ਬਿਜਲੀ ਵਿਭਾਗ ਨੇ ਸ਼ਹਿਰ ''ਚ ਸ਼ੁਰੂ ਕੀਤਾ ਅਣਐਲਾਨਿਆ ਪਾਵਰ ਕੱਟ

Monday, May 21, 2018 - 05:28 AM (IST)

ਬਿਜਲੀ ਵਿਭਾਗ ਨੇ ਸ਼ਹਿਰ ''ਚ ਸ਼ੁਰੂ ਕੀਤਾ ਅਣਐਲਾਨਿਆ ਪਾਵਰ ਕੱਟ

ਚੰਡੀਗੜ੍ਹ, (ਵਿਜੇ)- ਤਾਪਮਾਨ ਵਧਣ ਦੇ ਨਾਲ ਹੀ ਸ਼ਹਿਰ 'ਚ ਬਿਜਲੀ ਦੇ ਅਣਐਲਾਨੇ ਕੱਟ ਦਾ ਦੌਰ ਵੀ ਸ਼ੁਰੂ ਹੋ ਚੁੱਕਾ ਹੈ। ਆਏ ਦਿਨ ਕਈ ਸੈਕਟਰਾਂ ਵਿਚ ਬਿਜਲੀ ਵਿਭਾਗ ਵਲੋਂ ਮੁਰੰਮਤ ਦੇ ਕੰਮ ਦੇ ਨਾਂ 'ਤੇ ਲੰਬੇ ਕੱਟ ਲਾਏ ਜਾ ਰਹੇ ਹਨ। ਕਈ ਸੈਕਟਰ ਅਜਿਹੇ ਵੀ ਹਨ, ਜਿਥੇ ਆਏ ਦਿਨ ਬਿਜਲੀ ਦੇ ਕੱਟ ਲੱਗ ਰਹੇ ਹਨ। ਯੂ. ਟੀ. ਦੇ ਇਲੈਕਟ੍ਰੀਸਿਟੀ ਡਿਪਾਰਟਮੈਂਟ ਨੇ ਵੀ ਇਸ ਸਾਲ ਬਿਜਲੀ ਦੀ ਮੰਗ 430 ਮੈਗਾਵਾਟ ਤਕ ਪੁੱਜਣ ਦਾ ਅਨੁਮਾਨ ਲਾਇਆ ਹੈ। ਯਾਨੀ ਇਹ ਉਹ ਵੱਧ ਮੰਗ ਹੈ, ਜਿਸਦੀ ਇਸ ਸਾਲ ਗਰਮੀਆਂ 'ਚ ਸ਼ਹਿਰ ਦੇ ਲੋਕਾਂ ਨੂੰ ਜ਼ਰੂਰਤ ਪੈ ਸਕਦੀ ਹੈ ਪਰ ਡਿਪਾਰਟਮੈਂਟ ਇਕ ਸਾਲ ਬੀਤਣ ਦੇ ਬਾਵਜੂਦ 420 ਮੈਗਾਵਾਟ ਬਿਜਲੀ ਦਾ ਪ੍ਰਬੰਧ ਨਹੀਂ ਕਰ ਸਕਿਆ। 
ਇਹੀ ਨਹੀਂ, ਹਰ ਸਾਲ ਜੋ 30 ਮੈਗਾਵਾਟ ਬਿਜਲੀ ਜੰਮੂ ਤੋਂ ਚੰਡੀਗੜ੍ਹ ਨੂੰ ਚਾਰ ਮਹੀਨਿਆਂ ਲਈ ਮਿਲਦੀ ਸੀ, ਉਹ ਵੀ ਹੁਣ ਨਹੀਂ ਮਿਲ ਰਹੀ ਹੈ। ਖਾਸ ਗੱਲ ਇਹ ਹੈ ਕਿ ਪਿਛਲੇ ਸਾਲ ਚੰਡੀਗੜ੍ਹ ਦੀ ਪੀਕ ਡਿਮਾਂਡ 410 ਮੈਗਾਵਾਟ ਤਕ ਪਹੁੰਚ ਚੁੱਕੀ ਸੀ। ਉਸ ਸਮੇਂ ਡਿਪਾਰਟਮੈਂਟ ਨੂੰ ਮਜਬੂਰੀ 'ਚ ਕਈ ਜਗ੍ਹਾ ਅਣਐਲਾਨੇ ਬਿਜਲੀ ਦੇ ਕੱਟ ਲਾਉਣ ਪਏ ਸਨ। ਹੁਣ ਅੰਦਾਜ਼ਾ ਹੈ ਕਿ ਚੰਡੀਗੜ੍ਹ ਦੀ ਡਿਮਾਂਡ 430 ਮੈਗਾਵਾਟ ਤਕ ਪਹੁੰਚ ਜਾਵੇਗੀ। ਅਜਿਹੇ 'ਚ ਸ਼ਹਿਰ ਦੇ 2.17 ਲੱਖ ਖਪਤਕਾਰਾਂ ਨੂੰ ਪਹਿਲਾਂ ਤੋਂ ਹੀ ਬਿਜਲੀ ਦੇ ਅਣਐਲਾਨੇ ਕੱਟ ਲਈ ਤਿਆਰ ਰਹਿਣਾ ਹੋਵੇਗਾ। ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੀਕ ਡਿਮਾਂਡ ਤਕ ਪੁੱਜਣ ਲਈ ਹੋਰ ਬਦਲਾਂ 'ਤੇ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ।  
ਪੀਕ ਆਵਰਸ 'ਚ ਹੋਵੇਗੀ ਜ਼ਿਆਦਾ ਪ੍ਰੇਸ਼ਾਨੀ
ਗਰਮੀਆਂ 'ਚ ਦਿਨ ਦੇ ਕੁਝ ਘੰਟੇ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਪੀਕ ਆਵਰਸ ਵਿਚ ਕਾਊਂਟ ਕੀਤਾ ਜਾਂਦਾ ਹੈ। ਇਹ ਪੀਕ ਆਵਰਸ ਆਮ ਤੌਰ 'ਤੇ ਸ਼ਾਮ 6 ਤੋਂ ਰਾਤ 10 ਵਜੇ ਤਕ ਹੁੰਦੇ ਹਨ। ਯਾਨੀ ਇਨ੍ਹਾਂ ਚਾਰ ਘੰਟਿਆਂ ਦੌਰਾਨ ਚੰਡੀਗੜ੍ਹ ਨੂੰ ਸਭ ਤੋਂ ਜ਼ਿਆਦਾ ਬਿਜਲੀ ਦੀ ਜ਼ਰੂਰਤ ਪੈਂਦੀ ਹੈ। ਇਸ ਤੋਂ ਇਲਾਵਾ ਰਾਤ 10 ਤੋਂ ਸਵੇਰੇ 6 ਵਜੇ ਤਕ ਵੀ ਆਫ ਪੀਕ ਲੋਡ ਡਿਕਲੇਅਰ ਕੀਤਾ ਗਿਆ ਹੈ। ਇਹੀ ਕਾਰਨ ਹੈ ਕਿ ਇਨ੍ਹਾਂ ਘੰਟਿਆਂ ਦੌਰਾਨ ਸਭ ਤੋਂ ਜ਼ਿਆਦਾ ਬਿਜਲੀ ਦੇ ਕੱਟ ਲੋਕਾਂ ਨੂੰ ਝੱਲਣੇ ਪੈਣਗੇ।   


Related News