱਧ ਇਕੱਠਾ ਕਰ ਕੇ, ਕਿਸਾਨ ਆਪਣੇ ਖੇਤਾਂ ਵਿਚੋਂ ਸਬਜ਼ੀ ਤੇ ਖਰਬੂਜ਼ਾ-ਹਦਵਾਣਾ ਵਗੈਰਾ ਦੀ ਫਸਲ ਅਤੇ ਹਰੇ ਚਾਰੇ ਵਾਲੀਆਂ ਟਰਾਲੀਆਂ ਮੰਡੀਆਂ ਵਿਚ ਨਾ ਲਿਜਾ ਸਕਣ। 
ਯਾਦ ਰਹੇ ਕਿ ਬੀਤੀ ਸ਼ਾਮ ਵੇਲੇ ਨਿੱਝਰਾਂ ਅੱਡੇ 'ਤੇ ਸਾਰੇ ਦੋਧੀਆਂ ਨੂੰ ਘੇਰ ਕੇ ਤਾੜਨਾ ਕਰ ਕੇ ਛੱਡ ਦਿੱਤਾ ਗਿਆ ਤੇ ਉਸ ਦਾ ਅਸਰ ਅੱਜ ਇਹ ਹੋਇਆ ਕਿ ਘੱਟ ਹੀ ਕੋਈ ਮੇਨ ਸੜਕ ਤੋਂ ਸ਼ਹਿਰ ਵੱਲ ਨੂੰ ਕੋਈ ਸਾਮਾਨ ਲੈ ਕੇ ਲੰਘਿਆ। ਨਿੱਝਰਾਂ ਅੱਡੇ 'ਤੇ ਕਿਸਾਨਾਂ ਤੇ ਪਿੰਡ ਵਾਸੀਆਂ ਵਲੋਂ ਅੱਜ ਠੰਡੇ-ਮਿੱਠੇ ਜਲ ਦੀ ਛਬੀਲ ਵੀ ਲਾਈ ਗਈ ਤੇ ਵੇਰਕਾ ਦੁੱਧ ਵਾਲਿਆਂ ਦੀ ਗੱਡੀ ਘੇਰ ਕੇ ਉਸ ਵਿਚੋਂ ਦੁੱਧ, ਲੱਸੀ ਤੇ ਦਹੀਂ ਦੇ ਪੈਕੇਟ ਲੋਕ ਲਿਜਾਂਦੇ ਦੇਖੇ ਗਏ। ਇਸ ਲੰਬੇ ਬੰਦ ਦੀ ਕਾਲ ਕਾਰਨ ਮਹਿੰਗਾਈ ਵਿਚ ਹੋਰ ਵਾਧਾ ਹੋਣ ਦੇ ਆਸਾਰ ਹਨ ਤੇ ਅਜੇ ਤਕ ਸਰਕਾਰਾਂ ਦੇ ਕੰਨਾਂ 'ਤੇ ਜੂੰ ਤਕ ਨਹੀਂ ਸਰਕੀ।


Related News