ਪਾਬੰਦੀ ਦੇ ਬਾਵਜੂਦ ਵੀ ਸਾੜੀ ਜਾ ਰਹੀ ਹੈ ਕਣਕ ਦੀ ਨਾੜ

05/22/2018 7:28:36 AM

ਕਾਠਗੜ੍ਹ (ਰਾਜੇਸ਼)— ਕਣਕ ਦੇ ਨਾੜ ਨੁੰ ਸਾੜਨ ਤੋਂ ਰੋਕਣ ਲਈ ਭਾਵੇਂ ਸਰਕਾਰ ਦੇ ਪ੍ਰਸ਼ਾਸ਼ਨ ਨੇ ਕਈ ਤਰ੍ਹਾਂ ਦੇ ਪਾਪੜ ਵੇਲੇ ਹਨ ਪਰ ਫਿਰ ਵੀ ਨਤੀਜੇ ਕੋਈ ਚੰਗੇ ਨਾ ਨਿਕਲੇ। ਕੁਝ ਕੁ ਲੋਕ ਦੇਖੋ ਦੇਖੀ ਹਾਲੇ ਵੀ ਕਣਕ ਦੀ ਨਾੜ ਨੂੰ ਅੱਗ ਲਗਾ ਕੇ ਬੋਖੌਫ ਸਾੜ ਰਹੇ ਹਨ, ਜਿਸ ਨਾਲ ਜਿੱਥੇ ਹੀਟ ਵੱਧਦੀ ਹੈ, ਉਥੇ ਹੀ ਵਾਤਾਵਰਨ ਵੀ ਗੰਧਲਾ ਹੋ ਰਿਹਾ ਹੈ। ਸਰਕਾਰੀ ਹਦਾਇਤਾਂ ਅਨੁਸਾਰ ਸਬੰਧਤ ਵਿਭਾਗ ਜਾ ਪ੍ਰਸ਼ਾਸਨ ਕਾਰਵਾਈ ਕਰਨ ਤੋਂ ਸ਼ਾਇਦ ਝਿਜਕਦਾ ਹੈ, ਜਿਸ ਕਰਕੇ ਕਣਕ ਦੀ ਨਾੜ ਨੂੰ ਸਾੜਿਆ ਜਾ ਰਿਹਾ। ਦੂਰ-ਦੁਰਾਡੇ ਜਾਂ ਪ੍ਰਸ਼ਾਸਨ ਦੀ ਨਜ਼ਰ ਤੋਂ ਦੂਰ ਹੋਵੇ ਤਾਂ ਗੱਲ ਵੱਖਰੀ ਹੈ ਪਰ ਕੁਝ ਲੋਕ ਤਾਂ ਮੇਨ ਹਾਈਵੇਅ ਦੇ ਨਜ਼ਦੀਕ ਪੈਂਦੇ ਖੇਤਾਂ ਦੀ ਨਾੜ ਨੂੰ ਸਾੜਦੇ ਦੇਖੇ ਜਾ ਸਕਦੇ ਹਨ। 
ਹਲਕਾ ਕਾਠਗੜ੍ਹ ਦੇ ਵੱਖ-ਵੱਖ ਪਿੰਡਾਂ ਬੂਥਗੜ੍ਹ, ਟੌਂਸਾ, ਪਨਿਆਲੀ, ਮੰਡ ਖੇਤਰ ਆਦਿ ਵੱਲ ਕਣਕ ਦੀ ਨਾੜ ਦਾ ਸਾੜਿਆ ਜਾਣਾ ਆਮ ਦੇਖਿਆ ਜਾ ਸਕਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਨਾੜ ਨੂੰ ਸਾੜਨ ਦਾ ਸਿਲਸਿਲਾ ਇਸੇ ਤਰਾਂ ਜਾਰੀ ਰਿਹਾ ਤਾਂ ਪੂਰੀ ਮਨੁੱਖਤਾ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ। ਵਾਤਾਵਰਨ ਪ੍ਰੇਮੀਆਂ ਅਤੇ ਬੁੱਧੀਜੀਵੀ ਵਰਗ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਨਾੜ ਨੂੰ ਸਾੜਨ ਤੋਂ ਰੋਕਣ ਲਈ ਠੋਸ ਉਪਰਾਲੇ ਅਤੇ ਵਾਤਾਵਰਣ ਨੂੰ ਬਚਾਉਣ ਲਈ ਜਾਗਰੂਕਤਾ ਮੁਹਿੰਮ ਚਲਾਈ ਜਾਵੇ।


Related News