ਕੈਨੇਡਾ, ਮੈਕਸੀਕੋ ਤੇ ਈ.ਯੂ. ''ਤੇ ਅਮਰੀਕਾ ਸਖਤ, ਸਟੀਲ-ਐਲੂਮੀਨੀਅਮ ''ਤੇ ਲਾਇਆ ਟੈਕਸ

Thursday, May 31, 2018 - 10:58 PM (IST)

ਕੈਨੇਡਾ, ਮੈਕਸੀਕੋ ਤੇ ਈ.ਯੂ. ''ਤੇ ਅਮਰੀਕਾ ਸਖਤ, ਸਟੀਲ-ਐਲੂਮੀਨੀਅਮ ''ਤੇ ਲਾਇਆ ਟੈਕਸ

ਵਾਸ਼ਿੰਗਟਨ— ਅਮਰੀਕਾ ਨੇ ਯੂਰਪੀ ਸੰਘ, ਕੈਨੇਡਾ ਤੇ ਮੈਕਸੀਕੋ ਤੋਂ ਦਰਾਮਦ ਸਟੀਲ ਤੇ ਐਲੂਮੀਨੀਅਮ 'ਤੇ ਦਿੱਤੀ ਜਾਣ ਵਾਲੀ ਛੋਟ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ। ਅਮਰੀਕਾ ਦੇ ਵਣਜ ਮੰਤਰੀ ਵਿਲਬਰ ਰਾਸ ਨੇ ਇਕ ਜੂਨ ਤੋਂ ਇਸ ਛੋਟ ਨੂੰ ਖਤਮ ਕਰਨ ਦਾ ਐਲਾਨ ਕੀਤਾ। ਯੂਰਪੀ ਸੰਘ, ਕੈਨੇਡਾ ਤੇ ਮੈਕਸੀਕੋ ਨੇ ਇਸ 'ਤੇ ਜਵਾਬੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ।
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਾਰਚ 'ਚ ਸਟੀਲ 'ਤੇ 25 ਫੀਸਦੀ ਤੇ ਐਲੂਮੀਨੀਅਮ 'ਤੇ 10 ਫੀਸਦੀ ਦਰਾਮਦ ਟੈਰਿਫ ਲਾਉਣ ਦਾ ਐਲਾਨ ਕੀਤਾ ਸੀ। ਟਰੰਪ ਨੇ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਇਹ ਕਦਮ ਚੁੱਕਿਆ ਸੀ। ਉਨ੍ਹਾਂ ਨੇ 30 ਅਪ੍ਰੈਲ ਨੂੰ ਕੈਨੇਡਾ, ਮੈਕਸੀਕੋ ਤੇ ਯੂਰਪੀ ਸੰਘ ਤੋਂ ਆਉਣ ਵਾਲੇ ਸਟੀਲ ਤੇ ਐਲੂਮੀਨੀਅਮ 'ਤੇ ਟੈਰਿਫ ਦੀ ਅਸਥਾਈ ਛੋਟ ਦੀ ਲਿਮਟ ਨੂੰ 30 ਦਿਨ ਵਧਾ ਦਿੱਤਾ ਸੀ। ਰਾਸ ਨੇ ਕਿਹਾ ਕਿ ਯੂਰਪੀ ਸੰਘ ਨਾਲ ਇਸ ਬਾਰੇ 'ਚ ਗੱਲਬਾਤ ਨਾਲ ਕੋਈ ਖਾਸ ਲਾਭ ਨਹੀਂ ਹੋਇਆ। ਉਥੇ ਕੈਨੇਡਾ ਤੇ ਮੈਕਸੀਕੋ ਦੇ ਨਾਲ ਨਾਫਟਾ ਗੱਲਬਾਤ 'ਚ ਉਮੀਦ ਤੋਂ ਜ਼ਿਆਦਾ ਸਮਾਂ ਲੱਗ ਰਿਹਾ ਹੈ। ਵਣਜ ਮੰਤਰੀ ਨੇ ਕਿਹਾ ਕਿ ਅਸੀਂ ਅੱਗੇ ਵੀ ਕੈਨੇਡਾ, ਮੈਕਸੀਕੋ ਤੇ ਦੂਜੇ ਯੂਰਪੀ ਦੇਸ਼ਾਂ ਨਾਲ ਗੱਲਬਾਤ ਜਾਰੀ ਰੱਖਾਂਗੇ, ਕਿਉਂਕਿ ਕਈ ਹੋਰ ਮੁੱਦੇ ਹਨ, ਜਿਨ੍ਹਾਂ ਨੂੰ ਸੁਲਝਾਉਣਾ ਜ਼ਰੂਰੀ ਹੈ।
ਸਟੀਲ 'ਤੇ 25 ਫੀਸਦੀ ਤੇ ਐਲੂਮੀਨੀਅਮ 'ਤੇ 10 ਫੀਸਦੀ ਦਰਾਮਦ ਕਰ ਹਾਲਾਂਕਿ ਚੀਨ ਨੂੰ ਟਾਰਗੇਟ ਕਰ ਲਗਾਇਆ ਗਿਆ ਸੀ, ਪਰ ਹੁਣ ਅਜਿਹਾ ਲੱਗ ਰਿਹਾ ਹੈ ਕਿ ਇਸ ਨਾਲ ਅਮਰੀਕਾ ਦੇ ਨਜ਼ਦੀਕੀ ਦੋਸਤ ਤੇ ਸਹਿਯੋਗੀ ਵੀ ਪ੍ਰਭਾਵਿਤ ਹੋ ਰਹੇ ਹਨ। ਰਾਸ ਨੇ ਹਾਲਾਂਕਿ ਇਸ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਚੀਨ ਦੇ ਸਟੀਲ ਤੇ ਐਲੂਮੀਨੀਅਮ ਨੂੰ ਦੂਜੇ ਦੇਸ਼ਾਂ ਦੇ ਰਾਹੀਂ ਇਥੇ ਭੇਜਿਆ ਜਾ ਰਿਹਾ ਹੈ।
ਟਰੰਪ ਪ੍ਰਸ਼ਾਸਨ ਨੇ ਅਰਜਨਟੀਨਾ, ਆਸਟ੍ਰੇਲੀਆ ਤੇ ਬ੍ਰਾਜ਼ੀਲ ਨੂੰ ਇਨ੍ਹਾਂ ਚਾਰਜਾਂ ਤੋਂ ਛੋਟ ਦਿੱਤੀ ਹੈ। ਇਨ੍ਹਾਂ ਵਪਾਰਕ ਹਿੱਸੇਦਾਰ ਦੇਸ਼ਾਂ ਨਾਲ ਲਿਖਤੀ ਸਹਿਮਤੀ ਦੇ ਮੱਦੇਨਜ਼ਰ ਅਮਰੀਕਾ ਨੇ ਇਹ ਕਦਮ ਚੁੱਕਿਆ ਹੈ। ਦੱਖਣੀ ਕੋਰੀਆ ਨੂੰ ਸਟੀਲ ਡਿਊਟੀ ਤੋਂ ਸਥਾਈ ਛੋਟ ਦਿੱਤੀ ਗਈ ਹੈ। ਇਸ 'ਤੇ ਦੱਖਣੀ ਕੋਰੀਆ ਦੀ ਅਮਰੀਕਾ ਨਾਲ ਗੱਲਬਾਤ ਹੋਈ ਹੈ। ਹਾਲਾਂਕਿ ਦੱਖਣੀ ਕੋਰੀਆ ਨੇ ਆਪਣੇ ਐਲੂਮੀਨੀਅਮ ਬਰਾਮਦ ਨੂੰ ਲੈ ਕੇ ਅਮਰੀਕਾ ਨਾਲ ਗੱਲ ਨਹੀਂ ਕੀਤੀ ਹੈ।


Related News