65 ਸਾਲਾ ਪੁਤਿਨ ਅੱਜ ਚੌਥੀ ਵਾਰੀ ਬਨਣਗੇ ਰੂਸ ਦੇ ਰਾਸ਼ਟਰਪਤੀ

Monday, May 07, 2018 - 12:45 PM (IST)

ਮਾਸਕੋ (ਬਿਊਰੋ)— ਵਲਾਦਿਮੀਰ ਪੁਤਿਨ ਅੱਜ ਭਾਵ ਸੋਮਵਾਰ (7 ਮਈ) ਨੂੰ ਚੌਥੀ ਵਾਰੀ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣਗੇ। ਉਨ੍ਹਾਂ ਨੇ ਮਾਰਚ ਵਿਚ ਹੋਈਆਂ ਚੋਣਾਂ ਵਿਚ 77 ਫੀਸਦੀ ਵੋਟ ਹਾਸਲ ਕੀਤੇ ਸਨ। ਉਹ ਬੀਤੇ 18 ਸਾਲਾਂ ਤੋਂ ਸੱਤਾ ਵਿਚ ਹਨ। ਪੁਤਿਨ ਹੁਣ ਰੂਸ ਵਿਚ ਜੋਸੇਫ ਸਟਾਲਿਨ ਦੇ ਬਾਅਦ ਸਭ ਤੋਂ ਜ਼ਿਆਦਾ ਸਮਾਂ ਸੱਤਾ ਵਿਚ ਰਹਿਣ ਵਾਲੇ ਨੇਤਾ ਬਣ ਚੁੱਕੇ ਹਨ। ਵਲਾਦਿਮੀਰ ਪੁਤਿਨ ਸਾਲ 2000, 2004 ਅਤੇ 2012 ਵਿਚ ਰਾਸ਼ਟਰਪਤੀ ਚੁਣੇ ਗਏ ਸਨ। ਸਾਲ 2008-12 ਤੱਕ ਪ੍ਰਧਾਨ ਮੰਤਰੀ ਅਹੁਦੇ ਲਈ ਚੁਣੇ ਗਏ ਸਨ। 
ਨਵਾਲਨੀ ਨੇ ਉਨ੍ਹਾਂ ਨੂੰ ਚੁਣੌਤੀ ਦਿੱਤੀ ਸੀ ਪਰ ਉਨ੍ਹਾਂ ਨੂੰ ਵੋਟ ਪਾਉਣ ਤੋਂ ਹੀ ਰੋਕ ਦਿੱਤਾ ਗਿਆ। ਨਵਾਲਨੀ ਦੇ ਸਮਰਥਕਾਂ ਨੇ ਉਨ੍ਹਾਂ ਨੂੰ ਚੋਣਾਂ ਤੋਂ ਬਾਹਰ ਕਰਨ ਦਾ ਦੋਸ਼ ਲਗਾਇਆ। ਭਾਵੇਂ ਪੁਤਿਨ ਰਾਸ਼ਟਰਪਤੀ ਦੇ ਰੂਪ ਵਿਚ ਹੋਣ ਜਾਂ ਫਿਰ ਪ੍ਰਧਾਨ ਮੰਤਰੀ ਦੇ ਰੂਪ ਵਿਚ। ਉਨ੍ਹਾਂ ਦੇ ਵਿਰੋਧੀ ਇਸ ਕਾਰਜਕਾਲ ਨੂੰ ਜ਼ਾਰ (ਸਮਰਾਟ) ਦੇ ਰੂਪ ਵਿਚ ਦੇਖ ਰਹੇ ਹਨ। ਵਲਾਦਿਮੀਰ ਦੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਰੂਸ ਵਿਚ ਉਨ੍ਹਾਂ ਦਾ ਵਿਰੋਧ ਸ਼ੁਰੂ ਹੋ ਚੁੱਕਾ ਹੈ। ਪ੍ਰਦਰਸ਼ਨਾਕਰੀਆਂ ਦੀ ਅਗਵਾਈ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮਕਾਰ ਅਤੇ ਪੁਤਿਨ ਦੇ ਵਿਰੋਧੀ ਰਹੇ ਅਲੈਕਸੀ ਨਵਾਲਨੀ ਨੇ ਕੀਤੀ। ਇਸ ਤੋਂ ਪਹਿਲਾਂ ਵੀ ਰੂਸ ਦੇ ਮਾਸਕੋ ਅਤੇ ਸੈਂਟ ਪੀਟਸਬਰਗ ਸਮੇਤ 20 ਸ਼ਹਿਰਾਂ ਵਿਚ ਸ਼ਨੀਵਾਰ ਨੂੰ ਉਨ੍ਹਾਂ ਵਿਰੁੱਧ ਵਿਰੋਧ ਪ੍ਰਦਰਸ਼ਨ ਹੋਏ। ਉਨ੍ਹਾਂ ਦੇ ਵਿਰੋਧੀ ਨੇਤਾ ਅਤੇ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਚਲਾ ਰਹੇ ਅਲੈਕਸੀ ਨਵਾਲਨੀ ਸਮੇਤ 1600 ਤੋਂ ਜ਼ਿਆਦਾ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸਿਰਫ ਮਾਸਕੋ ਵਿਚ 500 ਤੋਂ ਜ਼ਿਆਦਾ ਗ੍ਰਿਫਤਾਰੀਆਂ ਹੋਈਆਂ। ਇਹ ਲੋਕ ਪੁਤਿਨ ਦੇ ਇਕ ਵਾਰੀ ਫਿਰ ਤੋਂ ਰਾਸ਼ਟਰਪਤੀ ਚੁਣੇ ਜਾਣ ਦੇ ਵਿਰੋਧ ਵਿਚ ਪ੍ਰਦਰਸ਼ਨ ਕਰ ਰਹੇ ਸਨ।


Related News