ਲੁਧਿਆਣਾ ਦੇ ਕੂੜੇ ਤੋਂ ਨਕੋਦਰ ''ਚ ਬਣ ਰਹੀ ਹੈ ਬਿਜਲੀ

05/26/2018 4:58:30 AM

ਲੁਧਿਆਣਾ(ਹਿਤੇਸ਼)- ਮਹਾਨਗਰ 'ਚ ਸੜਕਾਂ ਕੰਢੇ ਕੰਟੇਨਰ ਪੁਆਇੰਟਾਂ 'ਤੇ ਕੂੜਾ ਜਮ੍ਹਾ ਰਹਿਣ ਦੀ ਸਮੱਸਿਆ ਆਉਣ ਵਾਲੇ ਦਿਨਾਂ ਵਿਚ ਕਾਫੀ ਹੱਦ ਤਕ ਹੱਲ ਹੋ ਸਕਦੀ ਹੈ, ਜਿਸ ਨੂੰ ਲੈ ਕੇ ਏ ਟੂ ਜ਼ੈੱਡ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਕੂੜੇ ਤੋਂ ਬਣਨ ਵਾਲੇ ਆਰ. ਡੀ. ਐੱਫ. ਨਾਲ ਨਕੋਦਰ ਸਥਿਤ ਪਲਾਂਟ ਵਿਚ ਬਿਜਲੀ ਬਣਨੀ ਸ਼ੁਰੂ ਹੋ ਗਈ ਹੈ। ਇਥੇ ਦੱਸਣਾ ਠੀਕ ਹੋਵੇਗਾ ਕਿ ਸਾਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਤਹਿਤ ਕੂੜੇ ਵਿਚੋਂ ਨਿਕਲਣ ਵਾਲੀ ਰਬੜ, ਕੱਪੜਾ, ਪਲਾਸਟਿਕ, ਪੇਪਰ ਆਦਿ ਜਲਣਸ਼ੀਲ ਪਦਾਰਥਾਂ ਨੂੰ ਆਰ. ਡੀ. ਐੱਫ. ਦੇ ਰੂਪ ਵਿਚ ਵਿਕਸਿਤ ਕਰਨ ਦਾ ਪਹਿਲੂ ਸ਼ਾਮਲ ਹੈ, ਜਿਸ ਤੋਂ ਬਿਜਲੀ ਬਣਾਈ ਜਾਣੀ ਹੈ ਪਰ ਪਹਿਲਾਂ ਪਲਾਂਟ 'ਤੇ ਕੂੜੇ ਦੀ ਛਾਂਟੀ ਤੋਂ ਬਾਅਦ ਉਸ ਨੂੰ ਸੁਕਾਉਣ ਲਈ ਡ੍ਰਾਇਰ ਲੱਗਣ ਵਿਚ ਕਾਫੀ ਦੇਰ ਹੋਣ ਕਾਰਨ ਕੰਮ ਸ਼ੁਰੂ ਨਹੀਂ ਹੋ ਸਕਿਆ। ਫਿਰ ਕੂੜੇ ਤੋਂ ਬਣਨ ਵਾਲੀ ਬਿਜਲੀ ਦੇ ਰੇਟਾਂ ਨੂੰ ਲੈ ਕੇ ਪੇਚ ਫਸ ਗਿਆ। ਇਸ ਦਾ ਅਸਰ ਕੰਢੇ ਅਤੇ ਕੰਟੇਨਰ ਪੁਆਇੰਟਾਂ 'ਤੇ ਕੂੜਾ ਜਮ੍ਹਾ ਰਹਿਣ ਦੇ ਰੂਪ ਵਿਚ ਸਾਹਮਣੇ ਆਇਆ, ਇਹ ਮਾਮਲਾ ਐੱਨ. ਜੀ. ਟੀ. ਵਿਚ ਪੁੱਜਾ ਤਾਂ ਨਗਰ ਨਿਗਮ ਨੂੰ ਗ੍ਰਾਂਟ ਜਾਰੀ ਕਰਨ ਅਤੇ ਕੰਪਨੀ ਨੂੰ ਕੰਮ ਪੂਰਾ ਕਰਨ ਦਾ ਸ਼ੈਡਿਊਲ ਦੇਣ ਦੇ ਹੁਕਮ ਜਾਰੀ ਹੋਏ, ਜਿਸ ਤਹਿਤ ਕੰਪਨੀ ਨੇ ਕੂੜੇ ਦੀ ਛਾਂਟੀ ਲਈ ਸੈਗ੍ਰੀਗੇਸ਼ਨ ਪਲਾਂਟ ਅਤੇ ਸੁਕਾਉਣ ਲਈ ਡ੍ਰਾਇਰ ਲਗਾਉਣ ਦਾ ਕੰਮ ਪੂਰਾ ਹੋਣ ਦਾ ਦਾਅਵਾ ਕੀਤਾ ਹੈ। ਕੰਪਨੀ ਦੀ ਮੰਨੀਏ ਤਾਂ ਕੂੜੇ ਤੋਂ ਨਿਕਲਣ ਵਾਲੇ ਆਰ. ਡੀ. ਐੱਫ. ਤੋਂ ਨਕੋਦਰ ਵਿਚ ਬਿਜਲੀ ਬਣਨੀ ਵੀ ਸ਼ੁਰੂ ਹੋ ਗਈ ਹੈ।
ਰੇਲਵੇ ਦਾ ਡੀਜ਼ਲ ਸ਼ੈੱਡ ਛੱਡ ਰਿਹਾ ਪ੍ਰਦੂਸ਼ਿਤ ਪਾਣੀ, ਨਿਗਮ ਨੇ ਦਿੱਤਾ ਕੁਨੈਕਸ਼ਨ ਕੱਟਣ ਦਾ ਨੋਟਿਸ
ਬਿਆਸ ਅਤੇ ਸਤਲੁਜ ਦਰਿਆ 'ਚ ਜਾ ਰਹੇ ਪ੍ਰਦੂਸ਼ਿਤ ਪਾਣੀ ਨਾਲ ਮੱਛੀਆਂ ਤੋਂ ਇਲਾਵਾ ਇਨਸਾਨੀ  ਜੀਵਨ  ਵੀ ਖਤਰੇ 'ਚ ਹੈ, ਜਿਸ ਨੂੰ ਲੈ ਕੇ ਸਰਕਾਰ ਨੇ ਆਪਣੇ ਅੰਦਰ ਟ੍ਰੀਟਮੈਂਟ ਪਲਾਂਟ ਲਗਾਏ ਬਿਨਾਂ ਪਾਣੀ ਛੱਡਣ ਵਾਲੀ ਇੰਡਸਟਰੀ ਖਿਲਾਫ ਕਾਰਵਾਈ ਕਰਨ ਦਾ ਐਲਾਨ ਕੀਤਾ ਹੈ। ਇਸੇ ਦੌਰਾਨ ਇਹ ਕੇਸ ਸਾਹਮਣੇ ਆਇਆ ਹੈ ਕਿ ਰੇਲਵੇ ਵੱਲੋਂ ਲੋਕੋ ਸ਼ੈੱਡ ਵਿਚੋਂ ਡੀਜ਼ਲ ਵਾਲਾ ਪਾਣੀ ਛੱਡਿਆ ਜਾ ਰਿਹਾ ਹੈ, ਜਿਹੜਾ ਪਾਣੀ ਇਸਲਾਮਗੰਜ ਨਾਲੇ ਰਾਹੀਂ ਬੁੱਢੇ ਨਾਲੇ ਵਿਚ ਜਾ ਰਿਹਾ ਹੈ, ਜਿਸ ਸਬੰਧੀ ਜ਼ੋਨ ਡੀ ਦੀ ਓ. ਐਂਡ ਐੱਮ. ਸ਼ਾਖਾ ਨੇ ਰੇਲਵੇ ਵਿਭਾਗ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ, ਜਿਸ 'ਚ ਤੇਲ ਵਾਲੇ ਪਾਣੀ ਦੇ ਲਈ ਈ. ਟੀ. ਪੀ. ਲਗਾਉਣ ਦਾ ਸੁਝਾਅ ਦਿੱਤਾ ਹੈ। ਅਜਿਹਾ ਨਾ ਹੋਣ 'ਤੇ ਪਾਣੀ, ਸੀਵਰੇਜ ਦਾ ਕੁਨੈਕਸ਼ਨ ਕੱਟਣ ਦੀ ਵਾਰਨਿੰਗ ਦਿੱਤੀ ਗਈ ਹੈ।


Related News