ਸੱਸ ਤੇ ਨਨਾਣ ਦੀ ਗ੍ਰਿਫ਼ਤਾਰੀ ਲਈ ਪੇਕਾ ਪਰਿਵਾਰ ਨੇ ਥਾਣੇ ਅੱਗੇ ਦਿੱਤਾ ਧਰਨਾ

Friday, May 18, 2018 - 02:00 AM (IST)

ਸੱਸ ਤੇ ਨਨਾਣ ਦੀ ਗ੍ਰਿਫ਼ਤਾਰੀ ਲਈ ਪੇਕਾ ਪਰਿਵਾਰ ਨੇ ਥਾਣੇ ਅੱਗੇ ਦਿੱਤਾ ਧਰਨਾ

ਗਿੱਦਡ਼ਬਾਹਾ,  (ਕੁਲਭੂਸ਼ਨ)-  ਬੀਤੀ 30 ਅਪ੍ਰੈਲ ਨੂੰ ਪਿੰਡ ਮਧੀਰ ਵਿਖੇ  28 ਸਾਲਾ ਵਿਆਹੁਤਾ  ਜਸਪ੍ਰੀਤ ਕੌਰ ਵੱਲੋਂ ਫਾਹ ਲੈ ਕੇ ਖੁਦਕੁਸ਼ੀ ਕਰ ਲਈ ਗਈ ਸੀ। ਮਾਨਸਾ ਜ਼ਿਲੇ ਦੇ ਪਿੰਡ ਗਹਿਰੀ ਭਾਗੀ ਦੀ ਰਹਿਣ ਵਾਲੀ ਜਸਪ੍ਰੀਤ ਕੌਰ ਦਾ ਵਿਆਹ ਕਰੀਬ 6 ਸਾਲ ਪਹਿਲਾਂ ਪਿੰਡ ਮਧੀਰ ਦੇ ਕੁਲਵਿੰਦਰ ਸਿੰਘ ਪੁੱਤਰ ਬਲਕਰਨ ਸਿੰਘ ਨਾਲ ਹੋਇਆ ਸੀ।
 ਥਾਣਾ ਕੋਟਭਾਈ ਪੁਲਸ ਨੇ ਉਕਤ ਮਾਮਲੇ ’ਚ ਕਾਰਵਾਈ ਕਰਦਿਅਾਂ ਲਡ਼ਕੀ ਦੇ ਚਾਚਾ ਗੁਰਜੰਟ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਗਹਿਰੀ ਭਾਗੀ ਜ਼ਿਲਾ ਮਾਨਸਾ ਦੇ ਬਿਆਨਾਂ ’ਤੇ ਕੁਲਵਿੰਦਰ ਸਿੰਘ (ਪਤੀ) ਪੁੱਤਰ ਬਲਕਰਨ ਸਿੰਘ, ਸੱਸ ਮਨਜੀਤ ਕੌਰ ਪਤਨੀ ਬਲਕਰਨ ਸਿੰਘ, ਨਨਾਣ ਸੁਖਜੀਤ ਕੌਰ ਅਤੇ ਸਹੁਰੇ ਬਲਕਰਨ ਸਿੰਘ   ਖਿਲਾਫ ਮਾਮਲਾ ਦਰਜ ਕਰ ਕੇ ਮ੍ਰਿਤਕਾ ਦੇ ਸਹੁਰੇ ਅਤੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਜਦਕਿ ਉਕਤ ਮਾਮਲੇ ’ਚ ਮ੍ਰਿਤਕਾ ਦੀ ਸੱਸ ਮਨਜੀਤ ਕੌਰ ਅਤੇ ਨਨਾਣ ਸੁਖਜੀਤ ਕੌਰ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਅੱਜ ਮ੍ਰਿਤਕਾ  ਦੇ ਪੇਕਾ ਪਰਿਵਾਰ ਵੱਲੋਂ ਜਸਪ੍ਰੀਤ ਨੂੰ ਇਨਸਾਫ਼ ਦਿਵਾਉਣ ਲਈ ਬਣਾਈ ਜਸਪ੍ਰੀਤ ਕਤਲ ਕਾਂਡ ਸੰਘਰਸ਼ ਕਮੇਟੀ ਵੱਲੋਂ ਵੱਖ-ਵੱਖ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਨਾਲ ਮਿਲ ਕੇ ਥਾਣਾ ਕੋਟਭਾਈ ਅੱਗੇ ਧਰਨਾ ਦਿੱਤਾ  ਗਿਆ ਅਤੇ ਮ੍ਰਿਤਕਾ  ਦੀ ਸੱਸ ਅਤੇ ਨਨਾਣ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। 
ਇਸ ਦੌਰਾਨ 21 ਮੈਂਬਰੀ ਸੰਘਰਸ਼ ਕਮੇਟੀ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਥਾਣਾ ਕੋਟਭਾਈ ਅੱਗੇ ਪੱਕਾ ਧਰਨਾ ਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੁਲਸ ਦੇ ਉੱਚ ਅਧਿਕਾਰੀ ਉਨ੍ਹਾਂ ਨੂੰ ਆ ਕੇ ਨਹੀਂ ਮਿਲਦੇ, ਉਦੋਂ ਤੱਕ ਉਹ ਥਾਣੇ ਦਾ ਗੇਟ ਖਾਲੀ ਨਹੀਂ ਕਰਨਗੇ ਅਤੇ ਉਸ ਤੋਂ ਬਾਅਦ ਉਹ ਇਨਸਾਫ਼ ਮਿਲਣ ਤੱਕ ਥਾਣੇ  ਅੰਦਰ ਤੰਬੂ ਲਾ ਕੇ ਪੱਕਾ ਧਰਨਾ ਦੇਗੇ।  ®®ਇਸ ਬਾਰੇ ਥਾਣਾ ਕੋਟਭਾਈ ਦੇ ਐੱਸ. ਐੱਚ. ਓ. ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਉਕਤ ਮਾਮਲੇ ’ਚ ਮ੍ਰਿਤਕਾ ਜਸਪ੍ਰੀਤ ਕੌਰ ਦੇ ਪਤੀ ਅਤੇ ਸਹੁਰੇ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਦੀ ਸੱਸ ਅਤੇ ਨਨਾਣ ਦੀ ਗ੍ਰਿਫ਼ਤਾਰੀ ਵਾਸਤੇ ਲਗਾਤਾਰ ਛਾਪਾਮਾਰੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।  ਇਸ ਧਰਨੇ ’ਚ ਲਡ਼ਕੀ ਦੇ ਪੇਕਾ ਪਰਿਵਾਰ ਤੋਂ ਇਲਾਵਾ ਜਸਵਿੰਦਰ ਸਿੰਘ, ਬਲਜੀਤ ਸਿੰਘ ਬੀ. ਕੇ. ਯੂ. (ਸਿੱਧੂਪੁਰ ਗਰੁੱਪ), ਕਿਸ਼ਨ ਸਿੰਘ, ਪਰਵਿੰਦਰ ਸਿੰਘ ਬੀ. ਕੇ. ਯੂ., ਅਰਵਿੰਦਰ ਸਿੰਘ ਸਾਬਕਾ ਪੰਚ, ਜਗਤਾਰ ਸਿੰਘ ਭੱਟੀ ਪ੍ਰਧਾਨ ਦਲਿਤ ਮਜ਼ਦੂਰ ਫੈੱਡਰੇਸ਼ਨ, ਮਿੱਠੂ ਸਿੰਘ ਸਾਬਕਾ ਸਰੰਪਚ ਅਤੇ ਦਿਹਾਤੀ ਪ੍ਰਧਾਨ ਲੋਕ ਜਨ ਸ਼ਕਤੀ ਪਾਰਟੀ ਫਰੀਦਕੋਟ ਕੋਟਲੀ, ਬਿੰਦਰ ਸਿੰਘ ਆਦਿ ਹਾਜ਼ਰ ਸਨ।


Related News