ਸ਼ਿਵ ਮੰਦਰ ਦੇ ਹੈਂਡਪੰਪ ਤੋਂ ਪਾਣੀ ਲਿਆਉਣ ਲਈ ਮਜਬੂਰ ਨੇ ਲੋਕ
Friday, Jun 01, 2018 - 01:28 AM (IST)

ਰੂਪਨਗਰ, (ਵਿਜੇ)- ਨਗਰ ਕੌਂਸਲ ਰੂਪਨਗਰ ਵੱਲੋਂ ਸ਼ਹਿਰ ’ਚ ਦੂਸ਼ਿਤ ਪਾਣੀ ਦੀ ਸਪਲਾਈ ਹੋ ਰਹੀ ਹੈ, ਜਿਸ ਕਾਰਨ ਸ਼ਹਿਰ ਦੇ ਕਈ ਲੋਕ ਸ਼ਿਵ ਮੰਦਰ ਹੈੱਡ ਵਰਕਸ ਦੇ ਹੈਂਡਪੰਪ ਤੋਂ ਸਵੇਰੇ 4 ਵਜੇ ਤੋਂ ਪਾਣੀ ਲਿਆਉਣ ਲਈ ਮਜਬੂਰ ਹਨ।
ਪਿਛਲੇ ਦੋ ਹਫਤਿਅਾਂ ਤੋਂ ਰੂਪਨਗਰ ਸ਼ਹਿਰ ’ਚ ਦੂਸ਼ਿਤ ਪਾਣੀ ਦੀ ਸਪਲਾਈ ਹੋ ਰਹੀ ਹੈ, ਕਿਉਂਕਿ ਇਸ ’ਚ ਸੀਵਰੇਜ ਦਾ ਪਾਣੀ ਮਿਕਸ ਹੋ ਰਿਹਾ ਹੈ, ਜੋ ਕਿ ਬਹੁਤ ਹੀ ਬਦਬੂਦਾਰ ਹੈ, ਜਿਸ ਨਾਲ ਘਰ ਦੇ ਕੱਪਡ਼ੇ ਵੀ ਧੋਤੇ ਨਹੀਂ ਜਾ ਸਕਦੇ। ਇਸ ਦੇ ਕਾਰਨ ਲੋਕ ਸਵੇਰੇ 4 ਵਜੇ ਆਪਣੇ ਭਾਂਡੇ ਆਦਿ ਲੈ ਕੇ ਸਰਹਿੰਦ ਨਹਿਰ ਸਥਿਤ ਸ਼ਿਵ ਮੰਦਰ ਵਿਖੇ ਲੱਗੇ ਹੈਂਡਪੰਪ ਤੋਂ ਲਾਈਨਾਂ ਲਾ ਕੇ ਪਾਣੀ ਭਰਨ ਜਾਂਦੇ ਹਨ, ਜੋ ਕਿ ਸ਼ਹਿਰ ਤੋਂ ਕਰੀਬ ਦੋ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ, ਉਥੇ ਕਰੀਬ ਪੰਜ ਘੰਟੇ ਲੋਕ ਹੈਂਡਪੰਪ ਤੋਂ ਪਾਣੀ ਭਰਦੇ ਹਨ, ਜਿਸ ਕਾਰਨ ਉਥੇ ਸਵੇਰੇ ਭਾਰੀ ਭੀਡ਼ ਲੱਗੀ ਰਹਿੰਦੀ ਹੈ।
ਸਮੱਸਿਆ ਸਬੰਧੀ ਜ਼ਿਲੇ ਦਾ ਸਿਹਤ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ ਕਿਉਂਕਿ ਇਸ ਪਾਣੀ ਤੋਂ ਪੀਲੀਏ ਵਰਗੀਆਂ ਗੰਭੀਰ ਬੀਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਸਿਹਤ ਵਿਭਾਗ ਨੇ ਹਾਲੇ ਤੱਕ ਇਸ ਪਾਣੀ ਦੇ ਸੈਂਪਲ ਨਹੀਂ ਲਏ ਅਤੇ ਨਾ ਹੀ ਨਗਰ ਕੌਂਸਲ ਨੂੰ ਦੂਸ਼ਿਤ ਪਾਣੀ ਸਪਲਾਈ ਕਰਨ ਦੇ ਵਿਰੁੱਧ ਕੋਈ ਨੋਟਿਸ ਹੀ ਜਾਰੀ ਕੀਤਾ ਹੈ। ਲੋਕ ਹੈਰਾਨ ਹਨ ਕਿ ਰੂਪਨਗਰ ਸ਼ਹਿਰ ਦਾ ਸਿਹਤ ਵਿਭਾਗ ਕੀ ਕਰ ਰਿਹਾ ਹੈ। ਜਦੋਂ ਕਿ ਸਰਕਾਰ ਹਰ ਸਾਲ ਕਰੋਡ਼ਾਂ ਰੁਪਏ ਸਿਹਤ ਵਿਭਾਗ ’ਤੇ ਖਰਚ ਕਰ ਰਹੀ ਹੈ ਪਰ ਇਸ ਨੂੰ ਲੋਕਾਂ ਦੀ ਸਿਹਤ ਦੀ ਕੋਈ ਚਿੰਤਾ ਨਹੀਂ ਹੈ।