ਸਹੁਰਿਆਂ ਤੋਂ ਤੰਗ ਜਵਾਈ ਨੇ ਨਿਗਲਿਆ ਜ਼ਹਿਰ, ਤਿੰਨ ''ਤੇ ਮਾਮਲਾ ਦਰਜ

05/16/2018 7:12:27 PM

ਧਨੌਲਾ (ਰਵਿੰਦਰ) : ਬਡਬਰ ਵਿਖੇ ਇਕ ਵਿਅਕਤੀ ਦੀ ਸ਼ੱਕੀ ਹਾਲਾਤ 'ਚ ਹੋਈ ਮੌਤ ਦਾ ਸੱਚ ਸਾਹਮਣੇ ਆਇਆ। ਬੀਤੀ ਦੇਰ ਸ਼ਾਮ ਮ੍ਰਿਤਕ ਸੁਖਦੇਵ ਸਿੰਘ ਦੇ ਭਰਾ ਕੁਲਦੀਪ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਵਡਾਲਾ ਜੌਹਲਾ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਹਫਤਾ ਪਹਿਲਾਂ ਮ੍ਰਿਤਕ ਦੀ ਪਤਨੀ ਕੁਲਦੀਪ ਕੌਰ ਪੁੱਤਰੀ ਸੁਖਵਿੰਦਰ ਸਿੰਘ, ਰਾਜਵਿੰਦਰ ਕੌਰ ਪੁੱਤਰੀ ਸੁਖਵਿੰਦਰ ਕੌਰ, ਬਲਵਿੰਦਰ ਕੌਰ ਪਤਨੀ ਸੁਖਵਿੰਦਰ ਸਿੰਘ ਵਾਸੀਆਨ ਬਡਬਰ ਮੇਰੇ ਭਰਾ ਸੁਖਦੇਵ ਸਿੰਘ ਦੇ ਘਰ ਬਡਾਲੇ ਜਾ ਕੇ ਉਸ ਨੂੰ ਗੁੰਮਰਾਹ ਕਰਦੇ 70 ਹਜ਼ਾਰ ਰੁਪਏ ਲੈ ਕੇ ਬਡਬਰ ਆ ਗਈਆਂ। 
ਪਿਛਲੇ ਦੋ ਤਿੰਨ ਦਿਨਾਂ ਤੋਂ ਮ੍ਰਿਤਕ ਆਪਣੀ ਪਤਨੀ ਲੈਣ ਬਡਬਰ ਆਇਆ ਹੋਇਆ ਸੀ ਪ੍ਰੰਤੂ ਉਸ ਦੇ ਸਹੁਰਿਆਂ ਨੇ ਉਸ ਦੀ ਪਤਨੀ ਕੁਲਦੀਪ ਕੌਰ ਤੇ ਉਸ ਦਾ ਲੜਕਾ ਉਸ ਨਾਲ ਤੋਰਨ ਅਤੇ ਸੱਤਰ ਹਜ਼ਾਰ ਰੁਪਏ ਮੋੜਨ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਕੋਈ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ। ਥਾਣੇਦਾਰ ਅਜੈਬ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਕੁਲਦੀਪ ਸਿੰਘ ਦੇ ਬਿਆਨਾਂ 'ਤੇ ਉਸ ਦੀ ਪਤਨੀ ਕੁਲਦੀਪ ਕੌਰ, ਉਸ ਦੀ ਸਾਲੀ ਰਾਜਵਿੰਦਰ ਕੌਰ ਅਤੇ ਸੱਸ ਬਲਵਿੰਦਰ ਕੌਰ 'ਤੇ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਦੋਸ਼ 'ਚ ਪਰਚਾ ਦਰਜ ਕਰਕੇ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਜੇਬ 'ਚੋਂ ਨਿਕਲੀ ਦਰਖਾਸਤ ਸਬੰਧੀ ਉਨ੍ਹਾਂ ਕਿਹਾ ਕਿ ਮ੍ਰਿਤਕ ਆਪਣੇ ਸਾਲੇ ਦਿਲਪ੍ਰੀਤ ਸਿੰਘ ਨਾਲ ਥਾਣੇ ਆਇਆ ਸੀ ਇਹ ਮਾਮਲਾ ਥਾਣਾ ਵਡਾਲਾ ਵਿਖੇ ਵਿਚਾਰ ਅਧੀਨ ਹੋਣ ਕਾਰਨ ਇਥੋਂ ਮਾਮਲਾ ਦਰਜ ਨਹੀਂ ਸੀ ਕੀਤਾ। ਗ੍ਰਿਫਤਾਰੀ ਸਬੰਧੀ ਉਨ੍ਹਾਂ ਕਿਹਾ ਕਿ ਉਕਤ ਤਿੰਨੋਂ ਦੋਸ਼ੀ ਫਰਾਰ ਹਨ।


Related News