ਖਹਿਰਾ ''ਤੇ ਹੋਏ ਹਮਲੇ ਲਈ ਜਨਤਕ ਤੌਰ ''ਤੇ ਮੁਆਫੀ ਮੰਗੇ ਸਰਕਾਰ : ਜਨਰਲ ਸਕੱਤਰ ''ਆਪ''

05/16/2018 4:45:15 PM

ਹੁਸ਼ਿਆਰਪੁਰ (ਘੁੰਮਣ)— ਬੀਤੇ ਦਿਨੀਂ ਕਾਂਗਰਸੀ ਵਰਕਰਾਂ ਅਤੇ ਆਗੂਆਂ ਵੱਲੋਂ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਆਗੂ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨਾਲ ਧੱਕਾ-ਮੁੱਕੀ ਕਰਨਾ ਅਤੇ ਇਸ ਦੌਰਾਨ ਖਹਿਰਾ ਦੇ ਬਚਾਅ ਲਈ ਆਏ ਪੁਲਸ ਮੁਲਾਜ਼ਮਾਂ ਨਾਲ ਵੀ ਕਾਂਗਰਸੀ ਵਰਕਰਾਂ ਵੱਲੋਂ ਕੁੱਟਮਾਰ ਕਰਨਾ ਇਹ ਦਰਸਾਉਂਦਾ ਹੈ ਕਿ ਪੰਜਾਬ 'ਚ ਕਾਂਗਰਸੀਆਂ ਦੀ ਗੁੰਡਾਗਰਦੀ ਸਿਖਰ 'ਤੇ ਹੈ।
ਉਕਤ ਪ੍ਰਗਟਾਵਾ 'ਆਪ' ਦੇ ਜਨਰਲ ਸਕੱਤਰ ਪੰਜਾਬ ਡਾ. ਰਵਜੋਤ ਨੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਸੁਖਪਾਲ ਖਹਿਰਾ ਉਨ੍ਹਾਂ ਲੋਕਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰ ਰਹੇ ਹਨ, ਜਿਨ੍ਹਾਂ 'ਤੇ ਕਾਂਗਰਸ ਆਗੂ ਜ਼ੁਲਮ ਢਾਹ ਰਹੇ ਹਨ। ਖਹਿਰਾ 'ਤੇ ਕਾਂਗਰਸੀਆਂ ਵੱਲੋਂ ਕੀਤੇ ਹਮਲੇ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ, ਘੱਟ ਹੈ। ਇਸ ਲਈ ਪੰਜਾਬ ਦੀ ਕਾਂਗਰਸ ਸਰਕਾਰ ਜਨਤਕ ਤੌਰ 'ਤੇ ਮੁਆਫੀ ਮੰਗੇ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਦੇ ਅੰਦਰ ਵੀ ਕਾਂਗਰਸੀਆਂ ਵੱਲੋਂ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਦੇ ਮਾਮਲੇ ਨੂੰ ਉਠਾਇਆ ਜਾਵੇਗਾ ਅਤੇ ਨਾਲ ਹੀ ਇਸ ਧੱਕੇਸ਼ਾਹੀ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਨੂੰ ਨਾਲ ਲੈ ਕੇ ਪੂਰੇ ਸੂਬੇ ਵਿਚ ਸਰਕਾਰ ਖਿਲਾਫ ਸੰਘਰਸ਼ ਦਾ ਬਿਗੁਲ ਵਜਾਇਆ ਜਾਵੇਗਾ। ਇਸ ਮੌਕੇ ਮਲਕੀਤ ਸਿੰਘ, ਹਰਪ੍ਰੀਤ ਧਾਮੀ, ਡਾ. ਜਰਨੈਲ ਸਿੰਘ, ਸੁਖਵਿੰਦਰ ਸਿੰਘ, ਤਜਿੰਦਰ ਬਰਿਆਲ, ਮਨਜੀਤ ਜੰਡਾ, ਹਰਜੋਤ ਧੁੱਗਾ, ਮੁਕੇਸ਼ ਡਡਵਾਲ, ਸੰਜੇ ਅੱਤਰੀ ਅਤੇ ਰਾਜੀਵ ਡੋਗਰਾ ਵੀ ਹਾਜ਼ਰ ਸਨ।


Related News