ਸੈਮਸੰਗ ਨੂੰ 54 ਕਰੋੜ ਦਾ ਝਟਕਾ, ਆਈਫੋਨ ਦਾ ਚੋਰੀ ਕੀਤਾ ਸੀ ਡਿਜ਼ਾਇਨ

05/25/2018 2:35:36 PM

ਸੈਨ ਫ੍ਰਾਂਸਿਸਕੋ— ਇਕ ਅਮਰੀਕੀ ਅਦਾਲਤ ਨੇ ਸੈਮਸੰਗ ਨੂੰ ਹੁਕਮ ਦਿੱਤਾ ਹੈ ਕਿ ਉਹ ਐਪਲ ਨੂੰ 53.9 ਕਰੋੜ ਡਾਲਰ ਦਾ ਭੁਗਤਾਨ ਕਰੇ। ਸੈਮਸੰਗ 'ਤੇ ਐਪਲ ਦੇ ਪੇਟੈਂਟ ਆਈਫੋਨ ਦੇ ਡਿਜ਼ਾਇਨ ਕਾਪੀ ਕਰਨ ਦਾ ਦੋਸ਼ ਹੈ, ਜਿਸ ਕਾਰਨ ਦੋਵੇਂ ਕੰਪਨੀਆਂ ਵਿਚਕਾਰ 2011 ਤੋਂ ਹੀ ਜੰਗ ਛਿੜੀ ਹੋਈ ਹੈ। ਇਕ ਰਿਪੋਰਟ ਮੁਤਾਬਕ 2012 ਦੇ ਸ਼ੁਰੂਆਤੀ ਫੈਸਲੇ 'ਚ ਸੈਮਸੰਗ ਨੂੰ ਪੇਟੈਂਟ ਦੀ ਨਕਲ ਕਰਨ ਦਾ ਜਿੰਮੇਵਾਰ ਪਾਇਆ ਗਿਆ ਅਤੇ ਉਸ ਨੂੰ ਐਪਲ ਨੂੰ ਇਕ ਅਰਬ ਡਾਲਰ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਗਿਆ ਪਰ ਬਾਅਦ 'ਚ ਅਦਾਲਤੀ ਸੁਣਵਾਈਆਂ 'ਚ ਇਸ ਰਾਸ਼ੀ ਨੂੰ ਘੱਟ ਕਰ ਦਿੱਤਾ ਗਿਆ। ਸੈਮਸੰਗ ਦੇ ਵਕੀਲਾਂ ਨੇ 1 ਅਰਬ ਡਾਲਰ ਦੇ ਮੁਆਵਜ਼ੇ ਨੂੰ ਘਟਾ ਕੇ 40 ਕਰੋੜ ਡਾਲਰ ਕਰਨ ਲਈ 2015 'ਚ ਇਹ ਮਾਮਲਾ ਯੂ. ਐੱਸ. ਕੋਰਟ ਆਫ ਅਪੀਲ 'ਚ ਦਾਇਰ ਕੀਤਾ।

ਇਸ ਵਾਰ ਸੈਨ ਜੋਂਸ 'ਚ ਕੈਲੀਫੋਰਨੀਆ ਯੂ. ਐੱਸ. ਜ਼ਿਲ੍ਹਾ ਅਦਾਲਤ ਦੀ ਇਕ ਜਿਊਰੀ ਨੇ ਤਾਜ਼ਾ ਮੁਆਵਜ਼ਾ ਰਾਸ਼ੀ ਤੈਅ ਕਰਨ ਲਈ ਪੰਜ ਦਿਨ ਦਾ ਸਮਾਂ ਲਿਆ। ਇਸ ਮਾਮਲੇ 'ਚ ਦੋਸ਼ ਹੈ ਕਿ ਸੈਮਸੰਗ ਦੇ ਐਂਡਰਾਇਡ ਹੈਂਡਸੈੱਟ 'ਚ ਆਈਫੋਨ ਨਿਰਮਾਤਾ ਦੇ ਪੇਟੈਂਟ ਡਿਜ਼ਾਇਨ ਦਾ ਚੋਰੀ ਨਾਲ ਇਸਤੇਮਾਲ ਕੀਤਾ ਗਿਆ ਹੈ। ਐਪਲ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਅਸੀਂ ਜਿਊਰੀ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇਹ ਫੈਸਲਾ ਸੁਣਇਆ ਕਿ ਸੈਮਸੰਗ ਨੂੰ ਸਾਡੇ ਉਤਪਾਦ ਦੀ ਨਕਲ ਕਰਨ ਦਾ ਮੁਆਵਜ਼ਾ ਦੇਣਾ ਚਾਹੀਦਾ ਹੈ। ਐਪਲ ਨੇ ਕਿਹਾ ਕਿ ਇਹ ਮਾਮਲਾ ਪੈਸੇ ਤੋਂ ਵਧ ਮਹੱਤਵਪੂਰਨ ਹੈ। ਐਪਲ ਨੇ ਕਿਹਾ ਕਿ ਆਈਫੋਨ ਨਾਲ ਸਮਾਰਟ ਫੋਨ 'ਚ ਕ੍ਰਾਂਤੀ ਆਈ ਸੀ ਅਤੇ ਇਹ ਸੱਚਾਈ ਹੈ ਕਿ ਸੈਮਸੰਗ ਨੇ ਗਲਤ ਤਰੀਕੇ ਨਾਲ ਸਾਡੇ ਡਿਜ਼ਾਇਨ ਨੂੰ ਕਾਪੀ ਕੀਤਾ।


Related News