ਭਾਖੜਾ ਤੇ ਰਣਜੀਤ ਸਾਗਰ ਸਮੇਤ ਸਾਰੇ ਡੈਮਾਂ ''ਚ ਪਾਣੀ ਦਾ ਪੱਧਰ ਘਟਿਆ

05/24/2018 12:29:56 AM

ਚੰਡੀਗੜ੍ਹ/ਪਟਿਆਲਾ (ਪਰਮੀਤ) - ਝੋਨੇ ਦਾ ਸੀਜ਼ਨ ਸ਼ੁਰੂ ਹੋਣ ਤੋਂ ਕੁਝ ਹੀ ਸਮਾਂ ਪਹਿਲਾਂ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਲਈ ਮੁਸ਼ਕਲ ਭਰੀ ਖਬਰ ਹੈ ਕਿ ਭਾਖੜਾ ਤੇ ਰਣਜੀਤ ਸਾਗਰ ਸਮੇਤ ਇਸ ਦੇ ਸਾਰੇ ਹੀ ਡੈਮਾਂ ਵਿਚ ਪਾਣੀ ਦਾ ਪੱਧਰ ਘਟ ਗਿਆ ਹੈ। ਭਾਖੜਾ ਡੈਮ ਵਿਚ ਪਿਛਲੇ ਸਾਲ ਮੌਜੂਦਾ ਸਮੇਂ 'ਚ 1541.57 ਫੁੱਟ ਪਾਣੀ ਸੀ। ਐਤਕੀਂ ਘਟ ਕੇ 1498.24 ਫੁੱਟ ਰਹਿ ਗਿਆ ਹੈ। ਇਸ ਤਰ੍ਹਾਂ ਤਕਰੀਬਨ 43 ਫੁੱਟ ਪਾਣੀ ਪਿਛਲੇ ਸਾਲ ਦੇ ਪੱਧਰ ਨਾਲੋਂ ਘੱਟ ਹੈ।
ਇਸੇ ਤਰ੍ਹਾਂ ਡੇਹਰ ਡੈਮ ਵਿਚ ਪਿਛਲੇ ਸਾਲ 2925.32 ਫੁੱਟ ਪਾਣੀ ਸੀ ਜੋ ਐਤਕੀਂ 2923.22 ਫੁੱਟ ਹੈ। ਤਕਰੀਬਨ 2 ਫੁੱਟ ਘੱਟ ਹੈ। ਪੌਂਗ ਡੈਮ ਵਿਚ ਪਾਣੀ ਦਾ ਪੱਧਰ ਜੋ ਪਿਛਲੇ ਸਾਲ 1294.99 ਫੁੱਟ ਸੀ, ਉਹ ਐਤਕੀਂ 1288.57 ਫੁੱਟ ਹੈ। ਰਣਜੀਤ ਸਾਗਰ ਡੈਮ ਵਿਚ ਪਿਛਲੇ ਸਾਲ 513.96 ਮੀਟਰ ਪਾਣੀ ਸੀ ਜਦਕਿ ਐਤਕੀਂ ਇਹ ਘਟ ਕੇ 498.84 ਮੀਟਰ ਹੈ ਜੋ ਕਿ ਕਾਫੀ ਘੱਟ ਮੰਨਿਆ ਜਾ ਰਿਹਾ ਹੈ। ਇੰਨਾ ਹੀ ਨਹੀਂ, ਸਗੋਂ ਡੈਮਾਂ ਵਿਚ ਪਾਣੀ ਦੀ ਆਮਦ 'ਚ ਵੀ ਪਿਛਲੇ ਸਾਲ ਦੇ ਮੁਕਾਬਲੇ ਘਟੀ ਹੈ। ਪਿਛਲੇ ਸਾਲ ਭਾਖੜਾ ਡੈਮ ਵਿਚ ਮੌਜੂਦਾ ਸਮੇਂ ਵਿਚ ਪਾਣੀ ਦੀ ਆਮਦ 11244 ਕਿਊਸਿਕ ਸੀ ਜੋ ਕਿ ਹੁਣ ਤੱਕ 110009 ਕਿਊਸਿਕ ਰਹਿ ਗਈ ਹੈ। ਇਸੇ ਤਰ੍ਹਾਂ ਡੇਹਰ ਡੈਮ ਵਿਚ 7353 ਕਿਊਸਿਕ ਪਾਣੀ ਪਿਛਲੇ ਸਾਲ ਆ ਰਿਹਾ ਸੀ ਜੋ ਐਤਕੀਂ ਘਟ ਕੇ 5768 ਕਿਊਸਿਕ ਰਹਿ ਗਿਆ ਹੈ। ਪੌਂਗ ਡੈਮ ਦੇ ਮਾਮਲੇ ਵਿਚ ਵੀ ਅਜਿਹੀ ਹੀ ਸਥਿਤੀ ਬਣੀ ਹੋਈ ਹੈ ਜਿਥੇ ਪਿਛਲੇ ਸਾਲ 2369 ਕਿਊਸਿਕ ਪਾਣੀ ਦੀ ਆਮਦ ਸੀ ਜੋ ਐਤਕੀਂ ਘਟ ਕੇ 1424 ਕਿਊਸਿਕ ਰਹਿ ਗਈ ਹੈ। ਰਣਜੀਤ ਸਾਗਰ ਡੈਮ ਦੇ ਮਾਮਲੇ ਵਿਚ ਵੀ ਸਥਿਤੀ ਇਹੋ ਜਿਹੀ ਹੀ ਹੈ ਜਿਥੇ ਪਿਛਲੇ ਸਾਲ 7886 ਕਿਊਸਿਕ ਪਾਣੀ ਦੀ ਆਮਦ ਸੀ ਜੋ ਕਿ 5591 ਕਿਊਸਿਕ ਰਹਿ ਗਈ ਹੈ। ਇਸ ਸਥਿਤੀ ਨੂੰ ਵੇਖਦਿਆਂ ਐਤਕੀਂ ਡੈਮਾਂ ਵਿਚੋਂ ਪਾਣੀ ਛੱਡਣ ਦੀ ਮਾਤਰਾ ਵੀ ਘਟਾਈ ਹੈ। ਡੇਅਰ ਡੈਮ ਵਿਚ ਜਿਥੇ ਪਿਛਲੇ ਸਾਲ ਮੌਜੂਦਾ ਸਮੇਂ ਵਿਚ 6142 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ, ਉਥੇ ਹੀ ਇਹ ਮਾਤਰਾ ਐਤਕੀਂ 5369 ਕਿਊਸਿਕ ਰੱਖੀ ਗਈ ਹੈ। ਪੌਂਗ ਡੈਮ ਵਿਚੋਂ ਪਿਛਲੇ ਸਾਲ 5578 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ ਜੋ ਕਿ ਐਤਕੀਂ 4618 ਕਿਊਸਿਕ 'ਤੇ ਸੀਮਤ ਕੀਤਾ ਗਿਆ ਹੈ। ਰਣਜੀਤ ਸਾਗਰ ਡੈਮ ਵਿਚੋਂ ਪਿਛਲੇ ਸਾਲ 10288 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ। ਐਤਕੀਂ ਇਸ ਦੀ ਮਾਤਰਾ 5197 ਕਿਊਸਿਕ 'ਤੇ ਹੀ ਸੀਮਤ ਕਰ ਦਿੱਤੀ ਗਈ ਹੈ।
ਡੈਮਾਂ ਵਿਚ ਪਾਣੀ ਦਾ ਘਟਣਾ ਪਾਵਰਕਾਮ ਲਈ ਚਿੰਤਾਜਨਕ ਮੰਨਿਆ ਜਾਂਦਾ ਹੈ। ਪਾਵਰਕਾਮ ਇਸ ਵੇਲੇ ਤੱਕ ਮੰਗ ਤੇ ਸਪਲਾਈ ਬਰਾਬਰ ਬਰਕਰਾਰ ਰੱਖਣ ਵਿਚ ਸਫਲ ਰਿਹਾ ਹੈ। ਮਈ ਮਹੀਨੇ ਦੇ ਸ਼ੁਰੂ ਵਿਚ ਜਿਥੇ ਬਿਜਲੀ ਦੀ ਮੰਗ 1470 ਲੱਖ ਯੂਨਿਟ ਸੀ, ਉਹ ਹੁਣ ਵਧ ਕੇ 1774 ਲੱਖ ਯੂਨਿਟ ਹੋ ਗਈ ਹੈ। ਇਸ ਤਰ੍ਹਾਂ ਇਸ ਵਿਚ 300 ਲੱਖ ਯੂਨਿਟ ਦਾ ਵਾਧਾ ਦਰਜ ਕੀਤਾ ਗਿਆ ਹੈ।


Related News