ਸਾਬਕਾ ਸਰਪੰਚ ਦੀ ਕੀਤੀ ਸ਼ਰੇਆਮ ਕੁੱਟ-ਮਾਰ, 4 ਖਿਲਾਫ ਮਾਮਲਾ ਦਰਜ

Tuesday, May 22, 2018 - 04:44 AM (IST)

ਸ਼ੁਤਰਾਣਾ/ਪਾਤੜਾਂ, (ਅਡਵਾਨੀ)- ਪਿੰਡ ਸ਼ੁਤਰਾਣਾ ਦੇ ਸ਼ਰਾਬ ਠੇਕੇਦਾਰ ਵੱਲੋਂ ਸਾਬਕਾ ਸਰਪੰਚ ਦੀ ਸ਼ਰੇਆਮ ਕੁੱਟ-ਮਾਰ ਕਰ ਕੇ ਧੱਕੇਸ਼ਾਹੀ ਦੇ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜ਼ਖਮੀ ਸਾਬਕਾ ਸਰਪੰਚ ਸਰਕਾਰੀ ਹਸਪਤਾਲ ਵਿਖੇ ਜ਼ੇਰੇ-ਇਲਾਜ ਹੈ। ਉਸ ਵੱਲੋਂ ਠੇਕੇਦਾਰ ਦੇ ਮੁਲਾਜ਼ਮਾਂ 'ਤੇ ਬੇਰਹਿਮੀ ਨਾਲ ਕੁੱਟ-ਮਾਰ ਕਰਨ ਤੇ 70 ਹਜ਼ਾਰ ਰੁਪਏ ਖੋਹਣ ਦਾ ਦੋਸ਼ ਲਾਇਆ ਜਾ ਰਿਹਾ ਹੈ। ਪੁਲਸ ਨੇ ਉਸ ਦੇ ਬਿਆਨਾਂ 'ਤੇ 4 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਦਿੱਤਾ ਪਰ ਰੁਪਏ ਲੁੱਟਣ ਦੇ ਦੋਸ਼ਾਂ ਨੂੰ ਨਕਾਰਿਆ ਹੈ। ਇਹ ਠੇਕਾ ਹਲਕਾ ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ ਦਾ ਹੈ। ਉਨ੍ਹਾਂ ਠੇਕੇ ਦੇ ਮੁਲਾਜ਼ਮਾਂ ਦੀਆਂ ਧੱਕੇਸ਼ਾਹੀ ਦੀਆਂ ਲਗਾਤਾਰ ਆ ਰਹੀਆਂ ਸ਼ਿਕਾਇਤਾਂ ਹੋਣ ਕਾਰਨ ਐੈੱਸ. ਐੈੱਚ. ਓ. ਨੂੰ ਇਨਸਾਫ ਦੇਣ ਲਈ ਮਾਮਲੇ ਵਿਚ ਕੋਈ ਦਖਲਅੰਦਾਜ਼ੀ ਨਹੀਂ ਕੀਤੀ। ਇਸੇ ਕਾਰਨ ਪੁਲਸ ਨੂੰ ਮਾਮਲਾ ਦਰਜ ਕਰਨ ਵਿਚ ਕੋਈ ਮੁਸ਼ਕਲ ਨਹੀਂ ਆਈ। 
ਜਾਣਕਾਰੀ ਅਨੁਸਾਰ ਸ਼ੁਤਰਾਣਾ ਦੇ ਐੱਸ. ਐੈੱਚ. ਓ. ਦਰਸ਼ਨ ਸਿੰਘ ਨੇ ਦੱਸਿਆ ਕਿ ਪ੍ਰਕਾਸ਼ ਚੰਦ ਜੋ ਸਾਬਕਾ ਸਰਪੰਚ ਹੈ, ਉਹ ਅਹਾਤੇ ਵਿਚ ਸ਼ਰਾਬ ਪੀ ਰਿਹਾ ਸੀ। ਜਦੋਂ ਉਹ ਘਰ ਜਾਣ ਲੱਗਾ ਤਾਂ ਅਹਾਤੇ ਵਾਲੇ ਨੇ ਇਸ ਤੋਂ ਸਾਮਾਨ ਦੇ ਰੁਪਏ ਮੰਗੇ। 
ਉਸ ਨੇ ਕਿਹਾ ਕਿ ਮੈਂ ਰੁਪਏ ਦੇ ਦਿੱਤੇ ਹਨ। ਅਹਾਤੇ ਵਾਲੇ ਵਜਿੰਦਰ ਨੇ ਆਪਣੇ 3 ਹੋਰ ਮੁਲਾਜ਼ਮਾਂ ਭੀਮ ਸੈਨ, ਕਰਮ ਚੰਦ ਅਤੇ ਪੰਜਾਬ ਸਿੰਘ ਨੂੰ ਸੱਦ ਕੇ ਪ੍ਰਕਾਸ਼ ਚੰਦ ਦੀ ਬੇਰਹਿਮੀ ਨਾਲ ਕੁੱਟ-ਮਾਰ ਕੀਤੀ। ਇਸ ਦੀ ਕਿਸੇ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਡਾਕਟਰੀ ਰਿਪੋਰਟ ਆਉਣ 'ਤੇ ਪ੍ਰਕਾਸ਼ ਚੰਦ ਦੇ ਬਿਆਨਾਂ 'ਤੇ ਪੁਲਸ ਨੇ 4 ਵਿਅਕਤੀਆਂ ਖਿਲਾਫ ਧਾਰਾ 323, 341, 34 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰ ਦਿੱਤਾ ਹੈ। 
ਸਾਬਕਾ ਸਰਪੰਚ ਪ੍ਰਕਾਸ਼ ਚੰਦ ਜੋ ਪਾਤੜਾਂ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਹੈ, ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਆਪਣੇ ਸਾਥੀ ਨੂੰ ਲੈਣ ਗਿਆ ਸੀ। ਉਨ੍ਹਾਂ ਨੇ ਬਿਨਾਂ ਕੋਈ ਗੱਲਬਾਤ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਹੈ ਤੇ ਮੇਰੇ ਰੁਪਏ ਖੋਹ ਲਏ। 


Related News