ਵਪਾਰ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਟਰਨਬੁੱਲ ਜਾਣਗੇ ਚੀਨ

05/19/2018 1:34:51 PM

ਮੈਲਬੌਰਨ— ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਚੀਨ ਨਾਲ ਵਪਾਰਕ ਸੰਬੰਧਾਂ ਨੂੰ ਸੁਧਾਰਨ ਲਈ ਇਸ ਸਾਲ ਚੀਨ ਦੀ ਯਾਤਰਾ ਕਰਨਗੇ। ਟਰਨਬੁੱਲ ਚੀਨ-ਆਸਟ੍ਰੇਲੀਆ ਦਰਮਿਆਨ ਵਪਾਰਕ ਖੇਤਰ 'ਚ ਆਈ ਖਟਾਸ ਨੂੰ ਦੂਰ ਕਰਨ ਦੀ ਦਿਸ਼ਾ 'ਚ ਪਹਿਲ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਹਾਲ ਹੀ ਦੇ ਦਿਨਾਂ ਵਿਚ ਦੋਹਾਂ ਦੇਸ਼ਾਂ ਦੇ ਵਪਾਰਕ ਸੰਬੰਧ ਕਾਫੀ ਵਿਗੜ ਗਏ ਸਨ। ਇਸ ਦਾ ਕਾਰਨ ਟਰਨਬੁੱਲ ਦੀ ਅਗਵਾਈ ਵਾਲੀ ਗਠਜੋੜ ਸਰਕਾਰ ਵਲੋਂ ਪਾਸ ਉਹ ਬਿੱਲ ਹੈ, ਜਿਸ ਵਿਚ ਆਸਟ੍ਰੇਲੀਆ 'ਚ ਵਿਦੇਸ਼ੀ ਦਖਲ-ਅੰਦਾਜ਼ੀ ਨੂੰ ਸੀਮਤ ਕਰਨ ਦੀ ਵਿਵਸਥਾ ਹੈ। ਇਸ 'ਚ ਸਿਆਸੀ ਚੰਦੇ 'ਤੇ ਵੀ ਰੋਕ ਲਾਉਣ ਦੀ ਗੱਲ ਆਖੀ ਗਈ ਹੈ ਅਤੇ ਇਸ ਨੂੰ ਲੈ ਕੇ ਚੀਨ ਨੇ ਸਖਤ ਪ੍ਰਕਿਰਿਆ ਦਿੰਦੇ ਹੋਏ ਕਿਹਾ ਕਿ ਇਹ ਚੀਨ ਦੇ ਹਿੱਤਾਂ ਦੇ ਵਿਰੋਧ ਵਿਚ ਹੈ।
ਇਸ ਘਟਨਾਕ੍ਰਮ ਤੋਂ ਬਾਅਦ ਕਈ ਆਸਟ੍ਰੇਲੀਆਈ ਕੰਪਨੀਆਂ ਨੇ ਸ਼ਿਕਾਇਤੀ ਲਹਿਜ਼ੇ 'ਚ ਕਿਹਾ ਹੈ ਕਿ ਦੋਹਾਂ ਦੇਸ਼ਾਂ ਵਿਚਕਾਰ ਵਪਾਰਕ ਸੰਬੰਧ ਖਰਾਬ ਹੋਣ ਨਾਲ ਕੰਪਨੀਆਂ ਦੇ ਹਿੱਤਾਂ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ ਅਤੇ ਉਨ੍ਹਾਂ ਦੇ ਸਾਮਾਨ ਨੂੰ ਚੀਨੀ ਹਵਾਈ ਅੱਡਿਆਂ 'ਚ ਵਾਧੂ ਕਸਟਮ ਡਿਊਟੀ ਅਤੇ ਬੇਲੋੜੀ ਜਾਂਚ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ੰਘਾਈ ਦੀ ਯਾਤਰਾ 'ਤੇ ਆਏ ਆਸਟ੍ਰੇਲੀਆਈ ਵਪਾਰ ਮੰਤਰੀ ਸਟੀਵਨ ਕਿਯੋਬੋ ਨੇ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਦੋਹਾਂ ਦੇਸ਼ਾਂ ਦੇ ਵਪਾਰਕ ਸੰਬੰਧਾਂ ਨੂੰ ਸੁਧਾਰਨ ਦਾ ਦਾਇਰਾ ਸੀਮਤ ਹੈ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ 'ਤੇ ਖਿੱਝ ਪੈਦਾ ਕਰਨ ਵਾਲੀਆਂ ਚੀਜ਼ਾਂ ਹੁੰਦੀਆਂ ਹਨ ਅਤੇ ਇਹ ਸੰਸਾਰਕ ਪੱਧਰ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਅਸੀਂ ਇਸ ਮਸਲੇ 'ਤੇ ਗੱਲਬਾਤ ਕੀਤੀ ਹੈ, ਤਾਂ ਕਿ ਦੋਹਾਂ ਦੇਸ਼ਾਂ ਦੇ ਆਪਸੀ ਸੰਬੰਧਾਂ ਨੂੰ ਸਕਾਰਾਤਮਕ ਤਰੀਕੇ ਹੱਲ ਕੀਤਾ ਜਾ ਸਕੇ। ਇਸੇ ਘਟਨਾਕ੍ਰਮ ਵਿਚ ਆਸਟ੍ਰੇਲੀਆਈ ਵਿਦੇਸ਼ ਮੰਤਰੀ ਜੂਲੀ ਬਿਸ਼ਪ ਅਤੇ ਉਨ੍ਹਾਂ ਦੇ ਹਮਰੁਤਬਾ ਦੀ ਅਗਲੇ ਹਫਤੇ ਇਕ ਬੈਠਕ ਹੋਣ ਵਾਲੀ ਹੈ।


Related News