2 ਧੋਖੇਬਾਜ਼ ਟਰੈਵਲ ਏਜੰਟਾਂ ਖਿਲਾਫ਼ ਕੇਸ ਦਰਜ

05/16/2018 4:34:57 AM

ਟਾਂਡਾ ਉੜਮੁੜ, (ਪੰਡਿਤ)- ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਠੱਗਣ ਦੇ ਬਾਵਜੂਦ ਨੌਜਵਾਨ ਨੂੰ ਗੁਹਾਟੀ (ਆਸਾਮ) ਵਿਚ ਬੰਦੀ ਬਣਾ ਕੇ ਰੱਖਣ ਵਾਲੇ ਦੋ ਟਰੈਵਲ ਏੇਜੰਟਾਂ ਖਿਲਾਫ਼ ਟਾਂਡਾ ਪੁਲਸ ਨੇ ਕੇਸ ਦਰਜ ਕੀਤਾ ਹੈ। ਉਸ ਨੇ ਇਹ ਮਾਮਲਾ ਪੀੜਤ ਨੌਜਵਾਨ ਜਸਕਰਨ ਸਿੰਘ ਦੇ ਪਿਤਾ ਲਖਵਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਨਿਵਾਸੀ ਰੜਾ ਦੇ ਬਿਆਨ ਦੇ ਆਧਾਰ 'ਤੇ ਮਨਪ੍ਰੀਤ ਸਿੰਘ ਮਨੀ ਪੁੱਤਰ ਲਛਮਣ ਸਿੰਘ ਅਤੇ ਉਸ ਦੇ ਭਰਾ ਪ੍ਰਗਟ ਸਿੰਘ ਉਰਫ ਪੈਰੀ ਨਵਾਬ ਨਿਵਾਸੀ ਸੰਦਲੀ ਬੋਹਾ (ਮਾਨਸਾ) ਖਿਲਾਫ਼ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੇ ਬਿਆਨ 'ਚ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਉਕਤ ਟਰੈਵਲ ਏਜੰਟਾਂ ਦੇ ਝਾਂਸੇ ਵਿਚ ਆ ਕੇ ਆਪਣੇ ਪੁੱਤਰ ਜਸਕਰਨ ਸਿੰਘ ਨੂੰ ਕੈਨੇਡਾ ਭੇਜਣ ਲਈ 2016 ਤੇ 2017 'ਚ ਵੱਖ-ਵੱਖ ਦਿਨਾਂ ਨੂੰ ਕੁਲ 25 ਲੱਖ 50 ਹਜ਼ਾਰ ਰੁਪਏ ਉਕਤ ਏਜੰਟਾਂ ਨੂੰ ਦਿੱਤੇ ਸਨ, ਜਿਨ੍ਹਾਂ ਜਸਕਰਨ ਨੂੰ 25 ਮਈ 2017 ਨੂੰ ਪਹਿਲਾਂ ਗੁਹਾਟੀ ਅਤੇ ਫਿਰ ਮੁੰਬਈ ਦੀ ਫਲਾਈਟ 'ਤੇ ਚੜ੍ਹਾ ਦਿੱਤਾ। 18 ਨਵੰਬਰ 2017 ਨੂੰ ਉਕਤ ਏਜੰਟਾਂ ਨੇ ਉਸ ਦੇ ਬੇਟੇ ਦੀ ਫੋਨ 'ਤੇ ਗੱਲ ਕਰਵਾਈ ਕਿ ਉਹ ਕੈਨੇਡਾ ਪਹੁੰਚ ਗਿਆ ਹੈ, ਜਿਸ 'ਤੇ ਉਨ੍ਹਾਂ ਵਾਅਦੇ ਅਨੁਸਾਰ ਕੁੱਲ ਰਕਮ 'ਚੋਂ ਰਹਿੰਦੇ 16 ਲੱਖ ਰੁਪਏ ਵੀ ਉਨ੍ਹਾਂ ਨੂੰ ਦੇ ਦਿੱਤੇ। ਉਹ ਖੁਸ਼ ਸਨ ਕਿ ਉਨ੍ਹਾਂ ਦਾ ਪੁੱਤਰ ਕੈਨੇਡਾ ਪਹੁੰਚ ਗਿਆ ਹੈ। 26 ਨਵੰਬਰ ਨੂੰ ਉਨ੍ਹਾਂ ਦੇ ਪੈਰਾਂ ਹੇਠੋਂ ਉਸ ਸਮੇਂ ਜ਼ਮੀਨ ਖਿਸਕ ਗਈ ਜਦੋਂ ਜਸਕਰਨ ਬੁਰੀ ਹਾਲਤ ਵਿਚ ਘਰ ਪਰਤ ਆਇਆ। ਉਸ ਨੇ ਆਪਣੀ ਦੁੱਖ ਭਰੀ ਕਹਾਣੀ ਦੱਸੀ ਕਿ ਕੈਨੇਡਾ ਪਹੁੰਚਣ ਦਾ ਫੋਨ ਟਰੈਵਲ ਏਜੰਟਾਂ ਵੱਲੋਂ ਉਸ ਕੋਲੋਂ ਡਰਾ-ਧਮਕਾ ਕੇ ਕਰਵਾਇਆ ਗਿਆ ਸੀ। ਉਕਤ ਏਜੰਟਾਂ ਨੇ ਗੁਹਾਟੀ ਵਿਚ ਉਸ ਸਮੇਤ ਕਈ ਹੋਰ ਲੜਕਿਆਂ ਨੂੰ ਵੀ ਬੰਦੀ ਬਣਾ ਕੇ ਉਨ੍ਹਾਂ ਉੱਤੇ ਅੱਤਿਆਚਾਰ ਕੀਤਾ। ਜਦੋਂ ਏਜੰਟ ਉਸ ਨੂੰ ਮਾਰਨ ਦੀ ਸਾਜ਼ਿਸ਼ ਤਹਿਤ ਗੁਹਾਟੀ ਤੋਂ ਕੋਲਕਾਤਾ ਲਿਜਾ ਰਹੇ ਸਨ ਤਾਂ ਉਹ ਕਿਸੇ ਤਰ੍ਹਾਂ ਉਨ੍ਹਾਂ ਦੇ ਚੁੰਗਲ 'ਚੋਂ ਨਿਕਲਣ ਵਿਚ ਸਫਲ ਹੋ ਗਿਆ। ਪੁਲਸ ਨੇ ਜਾਂਚ ਤੋਂ ਬਾਅਦ ਹੁਣ ਉਕਤ ਏਜੰਟਾਂ ਖਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News