ਕਿਸਾਨਾਂ ਕੇਂਦਰ ਸਰਕਾਰ ਦੀ ਫੂਕੀ ਅਰਥੀ

05/26/2018 2:58:51 AM

ਬਠਿੰਡਾ(ਵਰਮਾ)-ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਆਈ ਗਿਰਾਵਟ ਦੇ ਬਾਵਜੂਦ ਕੇਂਦਰ ਦੀ ਮੋਦੀ ਸਰਕਾਰ ਨੇ ਡੀਜ਼ਲ, ਪੈਟਰੋਲ ਦੀਆਂ ਕੀਮਤਾਂ 'ਚ ਅਚਾਨਕ ਵਾਧਾ ਕਰ ਕੇ ਸਾਬਤ ਕਰ ਦਿੱਤਾ ਕਿ ਉਹ ਜਨਤਾ ਨੂੰ ਹਰ ਤਰ੍ਹਾਂ ਨਾਲ ਲੁੱਟਣਾ ਚਾਹੁੰਦੀ ਹੈ। ਇਸ ਕਾਰਨ ਕਾਂਗਰਸੀ ਵਰਕਰਾਂ ਨੇ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਕਿਹਾ ਕਿ ਮਹਿੰਗਾਈ ਦੀ ਮਾਰ ਹੇਠ ਜਨਤਾ ਦਾ ਕਚੂੰਮਰ ਨਿਕਲ ਗਿਆ ਹੈ। ਇਸ ਮੌਕੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਸ਼ੋਕ ਕੁਮਾਰ, ਸਕੱਤਰ ਅਰੁਣ ਵਧਾਵਨ ਨੇ ਕਿਹਾ ਕਿ ਮੋਦੀ ਸਰਕਾਰ ਦੇ ਚਾਰ ਸਾਲ ਦੌਰਾਨ ਤੇਲ ਦੀਆਂ ਕੀਮਤਾਂ ਨੇ ਇਕ ਨਵਾਂ ਇਤਿਹਾਸ ਰਚ ਦਿੱਤਾ ਜੋ ਅੱਜ ਤੱਕ ਨਹੀਂ ਹੋਇਆ ਸੀ ਜਿਸ ਲਈ ਮੋਦੀ ਸਰਕਾਰ ਪੂਰੀ ਤਰ੍ਹਾਂ ਦੋਸ਼ੀ ਹੈ। ਕੇਂਦਰ ਸਰਕਾਰ ਨੇ ਲੋਕਾਂ ਦੀ ਲੁੱਟ ਦਾ ਧੰਦਾ ਬਣਾ ਰੱਖਿਆ ਹੈ ਇਥੋਂ ਤੱਕ ਕਿ ਕਿਸਾਨਾਂ ਨੂੰ ਵੀ ਨਹੀਂ ਛੱਡਿਆ ਜੋ ਮਿਹਨਤ ਕਰ ਦੇਸ਼ ਦਾ ਪੇਟ ਭਰ ਰਹੇ ਹਨ। ਇਨ੍ਹਾਂ ਆਗੂਆਂ ਨੇ ਕਿਹਾ ਕਿ ਡੀਜ਼ਲ, ਪੈਟਰੋਲ ਨੂੰ ਜੀ. ਐੱਸ. ਟੀ. ਦੇ ਦਾਇਰੇ ਵਿਚ ਲਿਆ ਕੇ ਇਨ੍ਹਾਂ ਦੀਆਂ ਕੀਮਤਾਂ 'ਤੇ ਕਾਬੂ ਪਾਇਆ ਜਾਵੇ ਅਤੇ ਕੰਪਨੀਆਂ ਦੀ ਲੁੱਟ ਤੋਂ ਲੋਕਾਂ ਨੂੰ ਬਚਾਇਆ ਜਾਵੇ । ਜੇਕਰ ਮੋਦੀ ਸਰਕਾਰ ਨੇ ਕੀਮਤਾਂ ਨਾ ਘੱਟ ਕੀਤੀਆਂ ਤਾਂ ਦੇਸ਼ ਭਰ ਵਿਚ ਉਨ੍ਹਾਂ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਕਾਂਗਰਸ ਨੇ ਦੋਸ਼ ਲਾਏ ਕਿ ਮੋਦੀ ਆਪਣੇ ਚਹੇਤਿਆਂ ਅੰਬਾਨੀ ਤੇ ਅਦਾਨੀ ਨੂੰ ਫਾਇਦਾ ਪਹੁੰਚਾਉਣ ਲਈ ਆਮ ਲੋਕਾਂ ਦੀ ਜੇਬ 'ਤੇ ਡਾਕਾ ਮਾਰ ਰਹੇ ਹਨ। ਉਨ੍ਹਾਂ ਦੇਸ਼ ਦੀ ਚਿੰਤਾ ਨਹੀਂ ਬਲਕਿ ਆਪਣੇ ਚਹੇਤਿਆਂ ਦੀ ਜ਼ਿਆਦਾ ਫਿਕਰ ਹੈ। ਇਸ ਸਮੇਂ ਵੱਡੀ ਗਿਣਤੀ 'ਚ ਕਾਂਗਰਸ ਵਰਕਰ ਤੇ ਆਗੂ ਮੌਜੂਦ ਸਨ ਜਿਨ੍ਹਾਂ ਨੇ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।


Related News