ਭਾਰਤ ਯਾਤਰਾ ਨੂੰ ਵਿਚਾਲੇ ਛੱਡ ਦੇਸ਼ ਪਰਤੇ ਨੀਦਰਲੈਂਡ ਦੇ ਪੀ. ਐੱਮ

05/25/2018 2:51:09 PM

ਨਵੀਂ ਦਿੱਲੀ/ਨੀਦਰਲੈਂਡ— ਨੀਦਰਲੈਂਡ ਦੇ ਪੀ. ਐੱਮ. ਮਾਰਕ ਰੂਟ ਭਾਰਤ ਦੀ ਆਪਣੀ ਯਾਤਰਾ ਨੂੰ ਵਿਚਾਲੇ ਛੱਡ ਵੀਰਵਾਰ ਨੂੰ ਆਪਣੇ ਦੇਸ਼ ਪਰਤ ਗਏ ਹਨ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਰੂਟ ਨੇ ਵਿਦੇਸ਼ ਮੰਤਰਾਲੇ ਨੂੰ ਅਚਾਨਕ ਲਏ ਗਏ ਇਸ ਫੈਸਲੇ ਬਾਰੇ ਵਿਚ ਸੂਚਿਤ ਕੀਤਾ ਕਿ ਕੁੱਝ ਜ਼ਰੂਰੀ ਮੁੱਦਿਆਂ ਦੀ ਵਜ੍ਹਾ ਨਾਲ ਇਹ ਫੈਸਲਾ ਲਿਆ ਗਿਆ। ਸੂਤਰਾਂ ਨੇ ਦੱਸਿਆ ਕਿ ਸਿਰਫ ਨੀਦਰਲੈਂਡ ਦੀ ਪੀ. ਐੱਮ. ਅਤੇ ਉਨ੍ਹਾਂ ਦੇ ਸਲਾਹਕਾਰ ਹੀ ਵਾਪਸ ਗਏ ਹਨ ਅਤੇ ਬਾਕੀ ਵਫਦ ਤੈਅ ਪ੍ਰੋਗਰਾਮ ਮੁਤਾਬਕ ਸਾਰੇ ਪ੍ਰੋਗਰਾਮਾਂ ਵਿਚ ਸ਼ਾਮਲ ਹੋਵੇਗਾ।
ਦੱਸ ਦਈਏ ਕਿ ਰੂਟ 2 ਦਿਨੀਂ ਯਾਤਰਾ 'ਤੇ ਵੀਰਵਾਰ ਨੂੰ ਹੀ ਭਾਰਤ ਪਹੁੰਚੇ ਸਨ। ਰੂਟ ਦਾ ਵੀਰਵਾਰ ਰਾਤ ਨੂੰ ਬੰਗਲੁਰੂ ਜਾਣ ਦਾ ਪ੍ਰੋਗਰਾਮ ਸੀ। ਸੂਤਰਾਂ ਨੇ ਦੱਸਿਆ ਕਿ ਪੀ. ਐੱਮ. ਨੂੰ ਇਸ ਲਈ ਵਾਪਸ ਪਰਤਣਾ ਪਿਆ, ਕਿਉਂਕਿ ਸ਼ੁੱਕਰਵਾਰ ਨੂੰ ਮੰਤਰੀ ਮੰਡਲ ਦੀ ਇਕ ਐਮਰਜੈਂਸੀ ਬੈਠਕ ਸੱਦੀ ਗਈ ਹੈ, ਜਿਸ ਵਿਚ ਸਾਲ 2014 ਵਿਚ ਐਮਐਚ-17 ਯਾਤਰੀ ਜਹਾਜ਼ ਨੂੰ ਯੂਕਰੇਨ ਵਿਚ ਸੁੱਟਣ ਨੂੰ ਲੈ ਕੇ ਨੀਦਰਲੈਂਡ ਅਤੇ ਹੋਰ ਦੇਸ਼ਾਂ ਦੇ ਜਾਂਚ ਕਰਤਾਵਾਂ ਦੇ ਦਲ ਦੀ ਨਵੀਂ ਰਿਪੋਰਟ 'ਤੇ ਚਰਚਾ ਹੋਵੇਗੀ। ਰੂਟ ਨੇ ਦਾਅਵਾ ਕੀਤਾ ਕਿ 17 ਜੁਲਾਈ 2014 ਨੂੰ ਜਹਾਜ਼ ਨੂੰ ਸੁੱਟਣ ਵਿਚ ਰੂਸੀ ਮਿਜ਼ਾਇਲ ਦਾ ਇਸਤੇਮਾਲ ਕੀਤਾ ਗਿਆ ਸੀ, ਜਿਸ ਵਿਜ ਜਹਾਜ਼ ਵਿਚ ਸਵਾਰ ਸਾਰੇ 298 ਯਾਤਰੀ ਮਾਰੇ ਗਏ ਸਨ।


Related News