ਕਰਜ਼ਾਈ ਕਿਸਾਨਾਂ ਨੂੰ ਜੇਲਾਂ ਵਿਚ ਡੱਕਣ ''ਤੇ ਬੈਂਕ ਅੱਗੇ ਲਾਇਆ ਧਰਨਾ

05/20/2018 4:20:22 PM

ਰਾਮਪੁਰਾ ਫੂਲ (ਤਰਸੇਮ)-ਕਰਜ਼ਾ ਮੋੜਨ ਤੋਂ ਅਸਮਰਥ ਕਰਜ਼ਾਈ ਕਿਸਾਨਾਂ ਨੂੰ ਬੈਂਕਾਂ ਵੱਲੋਂ ਖਾਲੀ ਚੈੱਕਾਂ ਦੀ ਵਰਤੋਂ ਕਰ ਕੇ ਜੇਲਾਂ ਵਿਚ ਡੱਕਣ ਦੀ ਕਾਰਵਾਈ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਖੇਤੀਬਾੜੀ ਵਿਕਾਸ ਬੈਂਕ ਰਾਮਪੁਰਾ ਮੰਡੀ ਅੱਗੇ ਧਰਨਾ ਲਾ ਕੇ ਬੈਂਕ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਸੁਖਦੇਵ ਸਿੰਘ ਜਵੰਧਾ ਨੇ ਕਿਹਾ ਕਿ ਹੱਡ ਭੰਨਵੀਂ ਮਿਹਨਤ ਕਰ ਕੇ ਦੇਸ਼ ਦਾ ਢਿੱਡ ਭਰਨ ਵਾਲੇ ਅੰਨਦਾਤੇ ਨੂੰ ਸਰਕਾਰ ਵੱਲੋਂ ਜ਼ਲੀਲ ਕਰ ਕੇ ਮਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਅਨਾਜ, ਤੇਲ ਬੀਜ, ਫਲ, ਸਬਜ਼ੀਆਂ, ਰੂੰ ਅਤੇ ਦੁੱਧ ਦੀ ਰਿਕਾਰਡਤੋੜ ਪੈਦਾਵਾਰ ਕੀਤੀ। ਪਰ ਸਰਕਾਰਾਂ ਦੀ ਖੋਟੀ ਨੀਅਤ ਅਤੇ ਅੰਨ੍ਹੀ ਲੁੱਟ ਕਾਰਨ ਕਿਸਾਨਾਂ ਪੱਲੇ ਕਰਜ਼ਾ, ਬੀਮਾਰੀਆਂ ਅਤੇ ਖੁਦਕੁਸ਼ੀਆਂ ਪਈਆਂ ਹਨ। ਜਦੋਂ ਕਿ ਖਾਦਾਂ, ਸਪਰੇਆਂ, ਬੀਜਾਂ ਅਤੇ ਮਸ਼ੀਨਰੀ ਬਣਾਉਣ ਵਾਲੀਆਂ ਕੰਪਨੀਆਂ, ਉਨ੍ਹਾਂ ਦੇ ਡਿਸਟੀਬਿਊਟਰ ਅਤੇ ਆੜ੍ਹਤੀਆਂ ਦਾ ਸਰਮਾਇਆ ਛੱਲਾਂ ਮਾਰ ਰਿਹਾ ਹੈ।  ਕਿਸਾਨ ਆਗੂਆਂ ਨੇ ਕੈਪਟਨ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਹੱਥ 'ਚ ਗੁੱਟਕਾ ਸਾਹਿਬ ਫੜ ਕੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਕਰਨ ਵਾਲਾ ਅੱਜ ਕਿੱਧਰ ਸੁੱਤਾ ਪਿਆ ਹੈ। ਉਨ੍ਹਾਂ ਦੱਸਿਆ ਕਿ ਖੇਤੀ ਵਿਕਾਸ ਬੈਂਕ ਦੇ ਅਧਿਕਾਰੀਆਂ ਵੱਲੋਂ ਗੈਰ-ਕਾਨੂੰਨੀ ਢੰਗ ਅਪਣਾਉਂਦਿਆਂ ਮਜਬੂਰ ਕਿਸਾਨਾਂ ਕੋਲੋਂ ਲਏ ਖਾਲੀ ਚੈੱਕਾਂ 'ਤੇ ਆਪ ਰਕਮਾਂ ਭਰ ਕੇ ਚੈੱਕ ਬਾਊਂਸ ਕਰਵਾ ਕੇ ਕਿਸਾਨ ਮਿੱਠੂ ਸਿੰਘ ਝੰਡੂਕੇ, ਕਰਮਜੀਤ ਸਿੰਘ ਕੋਟੜਾ ਨੰਦਗੜ੍ਹ, ਕੇਵਲ ਸਿੰਘ ਝੰਡੂਕੇ, ਬਲਦੇਵ ਸਿੰਘ ਝੰਡੂਕੇ, ਮੁਖਤਿਆਰ ਸਿੰਘ ਰਾਮਪੁਰਾ, ਜਰਨੈਲ ਸਿੰਘ ਜੇਠੂਕੇ, ਅਤੇ ਗੁਰਪ੍ਰੀਤ ਸਿੰਘ ਜੇਠੂਕੇ ਖਿਲਾਫ 420 ਧਾਰਾ ਲੁਆ ਕੇ ਜੇਲ ਵਿਚ ਭੇਜ ਦਿੱਤਾ ਹੈ। 
ਉੁਨ੍ਹਾਂ ਕਿਹਾ ਕਿ ਮਜਬੂਰ ਕਿਸਾਨਾਂ ਨੂੰ ਛੋਟੀਆਂ-ਛੋਟੀਆਂ ਮਾਮੂਲੀ ਰਕਮਾਂ ਪਿੱਛੇ ਜ਼ਲੀਲ ਕਰ ਕੇ ਮਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਵੱਡੇ-ਵੱਡੇ ਅਮੀਰ ਘਰਾਣਿਆਂ ਵੱਲੋਂ ਅਰਬਾਂ-ਖਰਬਾਂ ਦੀਆਂ ਰਕਮਾਂ ਹੜੱਪਣ 'ਤੇ ਉਨ੍ਹਾਂ ਦਾ ਨਾਂ ਵੀ ਲੋਕਾਂ ਸਾਹਮਣੇ ਨਸ਼ਰ ਨਹੀਂ ਕੀਤਾ ਜਾ ਰਿਹਾ। ਕਿਸਾਨ ਆਗੂਆਂ ਨੇ ਸੂਬੇ ਵੱਲੋਂ 28 ਮਈ ਨੂੰ ਖੇਤੀਬਾੜੀ ਵਿਕਾਸ ਬੈਂਕਾਂ ਦੇ ਜ਼ਿਲਾ ਦਫਤਰਾਂ 'ਤੇ ਧਰਨਾ ਮਾਰਨ ਲਈ ਕਾਫਲੇ ਬੰਨ੍ਹ ਕੇ ਪਹੁੰਚਣ ਦਾ ਸੱਦਾ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਜੇਲਾਂ ਵਿਚ ਭੇਜੇ ਗਏ ਕਿਸਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਤੇ ਕਿਸਾਨਾਂ ਤੋਂ ਲਏ ਗਏ ਖਾਲੀ ਚੈੱਕ ਵਾਪਸ ਕੀਤੇ ਜਾਣ ਅਤੇ ਕਰਜ਼ਾ ਮੋੜਨ ਤੋਂ ਅਸਮਰਥ ਕਿਸਾਨਾਂ ਦੀਆਂ ਗ੍ਰਿਫਤਾਰੀਆਂ, ਕੁਰਕੀਆਂ 'ਤੇ ਮੁਕੰਮਲ ਰੋਕ ਲਾ ਕੇ ਕਿਸਾਨਾਂ ਦੇ ਸਮੁੱਚੇ ਕਰਜ਼ੇ 'ਤੇ ਲੀਕ ਮਾਰੀ ਜਾਵੇ। ਇਸ ਧਰਨੇ ਨੂੰ ਕਿਸਾਨ ਆਗੂ ਮੋਠੂ ਸਿੰਘ ਕੋਟੜਾ, ਜਗਜੀਤ ਸਿੰਘ ਭੂੰਦੜ, ਹਰੀ ਸਿੰਘ ਰਾਮਨਿਵਾਸ, ਬਾਬੂ ਸਿੰਘ ਮੰਡੀ ਖੁਰਦ ਤੇ ਜਸਵੰਤ ਸਿੰਘ ਘੜੈਲਾ ਨੇ ਵੀ ਸੰਬੋਧਨ ਕੀਤਾ। 


Related News