ਕੇਂਦਰੀ ਸੈਂਸਰ ਬੋਰਡ ''ਚ 2 ਸਿੱਖ ਵਿਦਵਾਨ ਲਏ ਜਾਣ : ਪ੍ਰੋ. ਬਡੂੰਗਰ

05/25/2018 10:15:34 AM

ਪਟਿਆਲਾ (ਜੋਸਨ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਿੱਖ ਸੈਂਸਰ ਬੋਰਡ ਬਣਾਏ ਜਾਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਨੂੰ ਤਰੋੜ-ਮਰੋੜ ਕੇ ਪੇਸ਼ ਕਰਨ ਵਾਲੀਆਂ ਵਿਵਾਦਤ ਫਿਲਮਾਂ ਨੂੰ ਲੈ ਕੇ ਬਣਾਏ ਗਏ ਸੈਂਸਰ ਬੋਰਡ ਸਥਾਪਤ ਕੀਤੇ ਜਾਣ ਦਾ ਫੈਸਲਾ ਸ਼ਲਾਘਾਯੋਗ ਹੈ। ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ ਨੇ ਕਿਹਾ ਕਿ ਸਿੱਖ ਸੈਂਸਰ ਬੋਰਡ ਦੀ ਸਥਾਪਨਾ ਨਾਲ ਵਾਦ-ਵਿਵਾਦ ਨੂੰ ਸਿੱਖਾਂ ਦੇ ਗੰਭੀਰ ਮਸਲਿਆਂ ਅਤੇ ਧਾਰਮਕ ਮਸਲਿਆਂ ਨੂੰ ਸਹੀ ਢੰਗ ਨਾਲ ਤਾਂ ਹੀ ਨਜਿੱਠਿਆ ਜਾ ਸਕਦਾ, ਜਦੋਂ ਸ਼੍ਰੋਮਣੀ ਕਮੇਟੀ ਵੱਲੋਂ 2 ਸਿੱਖ ਵਿਦਵਾਨ ਨੁਮਾਇੰਦਿਆਂ ਨੂੰ ਕੇਂਦਰੀ ਸਰਕਾਰੀ ਸੈਂਸਰ ਬੋਰਡ 'ਚ ਸ਼ਾਮਲ ਕਰ ਲਿਆ ਜਾਵੇ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ, ਸਿੱਖ ਧਰਮ ਅਤੇ ਗੁਰੂ ਸਾਹਿਬਾਨ ਨਾਲ ਸਬੰਧਤ ਕਈ ਡਾਕੂਮੈਂਟਰੀ, ਫੀਚਰ ਤੇ ਐਨੀਮੇਸ਼ਨਾਂ ਫਿਲਮਾਂ ਨੂੰ ਲੈ ਕੇ ਵਾਦ-ਵਿਵਾਦ ਉਤਪੰਨ ਹੋਏ ਹਨ, ਜਿਸ ਨਾਲ ਸਿੱਖ ਕੌਮ ਅਤੇ ਖਾਲਸਾ ਪੰਥ 'ਚ ਕਾਫੀ ਰੋਸ ਪੈਦਾ ਹੋਇਆ ਹੈ। 
ਸਾਬਕਾ ਪ੍ਰਧਾਨ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਕਾਫੀ ਲੰਮੇ ਸਮੇਂ ਤੋਂ ਇਹ ਮੰਗ ਚਲਦੀ ਆ ਰਹੀ ਹੈ ਕਿ 2 ਸਿੱਖ ਵਿਦਵਾਨਾਂ ਨੂੰ ਕੇਂਦਰੀ ਸਰਕਾਰੀ ਸੈਂਸਰ ਬੋਰਡ 'ਚ ਸ਼ਾਮਲ ਕੀਤਾ ਜਾਵੇ। ਅਜਿਹੀ ਮੰਗ ਨੂੰ ਲੈ ਕੇ ਮਤਾ ਵੀ ਪ੍ਰਵਾਨ ਹੋਇਆ ਸੀ ਪਰ ਸਿੱਖ ਵਿਦਵਾਨਾਂ ਨੂੰ ਸੈਂਸਰ ਬੋਰਡ 'ਚ ਸ਼ਾਮਲ ਕੀਤੇ ਜਾਣ ਦੀ ਮੰਗ ਜਿਉਂ ਦੀ ਤਿਉਂ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਚਾਹੀਦਾ ਹੈ ਕਿ ਸਿੱਖ ਇਤਿਹਾਸ ਨਾਲ ਛੇੜਛਾੜ ਅਤੇ ਗੁਰੂ ਸਾਹਿਬਾਨ ਨਾਲ ਸਬੰਧਤ ਬਣਨ ਵਾਲੀਆਂ ਫਿਲਮਾਂ ਤੋਂ ਉਠਦੇ ਵਾਦ-ਵਿਵਾਦ ਨੂੰ ਨਜਿੱਠਣ ਲਈ ਗੰਭੀਰਤਾ ਨਾਲ ਸ਼੍ਰੋਮਣੀ ਕਮੇਟੀ ਵੱਲੋਂ 2 ਸਿੱਖ ਵਿਦਵਾਨ ਨੁਮਾਇੰਦੇ ਕੇਂਦਰੀ ਸਰਕਾਰੀ ਸੈਂਸਰ ਬੋਰਡ 'ਚ ਸ਼ਾਮਲ ਕੀਤੇ ਜਾਣ ਲਈ ਪਹਿਲਕਦਮੀ ਕਰਨੀ ਚਾਹੀਦੀ ਹੈ ਤਾਂ ਜੋ ਭਵਿੱਖੀ ਚੁਣੌਤੀਆਂ ਅਤੇ ਉਠਦੇ ਵਾਦ-ਵਿਵਾਦਾਂ ਨੂੰ ਠੱਲ੍ਹ ਪਾਈ ਜਾ ਸਕੇ।  


Related News