ਪਾਵਰਲਿਫਟਰ ਸੰਦੀਪ ਕੌਰ ’ਤੇ ਡੋਪਿੰਗ ਮਾਮਲੇ ’ਚ ਲੱਗੀ 10 ਸਾਲ ਦੀ ਪਾਬੰਦੀ
Thursday, Jun 06, 2024 - 01:38 PM (IST)

ਨਵੀਂ ਦਿੱਲੀ, (ਭਾਸ਼ਾ)–ਨਾਡਾ ਦੇ ਡੋਪਿੰਗ ਰੋਕੂ ਅਨੁਸ਼ਾਸਨ ਪੈਨਲ (ਏ. ਡੀ. ਡੀ. ਪੀ.) ਨੇ ਪਾਵਰਲਿਫਟਰ ਸੰਦੀਪ ਕੌਰ ’ਤੇ ਪਾਬੰਦੀਸ਼ੁਦਾ ਦਵਾਈਆਂ ਦੇ ਇਸਤੇਮਾਲ ਦੇ ਦੂਜੇ ਅਪਰਾਧ ਕਾਰਨ 10 ਸਾਲ ਦੀ ਪਾਬੰਦੀ ਲਾ ਦਿੱਤੀ ਹੈ। ਪੰਜਾਬ ਦੀ 31 ਸਾਲਾ ਪਾਵਰਲਿਫਟਰ ਸੰਦੀਪ ’ਤੇ ਡੋਪਿੰਗ ਦੇ ਦੂਜੇ ਅਪਰਾਧ ਲਈ 8 ਸਾਲ ਦੀ ਪਾਬੰਦੀ ਲਗਾਈ ਗਈ ਹੈ ਤੇ ਦੋ ਸਾਲ ਦੀ ਵਾਧੂ ਪਾਬੰਦੀ ਉਸਦੇ ਨਮੂਨਿਆਂ ਵਿਚ ਕਈ ਪਾਬੰਦੀਸ਼ੁਦਾ ਪਦਾਰਥ ਪਾਏ ਜਾਣ ਕਾਰਨ ਲਗਾਈ ਗਈ ਹੈ। ਪਹਿਲੀ ਵਾਰ ਉਸ ਨੂੰ 2019 ਵਿਚ ਸਟਾਨੋਜੋਲੋਲ ਦੇ ਸੇਵਨ ਦੀ ਦੋਸ਼ੀ ਪਾਇਆ ਗਿਆ ਸੀ। ਕੌਰ ਪਿਛਲੇ ਸਾਲ ਅਗਸਤ ਵਿਚ ਹੀ ਚਾਰ ਸਾਲ ਦੀ ਪਾਬੰਦੀ ਤੋਂ ਬਾਅਦ ਪਰਤੀ ਹੈ। ਉਹ ਉੱਤਰਾਖੰਡ ਦੇ ਕਾਸ਼ੀਪੁਰ ਵਿਚ ਰਾਸ਼ਟਰੀ ਸੀਨੀਅਰ ਮਹਿਲਾ ਪਾਵਰਲਿਫਟਿੰਗ ਚੈਂਪੀਅਨਸ਼ਿਪ ਵਿਚ ਓਪਨ 69 ਕਿਲੋ ਵਰਗ ਵਿਚ ਤੀਜੇ ਸਥਾਨ ’ਤੇ ਰਹੀ ਸੀ।