ਵੱਧ ਰਹੀ ਗਰਮੀ ਕਾਰਨ ਸਕੂਲਾਂ ਦਾ ਸਮਾਂ ਤਬਦੀਲ ਕਰਨ ਦੀ ਮੰਗ

05/23/2018 5:02:16 PM

ਕਪੂਰਥਲਾ, (ਮੱਲ੍ਹੀ)—ਪਿਛਲੇ ਕਈ ਦਿਨਾਂ ਤੋਂ ਕਹਿਰ ਦੀ ਪੈ ਰਹੀ ਗਰਮੀ ਨੂੰ ਮੁੱਖ ਰੱਖਦਿਆ ਵੱਖ-ਵੱਖ ਅਧਿਆਪਕ ਜਥੇਬੰਦੀਆਂ ਵੱਲੋਂ ਸਰਕਾਰੀ ਸਕੂਲਾਂ 'ਚ ਪੜ੍ਹ ਰਹੇ ਬੱਚਿਆਂ ਦੀ ਸਿਹਤ ਨੂੰ ਧਿਆਨ 'ਚ ਰੱਖਦਿਆਂ ਸਕੂਲਾਂ ਦੇ ਲੱਗਣ ਤੇ ਪੂਰੀ ਛੁੱਟੀ ਹੋਣ ਦਾ ਸਮਾਂ ਤਬਦੀਲ ਕਰਨ ਦੀ ਮੰਗ ਕੀਤੀ ਗਈ। ਅਧਿਆਪਕ ਦਲ ਦੇ ਜ਼ਿਲਾ ਪ੍ਰਧਾਨ ਸੁਖਦਿਆਲ ਸਿੰਘ, ਈ. ਟੀ. ਟੀ. ਅਧਿਆਪਕ ਯੂਨੀਅਨ ਦੇ ਜ਼ਿਲਾ ਪ੍ਰਧਾਨ ਰਸ਼ਪਾਲ ਸਿੰਘ ਵੜੈਚ ਈ. ਟੀ. ਯੂ. ਦੇ ਜ਼ਿਲਾ ਪ੍ਰਧਾਨ ਗੁਰਮੇਲ ਸਿੰਘ ਤੇ ਈ. ਜੀ. ਐੱਸ. ਵਾਲੰਟੀਅਰ ਯੂਨੀਅਨ ਆਗੂ ਪੰਕਜ ਬਾਬੂ ਨੇ ਜ਼ਿਲਾ ਪ੍ਰਸ਼ਾਸਨ ਨੂੰ ਪਰਜ਼ੋਰ ਅਪੀਲ ਕਰਦਿਆਂ ਮੰਗ ਕੀਤੀ ਹੈ ਕਿ ਪਿਛਲੇ ਕਈ ਦਿਨਾਂ ਤੋਂ ਕਹਿਰ ਦੀ ਪੈ ਰਹੀ ਗਰਮੀ ਕਾਰਨ ਤਾਪਮਾਨ ਬਹੁਤ ਵਧ ਗਿਆ ਹੈ, ਜਿਸ ਦਾ ਅਸਰ ਪ੍ਰਾਇਮਰੀ ਸਕੂਲਾਂ ਤੇ ਆਂਗਣਵਾੜੀ ਦੇ ਛੋਟੇ-ਛੋਟੇ ਬੱਚਿਆਂ ਦੀ ਸਿਹਤ 'ਤੇ ਪੈ ਰਿਹਾ ਹੈ। ਅਧਿਆਪਕ ਆਗੂਆਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਗਰਮੀ ਦੇ ਕਹਿਰ ਤੋਂ ਨੰਨ੍ਹੇ-ਮੁੰਨ੍ਹੇ ਬੱਚਿਆਂ ਨੂੰ ਬਚਾਉਣ ਲਈ ਸਕੂਲਾਂ ਦੇ ਸ਼ੁਰੂ ਹੋਣ ਅਤੇ ਪੂਰੀ ਛੁੱਟੀ ਹੋਣ ਦੇ ਸਮੇਂ 'ਚ ਤੁਰੰਤ ਤਬਦੀਲੀ ਕਰੇ।


Related News