ਕੈਪਟਨ ਦੀ ਮਿਲੀਭੁਗਤ ਨਾਲ ਜ਼ਹਿਰੀਲਾ ਹੋ ਰਿਹੈ ਪਾਣੀ, ਅਕਾਲੀ ਦਲ ਵਿੱਢੇਗਾ ਸੰਘਰਸ਼ (ਵੀਡੀਓ)

05/23/2018 11:17:07 AM

ਜਲੰਧਰ— ਪੰਜਾਬ ਦੇ ਦਰਿਆਵਾਂ ਨੂੰ ਜ਼ਹਿਰੀਲਾ ਕਰਨ ਦੇ ਮਾਮਲੇ 'ਤੇ ਅਕਾਲੀ ਦਲ ਫੈਸਲਾਕੁੰਨ ਜੰਗ ਛੇੜਨ ਦੀ ਤਿਆਰੀ 'ਚ ਹੈ। ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 28 ਮਈ ਨੂੰ ਹੋਣ ਵਾਲੀ ਸ਼ਾਹਕੋਟ ਦੀ ਜ਼ਿਮਨੀ ਚੋਣ ਤੋਂ ਬਾਅਦ ਇਸ ਮਾਮਲੇ ਨੂੰ ਲੈ ਕੇ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਸੱਦੀ ਜਾਵੇਗੀ ਅਤੇ ਇਸ ਮੁੱਦੇ 'ਤੇ ਅਕਾਲੀ ਦਲ ਸੰਘਰਸ਼ ਵਿੱਢੇਗਾ। ਸੁਖਬੀਰ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਦੀ ਦੋਸ਼ੀਆਂ ਨੂੰ ਸ਼ਹਿ ਅਤੇ ਮਿਲੀਭੁਗਤ ਨਾਲ ਹੀ ਸੂਬੇ ਦਾ ਪਾਣੀ ਜ਼ਹਿਰੀਲਾ ਹੋ ਰਿਹਾ ਹੈ। 'ਜਗ ਬਾਣੀ' ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਖਾਸ ਗੱਲਬਾਤ ਦੌਰਾਨ ਸੁਖਬੀਰ ਬਾਦਲ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸਿਆਸੀ ਭਵਿੱਖ ਅਤੇ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ 'ਤੇ ਵੀ ਜਮ ਕੇ ਨਿਸ਼ਾਨੇ ਸਾਧੇ। ਪੇਸ਼ ਹੈ ਪੂਰੀ ਗੱਲਬਾਤ 
ਪ੍ਰਸ਼ਨ-ਤੁਸੀਂ ਸ਼ਾਹਕੋਟ 'ਚ ਵਿਚਰ ਰਹੇ ਹੋ, ਕੀ ਪਿੰਡਾਂ 'ਚ ਪਾਰਟੀ ਨੂੰ ਦੁਬਾਰਾ ਹੁਲਾਰਾ ਮਿਲ ਰਿਹਾ ਹੈ?
ਉੱਤਰ - ਅਕਾਲੀ ਦਲ ਨੂੰ ਪਹਿਲਾਂ ਵੀ ਅਜਿਹਾ ਹੀ ਹੁਲਾਰਾ ਮਿਲਦਾ ਸੀ। ਦਰਅਸਲ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਵੱਲੋਂ ਕੀਤੇ ਗਏ ਗੁੰਮਰਾਹਕੁੰਨ ਪ੍ਰਚਾਰ ਦੌਰਾਨ ਲੋਕ ਝਾਂਸੇ 'ਚ ਆ ਗਏ। ਕਾਂਗਰਸ ਨੇ ਘਰ-ਘਰ ਜਾ ਕੇ ਲੋਕਾਂ ਨੂੰ ਇੰਸਪੈਕਟਰ ਅਤੇ ਡੀ. ਐੱਸ. ਪੀ. ਲਾਉਣ ਦੇ ਫਾਰਮ ਭਰੇ। ਕਰਜ਼ਾ ਮੁਆਫ ਕਰਨ ਦੀਆਂ ਗੱਲਾਂ ਕੀਤੀਆਂ ਪਰ ਇਹ ਸਭ ਕੁਝ ਝੂਠ ਨਿਕਲਿਆ, ਲਿਹਾਜ਼ਾ ਲੋਕਾਂ ਨੂੰ ਅਕਾਲੀ ਦਲ ਤੋਂ ਉਮੀਦ ਨਜ਼ਰ ਆ ਰਹੀ ਹੈ, ਕਿਉਂਕਿ ਲੋਕਾਂ ਨੇ 2007 ਤੋਂ ਲੈ ਕੇ 2017 ਤਕ ਦੇ 10 ਸਾਲ ਦੌਰਾਨ ਅਕਾਲੀ ਦਲ ਦਾ ਕੰਮਕਾਜ ਵੇਖਿਆ ਹੈ ਅਤੇ ਹੁਣ ਉਸ ਕੰਮ ਕਾਜ ਦੀ ਤੁਲਨਾ ਪਿਛਲੇ ਸਵਾ ਸਾਲ ਦੇ ਕੰਮ ਕਾਜ ਨਾਲ ਹੋ ਰਹੀ ਹੈ। ਸ਼ਾਹਕੋਟ ਦੀ ਜ਼ਿਮਨੀ ਚੋਣ ਦਾ ਦੂਜਾ ਵੱਡਾ ਸਿਆਸੀ ਅਸਰ ਇਹ ਹੋਵੇਗਾ ਕਿ ਆਮ ਆਦਮੀ ਪਾਰਟੀ ਦਾ ਪੰਜਾਬ 'ਚ ਸਿਆਸੀ ਤੌਰ 'ਤੇ ਭੋਗ ਪੈ ਜਾਵੇਗਾ। ਜਿਹੜੀ ਪਾਰਟੀ ਸ਼ਾਹਕੋਟ 'ਚ 40 ਹਜ਼ਾਰ ਤੋਂ ਵੋਟ ਲੈ ਕੇ ਗਈ ਸੀ, ਉਸ ਦੀ ਇਸ ਸੀਟ 'ਤੇ ਜ਼ਮਾਨਤ ਜ਼ਬਤ ਹੋਵੇਗੀ। ਕਾਂਗਰਸ 'ਚ ਇਸ ਸਮੇਂ ਲੀਡਰਸ਼ਿਪ ਦਾ ਸੰਕਟ ਚੱਲ ਰਿਹਾ ਹੈ ਅਤੇ ਕਾਂਗਰਸ ਦੇ ਆਗੂ ਇਕ ਦੂਜੇ ਨੂੰ ਕੱਟਣ 'ਚ ਲੱਗੇ ਹੋਏ ਹਨ। ਕਾਂਗਰਸ ਸਿਰਫ ਧੱਕਾ ਕਰਕੇ ਹੀ ਇਹ ਚੋਣ ਜਿੱਤ ਸਕਦੀ ਹੈ ਨਹੀਂ ਤਾਂ ਲੋਕਾਂ ਦਾ ਰੁਝਾਨ ਕਾਂਗਰਸ ਵੱਲ ਨਹੀਂ ਹੈ। ਇਹੋ ਕਾਰਨ ਹੈ ਕਿ ਸਰਕਾਰ ਵੱਲੋਂ ਬੀ. ਡੀ. ਓ. ਜ਼ਰੀਏ ਸਰਪੰਚਾਂ ਨੂੰ ਨੋਟਿਸ ਭਿਜਵਾਏ ਜਾ ਰਹੇ ਹਨ। ਦੁਕਾਨਦਾਰਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਪੁਲਸ ਤੋਂ ਕੇਸ ਪਵਾਏ ਜਾ ਰਹੇ ਹਨ ਅਤੇ ਲੋਕਾਂ ਨੂੰ ਕਾਂਗਰਸ ਦੇ ਹੱਕ 'ਚ ਵੋਟ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ। 
ਪ੍ਰਸ਼ਨ - ਸ਼ਾਹਕੋਟ 'ਚ ਫੌਜ ਲਾਉਣ ਦੀ ਤੁਹਾਡੀ ਮੰਗ ਨੂੰ ਤਾਂ ਕੈਪਟਨ ਨੇ ਮੰਨ ਲਿਆ ਹੈ ਫਿਰ ਤੁਹਾਨੂੰ ਕੀ ਸ਼ਿਕਾਇਤ ਹੈ?
ਉੱਤਰ-ਮੈਨੂੰ ਦਿਖਾਓ ਸ਼ਾਹਕੋਟ 'ਚ ਕਿਹੜੇ ਦਸਤੇ ਘੁੰਮ ਰਹੇ ਹਨ। ਅਸੀਂ ਹਰ ਬੂਥ 'ਤੇ ਵੀਡੀਓਗ੍ਰਾਫੀ ਦੀ ਮੰਗ ਕੀਤੀ ਸੀ, ਉਹ ਵੀਡੀਓਗ੍ਰਾਫੀ ਕਿੱਥੇ ਹੈ। ਸਰਕਾਰ ਦੇ ਅਫਸਰ ਲੋਕਾਂ ਨੂੰ ਧਮਕਾ ਰਹੇ ਹਨ। ਜਲੰਧਰ 'ਚ ਬੈਠ ਕੇ ਅਫਸਰਾਂ ਦੀਆਂ ਬੈਠਕਾ ਹੋ ਰਹੀਆਂ ਹਨ ਅਤੇ ਸ਼ਾਹਕੋਟ ਦੇ ਪਿੰਡਾਂ ਨਾਲ ਸਬੰਧ ਰੱਖਦੇ ਸਰਕਾਰੀ ਕਰਮਚਾਰੀਆਂ ਨੂੰ ਆਪੋ ਆਪਣੇ ਪਿੰਡ ਭੇਜ ਕੇ ਵੋਟਾਂ ਭੁਗਤਾਉਣ ਲਈ ਕਿਹਾ ਜਾ ਰਿਹਾ ਹੈ। ਅਜਿਹਾ ਨਾ ਕਰਨ ਦੀ ਹਾਲਤ 'ਚ ਉਨ੍ਹਾਂ ਨੂੰ ਡਿਸਮਿਸ ਕਰਨ ਦੀ ਧਮਕੀ ਦਿੱਤੀ ਜਾ ਰਹੀ ਹੈ। 
ਪ੍ਰਸ਼ਨ - ਪਾਰਟੀ 'ਚ 'ਆਪ' ਆਗੂਆਂ ਨੂੰ ਸ਼ਾਮਲ ਕਰਨ ਨਾਲ ਅਕਾਲੀ ਕੇਡਰ ਨਾਰਾਜ਼ ਨਹੀਂ ਹੋਵੇਗਾ?
ਉੱਤਰ - ਅਕਾਲੀ ਦਲ ਦਾ ਕੇਡਰ ਹੀ ਇਨ੍ਹਾਂ ਆਪ ਆਗੂਆਂ ਨੂੰ ਅਕਾਲੀ ਦਲ 'ਚ ਲੈ ਕੇ ਆ ਰਿਹਾ ਹੈ। ਲਿਹਾਜ਼ਾ ਅਕਾਲੀ ਆਗੂਆਂ ਦੀ ਨਾਰਾਜ਼ਗੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਦਰਅਸਲ ਸਵਾਲ ਤਾਂ ਇਹ ਹੋਣਾ ਚਾਹੀਦਾ ਹੈ ਕਿ ਇਹ ਆਗੂ ਵਿਧਾਨ ਸਭਾ 'ਚ ਤੀਜੇ ਨੰਬਰ ਦੀ ਪਾਰਟੀ 'ਚ ਸ਼ਾਮਲ ਕਿਉਂ ਹੋ ਰਹੇ ਹਨ। ਕੋਈ ਆਗੂ ਪਹਿਲੇ ਨੰਬਰ ਦੀ ਪਾਰਟੀ ਕਾਂਗਰਸ 'ਚ ਕਿਉਂ ਨਹੀਂ ਜਾ ਰਿਹਾ ਜਾਂ ਦੂਸਰੇ ਨੰਬਰ ਦੀ ਪਾਰਟੀ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਲਈ ਆਗੂਆਂ ਦੀ ਲਾਈਨ ਕਿਉਂ ਨਹੀਂ ਲੱਗ ਰਹੀ। ਅਕਾਲੀ ਦਲ 'ਚ ਲੋਕਾਂ ਨੂੰ ਭਰੋਸਾ ਹੈ। ਅਕਾਲੀ ਦਲ ਮੁੱਦਿਆਂ 'ਤੇ ਸਟੈਂਡ ਲੈਣ ਵਾਲੀ ਪਾਰਟੀ ਹੈ। ਅਸੀਂ ਕੰਮ ਕਾਜ ਕਰਕੇ ਵਿਖਾਇਆ ਹੈ ਅਤੇ ਭਵਿੱਖ ਅਕਾਲੀ ਦਲ ਦਾ ਹੈ। ਲਿਹਾਜ਼ਾ ਅਕਾਲੀ ਦਲ 'ਚ ਸ਼ਾਮਿਲ ਹੋਣ ਦੀ ਹੋੜ ਲੱਗੀ ਹੋਈ ਹੈ। ਤੁਸੀਂ ਦੇਖੋ ਸ਼ਾਹਕੋਟ 'ਚ ਨਾ ਤਾਂ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨਜ਼ਰ ਆ ਰਹੇ ਹਨ ਅਤੇ ਨਾ ਹੀ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦਾ ਕੋਈ ਅਤਾ ਪਤਾ ਹੈ। ਅਕਾਲੀ ਦਲ ਅਤੇ ਹੋਰਨਾਂ ਪਾਰਟੀਆਂ 'ਚ ਇਹੋ ਫਰਕ ਹੈ। ਸਾਡੀ ਪਾਰਟੀ 'ਚ ਛੋਟੀ ਛੋਟੀ ਜੰਗ 'ਚ ਜਰਨੈਲ ਅੱਗੇ ਹੋ ਕੇ ਲੜਦੇ ਹਨ। 
ਪ੍ਰਸ਼ਨ - ਬਿਆਸ ਨੂੰ ਜ਼ਹਿਰੀਲਾ ਕਰਨ ਦੇ ਮਾਮਲੇ 'ਚ ਤੁਹਾਡਾ ਕੀ ਸਟੈਂਡ ਹੈ?
ਉਤਰ - ਜੇਕਰ ਕੋਈ ਕਿਸੇ ਨੂੰ ਜ਼ਹਿਰ ਦੇ ਦੇਵੇ ਤਾਂ ਉਸ 'ਤੇ ਕਤਲ ਜਾਂ ਇਰਾਦਾ ਕਤਲ ਦਾ ਪਰਚਾ ਦਰਜ ਹੁੰਦਾ ਹੈ। ਸਰਕਾਰ ਦੇ ਕਰੀਬੀਆਂ ਦੀ ਇਹ ਮਿੱਲ ਪਿਛਲੇ ਲੰਬੇ ਸਮੇਂ ਤੋਂ ਹਜ਼ਾਰਾਂ ਲੋਕਾਂ ਨੂੰ ਜ਼ਹਿਰ ਵੰਡ ਰਹੀ ਹੈ। ਇਨ੍ਹਾਂ 'ਤੇ ਵੀ ਅਜਿਹਾ ਹੀ ਪਰਚਾ ਦਰਜ ਹੋਣਾ ਚਾਹੀਦਾ ਹੈ ਅਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਇਨ੍ਹਾਂ ਲੋਕਾਂ ਨੇ ਆਪਣੀਆਂ ਮਿੱਲਾਂ ਦੇ ਗੰਦੇ ਪਾਣੀ ਦਾ ਟਰੀਟਮੈਂਟ ਕਰਨ ਲਈ ਪਲਾਂਟ ਇਸ ਕਾਰਨ ਨਹੀਂ ਲਾਏ ਕਿਉਂਕਿ ਇਹ ਮਹਿੰਗਾ ਪੈਂਦਾ ਹੈ। ਲਿਹਾਜ਼ਾ ਜ਼ਹਿਰੀਲਾ ਪਾਣੀ ਦਰਿਆ 'ਚ ਸੁੱਟਿਆ ਜਾ ਰਿਹਾ ਹੈ। ਮਿੱਲ ਦੇ ਮਾਲਕਾਂ ਦੇ ਰਿਸ਼ਤੇਦਾਰ ਸਰਨਾ ਸੂਬਾ ਸਰਕਾਰ ਦੇ ਧਾਰਮਿਕ ਸਲਾਹਕਾਰ ਹਨ ਅਤੇ ਇਨ੍ਹਾਂ ਨੂੰ ਕੈਬਨਿਟ ਰੈਂਕ ਮਿਲਿਆ ਹੋਇਆ ਹੈ। ਸਰਕਾਰ ਇਸ ਮਾਮਲੇ 'ਚ ਸਖਤ ਕਾਰਵਾਈ ਕਰਕੇ ਮਿੱਲ ਮਾਲਕਾਂ ਨੂੰ ਅੰਦਰ ਕਰੇ ਤਾਂ ਕਿ ਹੋਰਨਾਂ ਲੋਕਾਂ ਲਈ ਉਦਾਹਰਣ ਸਥਾਪਿਤ ਕੀਤੀ ਜਾ ਸਕੇ। ਕੈਪਟਨ ਉਨ੍ਹਾਂ ਨੂੰ ਅੰਦਰ ਕਰਨ ਦੀ ਬਜਾਏ ਉਲਟਾ ਬਚਾਅ ਰਹੇ ਹਨ ਅਤੇ ਵਾਤਾਵਰਣ ਮੰਤਰੀ ਇਸ ਮਾਮਲੇ 'ਚ ਮੌਨ ਧਾਰੀ ਬੈਠੇ ਹਨ।
ਪ੍ਰਸ਼ਨ-ਅਕਾਲੀ ਦਲ ਦੇ ਕੇਡਰ ਨਾਲ ਧੱਕੇਸ਼ਾਹੀ ਦੇ ਮਸਲੇ 'ਤੇ ਤਾਂ ਤੁਸੀਂ ਸੜਕ 'ਤੇ ਵੀ ਰਾਤ ਗੁਜ਼ਾਰਦੇ ਹੋ ਪਰ ਪਾਣੀ ਦੇ ਮਸਲੇ 'ਤੇ ਕੋਈ ਹਰਕਤ ਕਿਉਂ ਨਹੀਂ?
ਉਤਰ -ਅਸੀਂ ਇਸ ਸਮੇਂ ਜ਼ਿਮਨੀ ਚੋਣ ਦੇ ਦੌਰ 'ਚੋਂ ਗੁਜ਼ਰ ਰਹੇ ਹਾਂ। ਸ਼ਾਹਕੋਟ ਦੀ ਜ਼ਿਮਨੀ ਚੋਣ 28 ਮਈ ਨੂੰ ਖਤਮ ਹੋਵੇਗੀ ਅਤੇ ਇਸ ਦੇ ਤੁਰੰਤ ਬਾਅਦ ਮੈਂ ਪਾਣੀ ਦੇ ਮਸਲੇ 'ਤੇ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਬੁਲਾਵਾਂਗਾ। ਅਸੀਂ ਇਸ ਮੁੱਦੇ 'ਤੇ ਫੈਸਲਾਕੁੰਨ ਸੰਘਰਸ਼ ਵਿੱਢਾਂਗੇ। 
ਪ੍ਰਸ਼ਨ - ਤੁਹਾਡੀ ਸਰਕਾਰ ਵੇਲੇ ਮਿੱਲਾਂ ਦੇ ਟਰੀਟਮੈਂਟ ਪਲਾਂਟ ਕਿਉਂ ਨਹੀਂ ਲਵਾਏ ਗਏ?
ਉਤਰ - ਅਕਾਲੀ ਦਲ ਦੀ ਸਰਕਾਰ ਰਹਿੰਦਿਆਂ ਮਿੱਲਾਂ ਨੂੰ ਇਸ ਤਰੀਕੇ ਖੁੱਲ੍ਹੀ ਛੋਟ ਨਹੀਂ ਦਿੱਤੀ ਗਈ। ਅਸੀਂ ਪੰਜਾਬ ਦਾ ਪਾਣੀ ਸਾਫ ਰੱਖਣ ਲਈ 1500 ਕਰੋੜ ਰੁਪਏ ਦੇ ਟਰੀਟਮੈਂਟ ਪਲਾਂਟ ਲਾਏ। ਸਾਡੇ ਸਮੇਂ 'ਤੇ ਕਦੇ ਮੱਖੀ ਵੀ ਨਹੀਂ ਸੀ ਮਰੀ। ਹੁਣ ਹਜ਼ਾਰਾਂ ਮੱਛੀਆਂ ਮਰ ਰਹੀਆਂ ਹਨ ਅਤੇ ਹੋਰਨਾਂ ਜਲਚਰਾਂ ਨੂੰ ਵੀ ਜਾਨੀ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਪੀਣ ਵਾਲਾ ਪਾਣੀ ਵਿਸ਼ੈਲਾ ਹੋਇਆ ਹੈ, ਜਿਸ ਨਾਲ ਮਨੁੱਖੀ ਜ਼ਿੰਦਗੀ ਨੂੰ ਨੁਕਸਾਨ ਹੋਵੇਗਾ। 
ਪ੍ਰਸ਼ਨ- ਕੀ ਕਾਂਗਰਸ ਦੇ ਨਾਰਾਜ਼ ਵਿਧਾਇਕ ਤੁਹਾਡੇ ਸੰਪਰਕ 'ਚ ਸਨ?
ਉਤਰ -  ਮੇਰੇ ਸੰਪਰਕ 'ਚ ਤਾਂ ਹਰ ਕੋਈ ਰਹਿੰਦਾ ਹੈ ਅਤੇ ਕਈ ਮੇਰੇ ਨਾਲ ਵੀ ਤੁਰੇ ਫਿਰਦੇ ਹਨ। ਕਾਂਗਰਸ ਦੇ ਵਿਧਾਇਕ ਦੁਖੀ ਹਨ ਕਿਉਂਕਿ ਉਹ ਲੋਕਾਂ ਦਾ ਕੰਮ ਨਹੀਂ ਕਰਵਾ ਪਾ ਰਹੇ। ਇਨ੍ਹਾਂ ਨੇ ਜਨਤਾ ਨਾਲ ਝੂਠ ਬੋਲਿਆ ਸੀ ਤੁਸੀਂ ਲੋਕ ਸਭਾ ਚੋਣਾਂ 'ਚ ਇਸ ਦਾ ਨਤੀਜਾ ਦੇਖੋਗੇ। ਇਹ ਪਹਿਲੀ ਵਾਰ ਹੋਵੇਗਾ ਕਿ ਪੰਜਾਬ 'ਚ ਕਾਂਗਰਸ ਨੂੰ 13 ਦੀਆਂ 13 ਸੀਟਾਂ 'ਤੇ ਹਾਰ ਦਾ ਮੂੰਹ ਦੇਖਣਾ ਪਵੇਗਾ ਅਤੇ ਅਕਾਲੀ ਭਾਜਪਾ ਦਾ ਗਠਜੋੜ ਪੰਜਾਬ ਦੀਆਂ ਸਾਰੀਆਂ ਸੀਟਾਂ 'ਤੇ ਜਿੱਤ ਹਾਸਲ ਕਰੇਗਾ।


Related News