ਨਾਬਾਲਗ ਨੂੰ ਵਰਗਲਾ ਕੇ ਲਿਜਾਣ ਤੇ ਜਬਰ-ਜ਼ਨਾਹ ਕਰਨ ਦੇ ਦੋਸ਼ ''ਚ ਮਾਮਲਾ ਦਰਜ

Sunday, May 13, 2018 - 05:53 AM (IST)

ਨਾਬਾਲਗ ਨੂੰ ਵਰਗਲਾ ਕੇ ਲਿਜਾਣ ਤੇ ਜਬਰ-ਜ਼ਨਾਹ ਕਰਨ ਦੇ ਦੋਸ਼ ''ਚ ਮਾਮਲਾ ਦਰਜ

ਦੋਰਾਹਾ(ਗੁਰਮੀਤ ਕੌਰ)-ਦੋਰਾਹਾ ਪੁਲਸ ਨੇ ਨੇੜਲੇ ਪਿੰਡ ਰਾਜਗੜ੍ਹ ਦੀ ਇਕ ਨਾਬਾਲਗ ਲੜਕੀ ਨੂੰ ਪਿੰਡ ਦੇ ਹੀ ਨੌਜਵਾਨ ਵੱਲੋਂ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲਿਜਾਣ ਤੇ ਜਬਰ-ਜ਼ਨਾਹ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਪਰਮਜੀਤ ਸਿੰਘ ਬਿੱਟਾ ਵਾਸੀ ਪਿੰਡ ਰਾਜਗੜ੍ਹ ਥਾਣਾ ਦੋਰਾਹਾ ਵਜੋਂ ਹੋਈ ਹੈ। ਦੋਰਾਹਾ ਪੁਲਸ ਨੂੰ ਦਰਜ ਕਰਵਾਏ ਆਪਣੇ ਬਿਆਨਾਂ 'ਚ ਪੀੜਤਾ ਦੀ ਮਾਤਾ ਨੇ ਦੱਸਿਆ ਕਿ ਮੇਰੀ ਛੋਟੀ ਬੇਟੀ ਜੋ ਕਿ ਪਿੰਡ ਰਾਜਗੜ੍ਹ ਦੇ ਸਕੂਲ 'ਚ 10ਵੀਂ ਕਲਾਸ 'ਚ ਪੜ੍ਹਦੀ ਸੀ, ਉਪਰ ਪਿੰਡ ਦਾ ਨੌਜਵਾਨ ਦੋਸ਼ੀ ਪਰਮਜੀਤ ਸਿੰਘ ਗਲਤ ਨਜ਼ਰ ਰੱਖਦਾ ਸੀ, ਜਿਸ ਕਾਰਨ ਮੈਂ ਆਪਣੀ ਲੜਕੀ ਨੂੰ ਸਕੂਲੋਂ ਪੜ੍ਹਨ ਤੋਂ ਹਟਾ ਲਿਆ ਸੀ। 5 ਅਪ੍ਰੈਲ 18 ਨੂੰ ਰਾਤ ਸਮੇਂ ਜਦੋਂ ਅਸੀਂ ਸੌਣ ਲੱਗੇ ਤਾਂ ਦੇਖਿਆ ਕਿ ਮੇਰੀ ਲੜਕੀ ਘਰ 'ਚ ਹਾਜ਼ਰ ਨਹੀਂ ਸੀ ਅਤੇ ਜਦੋਂ ਮੈਂ 6 ਅਪ੍ਰੈਲ 18 ਨੂੰ ਪਰਮਜੀਤ ਸਿੰਘ ਬਿੱਟਾ ਦੇ ਘਰ ਪਤਾ ਕੀਤਾ ਤਾਂ ਉਹ ਵੀ ਆਪਣੇ ਘਰ 'ਚ ਮੌਜੂਦ ਨਹੀਂ ਸੀ, ਜਿਸ 'ਤੇ ਮੈਨੂੰ ਪੂਰਾ ਯਕੀਨ ਹੋ ਗਿਆ ਕਿ ਕਥਿਤ ਦੋਸ਼ੀ ਮੇਰੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਬਹਿਲਾ-ਫੁਸਲਾ ਕੇ ਆਪਣੇ ਨਾਲ ਲੈ ਗਿਆ ਹੈ। ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ 10 ਅਪ੍ਰੈਲ ਨੂੰ 6 ਵਜੇ ਮੇਰੀ ਲੜਕੀ ਘਰ ਆ ਗਈ, ਜਿਸਨੇ ਮੈਨੂੰ ਆ ਕੇ ਦੱਸਿਆ ਕਿ ਕਥਿਤ ਦੋਸ਼ੀ ਡਰਾ-ਧਮਕਾ ਕੇ ਮੈਨੂੰ ਆਪਣੇ ਨਾਲ ਲੈ ਗਿਆ ਸੀ ਤੇ ਮੇਰੇ ਨਾਲ ਵੱਖ-ਵੱਖ ਜਗ੍ਹਾ 'ਤੇ ਰੱਖ ਕੇ ਗਲਤ ਕੰਮ ਕਰਦਾ ਰਿਹਾ। ਉਸਨੇ ਦੱਸਿਆ ਕਿ ਪਰਿਵਾਰ ਅਤੇ ਨਾਬਾਲਗਾ ਦੀ ਬਦਨਾਮੀ ਦੇ ਡਰਦੇ ਜਦੋਂ ਮੈਂ ਆਪਣੀ ਲੜਕੀ ਦੇ ਰਿਸ਼ਤੇ ਬਾਰੇ ਗੱਲ ਚਲਾਈ ਤਾਂ ਕਥਿਤ ਦੋਸ਼ੀ ਨੇ ਰਿਸ਼ਤੇਦਾਰਾਂ ਦੇ ਫੋਨ 'ਤੇ ਨਾਬਾਲਗਾ ਦੀ ਅਸ਼ਲੀਲ ਫੋਟੋ ਪਾ ਦਿੱਤੀ, ਜਿਸ ਕਾਰਨ ਨਾਬਾਲਗਾ ਦਾ ਰਿਸ਼ਤਾ ਵਿਚਕਾਰ ਹੀ ਰੁਕ ਗਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਕਥਿਤ ਦੋਸ਼ੀ ਨੇ ਨਾਬਾਲਗਾ ਨਾਲ ਵਰਗਲਾ ਕੇ ਵਿਆਹ ਦਾ ਝਾਂਸਾ ਦੇ ਕੇ ਜਬਰ-ਜ਼ਨਾਹ ਕੀਤਾ ਅਤੇ ਪਰਿਵਾਰ ਦੀ ਬਦਨਾਮੀ ਕੀਤੀ ਹੈ। ਪੁਲਸ ਨੇ ਕੇਸ ਦਰਜ ਕਰਕੇ ਦੋਸ਼ੀ ਨੂੰ ਕਾਬੂ ਕਰਨ ਤੋਂ ਬਾਅਦ ਅੱਗੇ ਜਾਂਚ ਆਰੰਭ ਕਰ ਦਿੱਤੀ ਹੈ।


Related News