ਕੇਂਦਰ ਸਰਕਾਰ ਦੇ ਰਵੱਈਏ ਖਿਲਾਫ਼ ਬੈਂਕ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਪ੍ਰਦਰਸ਼ਨ

05/26/2018 7:41:08 AM

ਸ੍ਰੀ ਮੁਕਤਸਰ ਸਾਹਿਬ (ਪਵਨ) - ਕੇਂਦਰ ਸਰਕਾਰ ਵੱਲੋਂ ਬੈਂਕਾਂ ਦੇ ਪ੍ਰਤੀ ਅਪਣਾਏ ਜਾ ਰਹੇ ਢਿੱਲੇ ਰਵੱਈਏ ਦੇ ਚਲਦਿਆਂ ਇੰਡੀਅਨ ਬੈਂਕਸ ਐਸੋਸੀਏਸ਼ਨ ਵੱਲੋਂ ਬੈਂਕ ਮੁਲਾਜ਼ਮਾਂ ਦੀ ਤਨਖਾਹ ਵਿਚ ਸਿਰਫ਼ ਦੋ ਫੀਸਦੀ ਦੇ ਵਾਧੇ ਦੇ ਮਤੇ ਤੋਂ ਖਫਾ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨ ਵੱਲੋਂ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਕਡ਼ੀ ਤਹਿਤ  ਮਲੋਟ ਰੋਡ ਸਥਿਤ ਐੱਸ. ਬੀ. ਆਈ. ਦੀ ਮੁੱਖ ਸ਼ਾਖਾ ਵਿਖੇ ਬਠਿੰਡਾ ਮਡਿਊਲ ਦੇ ਸਹਾਇਕ ਜਨਰਲ ਸਕੱਤਰ ਓ. ਪੀ. ਤਨੇਜਾ ਦੀ ਅਗਵਾਈ ’ਚ ਬੈਂਕ ਅਕਧਕਾਰੀਆਂ ਅਤੇ ਕਰਮਚਾਰੀਆਂ ਨੇ  ਰੋਸ ਪ੍ਰਦਰਸ਼ਨ ਕਰਦਿਆਂ ਕੇਂਦਰ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਰੋਸ ਪ੍ਰਦਰਸ਼ਨ ’ਚ ਪੰਜਾਬ ਐਂਡ ਸਿੱਧ ਬੈਂਕ, ਪੰਜਾਬ ਨੈਸ਼ਨਲ ਬੈਂਕ, ਬੈਂਕ ਆਫ਼ ਬਡ਼ੌਦਾ, ਬੈਂਕ ਆਫ਼ ਇੰਡੀਆ,  ਸਟੇਟ ਬੈਂਕ ਆਫ਼ ਇੰਡੀਆਂ ਦੀਆਂ ਸਮੂਹ ਬ੍ਰਾਂਚਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਇਲਾਵਾ ਹੋਰ ਬੈਂਕਾਂ ਦੇ ਮੁਲਾਜ਼ਮਾਂ ਨੇ ਵੀ ਵੱਡੀ ਗਿਣਤੀ ’ਚ ਭਾਗ ਲਿਆ।
 ਇਸੇ ਦੌਰਾਨ ਸੰਬੋਧਨ ਕਰਦਿਆਂ ਓ. ਪੀ. ਤਨੇਜਾ ਨੇ ਕਿਹਾ ਕਿ 10ਵੇਂ ਦੋਪੱਖੀ ਸਮਝੌਤੇ ਦੇ ਅਕਤੂਬਰ 2017 ਵਿਚ ਪੂਰਾ ਹੋਣ ’ਤੇ ਕੇਂਦਰ ਸਰਕਾਰ ਅਤੇ ਆਈ. ਬੀ. ਏ. ਨੇ ਤਨਖਾਹ ਸਮਝੌਤੇ ਸਬੰਧੀ ਗੱਲਬਾਤ ਪੂਰੀ ਕਰਨੀ ਸੀ ਪਰ ਆਈ. ਬੀ. ਏ. ਨੇ ਬੈਂਕ ਮੁਲਾਜ਼ਮਾਂ ਦੇ ਹਿੱਤਾਂ ਖਿਲਾਫ਼ ਸਿਰਫ਼ ਦੋ ਫੀਸਦੀ ਤਨਖਾਹ ਸੋਧ ਦਾ ਮਤਾ ਰੱਖ ਦਿੱਤਾ , ਜੋ ਕਿ ਬੈਂਕ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਮਨਜ਼ੂੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲੇ ਖਿਲਾਫ਼ ਸਾਰੇ ਜਨਤਕ ਖੇਤਰ ਦੇ ਬੈਂਕਾਂ ਨੇ 30 ਅਤੇ 31 ਮਈ ਨੂੰ ਦੋ ਦਿਨਾਂ ਲਈ ਬੈਂਕ ਹਡ਼ਤਾਲ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸੇ ਕਡ਼ੀ ਤਹਿਤ 28 ਮਈ ਨੂੰ ਸਥਾਨਕ ਸਮੂਹ ਜਨਤਕ ਬੈਂਕ ਦੇ ਅਧਿਕਾਰੀ ਅਤੇ ਕਰਮਚਾਰੀ ਰੋਸ ਵਜੋਂ ਕਾਲੇ ਬਿੱਲੇ ਲਾਉਣਗੇ ਜਦਕਿ 29 ਮਈ ਨੂੰ ਸਥਾਨਕ ਨਵੀਂ ਦਾਣਾ ਮੰਡੀ ਸਥਿਤ ਐੱਸ. ਬੀ. ਆਈ. ਦੀ ਸ਼ਾਖਾ ਮੂਹਰੇ ਫਿਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। 
ਇਸ ਤੋਂ ਇਲਾਵਾ 30 ਅਤੇ 31 ਮਈ ਦੀ ਦੋ ਦਿਨਾਂ ਹਡ਼ਤਾਲ ਦੌਰਾਨ ਸ਼ਹਿਰ ਵਿਚ ਰੋਸ ਮਾਰਚ ਕਰਦਿਆਂ ਮਲੋਟ ਰੋਡ ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੀ ਮੁੱਖ ਸ਼ਾਖਾ ਮੂਹਰੇ ਧਰਨਾ ਦੇ ਕੇ ਪ੍ਰਦਰਸ਼ਨ ਕੀਤਾ ਜਾਵੇਗਾ।
 ਇਸ ਮੌਕੇ ਗੁਰਵਿੰਦਰ ਸਿੰਘ, ਗੁਰਮੀਤ ਸਿੰਘ , ਰਮੇਸ਼ ਨਾਰੰਗ, ਨਰਿੰਦਰ ਕੁਮਾਰ , ਪੂਨਮ ਬਾਘਲਾ,  ਨੰਦਰਾਜ ਸ਼ਰਮਾ, ਭਾਰਤ ਭੂਸ਼ਣ, ਸ਼ਾਮ ਸੁੰਦਰ, ਯਾਦਵਿੰਦਰ ਸਿੰਘ, ਸੁਮਿਤ, ਰਾਜੂ, ਗੁਰਵਿੰਦਰ ਸਿੰਘ,ਬਿਮਲੇਸ਼ ਪ੍ਰਸ਼ਾਦ, ਦੀਪਕ ਕੁਮਾਰ, ਕਿਰਨ ਕਮਰਾ, ਸੰਤੋਸ਼ ਗੁਪਤਾ, ਕਿਰਨ ਮਲੌਹਤਰਾ, ਕੰਚਨ, ਰਾਕੇਸ਼ ਕੁੰਦਰਾ, ਸੁਰੇਸ਼ ਅਰੋਡ਼ਾ, ਸੌਰਵ ਪਾਂਡੇ, ਆਸ਼ੂਤੋਸ਼ ਮਨਚੰਦਾ,ਕੇ. ਐਲ. ਮਹਿੰਦਰਾ, ਨੀਲਮ ਰਾਣੀ, ਪ੍ਰਿਯੰਕਾ ਰਾਜਦੇਵ, ਸਾਹਿਲ ਰਾਜਦੇਵ  ਤੋਂ ਇਲਾਵਾ ਵੱਖ-ਵੱਖ ਬੈਂਕਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ। 
ਫ਼ਰੀਦਕੋਟ, (ਹਾਲੀ)-ਇਸੇ ਤਰ੍ਹਾਂ ਫਰੀਦਕੋਟ ਵਿਖੇ ਬੀਤੀ ਸ਼ਾਮ ਸਟੇਟ ਬੈਂਕ ਆਫ਼ ਇੰਡੀਆ ਦੀ ਮੁੱਖ ਸ਼ਾਖਾ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ  ਅਤੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।  ®ਇਸ ਮੌਕੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਆਈ. ਬੀ. ਏ. ਦੇ ਪ੍ਰਤੀ ਬੈਂਕ ਕਰਮਚਾਰੀਆਂ ਵਿਚ ਬਹੁਤ ਰੋਸ ਹੈ। ਉਨ੍ਹਾਂ ਕਿਹਾ ਕਿ ਆਈ. ਬੀ. ਏ. ਅਤੇ ਕੇਂਦਰ ਸਰਕਾਰ ਕਾਰਪੋਰੇਟ ਸੈਕਟਰ ਨੂੰ ਦਿੱਤੇ ਹੋਏ ਕਰਜ਼ਿਆਂ ਦੇ ਖਰਾਬ ਹੋਣ ਦਾ ਬਹਾਨਾ ਲਾ ਕੇ ਬੈਂਕ ਕਰਚਾਰੀਆਂ ਨੂੰ ਤਨਖਾਹ  ’ਚ ਵਾਧੇ ਲਈ ਆਣਾਕਾਨੀ ਕਰ ਰਹੀ ਹੈ, ਜਦੋਂਕਿ ਇਹ ਕਰਜ਼ੇ ਸਰਕਾਰ ਦੀ ਲਾਪ੍ਰਵਾਹੀ ਅਤੇ ਲੋਡ਼ੀਂਦੀ ਦਖਲ ਅੰਦਾਜ਼ੀ ਨਾ ਦੇਣ ਕਰ ਕੇ ਖਰਾਬ ਹੋਏ ਹਨ। ਉਨ੍ਹਾਂ ਕਿਹਾ ਕਿ 30 ਅਤੇ 31 ਮਈ ਨੂੰ 48 ਘੰਟਿਆਂ ਦੀ ਹਡ਼ਤਾਲ ਕੀਤੀ ਜਾ ਰਹੀ ਹੈ, ਜਿਸ ਤਹਿਤ ਸਾਰੇ ਦੇਸ਼ ਦੇ ਸਾਰੇ ਬੈਂਕ ਮੁਕੰਮਲ ਤੌਰ ’ਤੇ ਬੰਦ ਰਹਿਣਗੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਫਿਰ ਵੀ ਕੋਈ ਸਕਾਰਤਮਕ ਕਦਮ ਨਾ ਚੁੱਕਿਆ ਗਿਆ ਤਾਂ ਇਸ ਰੋਸ ਪ੍ਰਦਰਸ਼ਨ ਅਤੇ ਸੰਘਰਸ਼ ਨੂੰ ਵੱਡੇ ਪੱਧਰ ਤੱਕ ਲਿਜਾਇਆ ਜਾਵੇਗਾ। 


Related News