ਵਿਦਿਆਰਥੀਆਂ ਵਲੋਂ ਧਰਨਾ ਸਮਾਪਤ ਕਰਨਾ ਰਮਜ਼ਾਨ ਦਾ ਤੋਹਫਾ : ਪ੍ਰੋ. ਤਾਰਿਕ ਮੰਸੂਰ
Saturday, May 19, 2018 - 11:29 AM (IST)

ਅਲੀਗੜ੍ਹ— ਏ. ਐੱਮ. ਯੂ. ਕੰਪਲੈਕਸ ਵਿਚ ਮੁਹੰਮਦ ਅਲੀ ਜਿੱਨਾਹ ਦੀ ਤਸਵੀਰ ਨੂੰ ਲੈ ਕੇ ਪਏ ਭੜਥੂ ਮਗਰੋਂ ਏ. ਐੱਮ. ਯੂ. ਵਿਦਿਆਰਥੀ ਸੰਘ ਵਲੋਂ 15 ਦਿਨਾਂ ਤੋਂ ਚੱਲ ਰਹੇ ਧਰਨੇ ਨੂੰ ਖਤਮ ਕੀਤੇ ਜਾਣ ਦਾ ਸਵਾਗਤ ਕਰਦੇ ਹੋਏ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏ. ਐੱਮ. ਯੂ.) ਦੇ ਕੁਲਪਤੀ ਪ੍ਰੋ. ਤਾਰਿਕ ਮੰਸੂਰ ਨੇ ਅੱਜ ਕਿਹਾ ਕਿ ਇਹ ਪੂਰੇ ਏ. ਐੱਮ. ਯੂ. ਭਾਈਚਾਰੇ ਲਈ ਰਮਜ਼ਾਨ ਦਾ ਤੋਹਫਾ ਹੈ। ਉਨ੍ਹਾਂ ਕਿਹਾ ਕਿ ਏ. ਐੱਮ. ਯੂ. ਦੇ ਵਿਦਿਆਰਥੀਆਂ ਵਲੋਂ ਉਨ੍ਹਾਂ ਦੇ ਲੋਕਤੰਤਰੀ ਹੱਕਾਂ ਦੀ ਵਰਤੋਂ ਕਰਨ ਦੀ ਉਹ ਸ਼ਲਾਘਾ ਕਰਦੇ ਹਨ।
ਇਸ ਦੌਰਾਨ ਵਿਦਿਆਰਥੀਆਂ ਨੇ ਵਧੀਆ ਅਨੁਸ਼ਾਸਨ ਅਤੇ ਭਾਈਚਾਰਕ ਮਾਹੌਲ ਕੰਪਲੈਕਸ ਵਿਚ ਬਣਾਈ ਰੱਖਿਆ। ਉਨ੍ਹਾਂ ਕਿਹਾ ਕਿ ਪੂਰੇ ਅੰਦੋਲਨ ਦੌਰਾਨ ਹਜ਼ਾਰਾਂ ਵਿਦਿਆਰਥੀਆਂ ਨੇ ਹਿੱਸਾ ਲਿਆ ਪਰ ਭੰਨਤੋੜ ਦੀ ਇਕ ਵੀ ਹਰਕਤ ਨਹੀਂ ਹੋਈ। ਭੜਕਾਏ ਜਾਣ ਦੇ ਬਾਵਜੂਦ ਵਿਦਿਆਰਥੀਆਂ ਨੇ ਏ. ਐੱਮ. ਯੂ. ਦੀਆਂ ਕਦਰਾਂ-ਕੀਮਤਾਂ ਨੂੰ ਬਣਾਈ ਰੱਖਿਆ।