ਗੁਰਦੁਆਰੇ ਕੋਲ ਚੱਲ ਰਹੇ ਸ਼ਰਾਬ ਦੇ ਠੇਕੇ ਨੂੰ ਹਟਾਉਣ ਲਈ ਲੋਕਾਂ ਕੀਤਾ ਪ੍ਰਦਰਸ਼ਨ

05/13/2018 1:16:23 AM

ਗੁਰਦਾਸਪੁਰ/ਦੋਰਾਂਗਲਾ, (ਵਿਨੋਦ/ਨੰਦਾ)- ਦੋਰਾਂਗਲਾ ਕਸਬੇ 'ਚ ਗੁਰਦੁਆਰੇ ਦੇ ਕੋਲ ਚੱਲ ਰਹੇ ਸ਼ਰਾਬ ਦੇ ਠੇਕੇ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਕਸਬਾ ਦੋਰਾਂਗਲਾ ਤੋਂ ਸੈਂਕੜੇ ਲੋਕਾਂ ਨੇ ਮੁੱਖ ਸੜਕ 'ਤੇ ਬੈਠ ਕੇ ਜ਼ਿਲਾ ਪ੍ਰਸ਼ਾਸਨ ਤੇ ਦੋਰਾਂਗਲਾ ਪੁਲਸ ਸਟੇਸ਼ਨ ਖਿਲਾਫ਼ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀ ਕਰੀਬ ਇਕ ਘੰਟਾ ਸੜਕ 'ਤੇ ਬੈਠੇ ਰਹੇ ਪਰ ਪੁਲਸ ਸਟੇਸ਼ਨ ਇੰਚਾਰਜ ਪਰਮਜੀਤ ਕੌਰ ਅਤੇ ਐਕਸਾਈਜ਼ ਵਿਭਾਗ ਦੇ ਅਧਿਕਾਰੀ ਛੁੱਟੀ 'ਤੇ ਹੋਣ ਕਾਰਨ ਲੋਕਾਂ ਨੇ ਖੁਦ ਹੀ ਆਪਣਾ ਧਰਨਾ ਰੱਦ ਕਰਦੇ ਹੋਏ ਦੁਬਾਰਾ ਧਰਨਾ ਦੇਣ ਦੀ ਚਿਤਾਵਨੀ ਦਿੱਤੀ। 
ਜਾਣਕਾਰੀ ਦਿੰਦੇ ਹੋਏ ਗੋਲਡੀ, ਰਣਜੀਤ ਸਿੰਘ, ਹਰਜਿੰਦਰ ਸਿੰਘ ਜੌਨਪੁਰ, ਬਲਦੇਵ ਸਿੰਘ ਮਲੂਕ ਚੱਕ, ਅਜੀਤ ਸਿੰਘ, ਕੁਲਦੀਪ ਸਿੰਘ, ਹਰਜਿੰਦਰ ਸਿੰਘ, ਨਿਰੰਜਨ ਸਿੰਘ ਆਦਿ ਲੋਕਾਂ ਨੇ ਦੱਸਿਆ ਕਿ ਖੇਤਰ ਵਿਚ ਸ਼ਰਾਬ ਮਾਫੀਆ ਵੱਲੋਂ ਗੁਰਦੁਆਰੇ ਦੇ ਬਿਲਕੁਲ ਕੋਲ ਠੇਕਾ ਖੋਲ੍ਹਿਆ ਗਿਆ ਹੈ, ਜਦਕਿ ਗੁਰਦੁਆਰੇ ਦੇ ਅੰਦਰ ਬੱਚਿਆਂ ਨੂੰ ਪੜ੍ਹਾਉਣ ਲਈ ਇਕ ਸਕੂਲ ਵੀ ਚੱਲ ਰਿਹਾ ਹੈ। ਅਜਿਹੇ 'ਚ ਬੱਚਿਆਂ 'ਤੇ ਬੁਰਾ ਅਸਰ ਵੀ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਵਾਰ-ਵਾਰ ਠੇਕੇਦਾਰਾਂ ਨੂੰ ਕਹਿਣ ਦੇ ਬਾਵਜੂਦ ਵੀ ਠੇਕਾ ਗੁਰਦੁਆਰਾ ਦੇ ਕੋਲੋਂ ਨਹੀਂ ਹਟਾਇਆ ਗਿਆ। ਪ੍ਰਦਰਸ਼ਨਕਾਰੀਆ ਨੇ ਕਿਹਾ ਕਿ ਜੇਕਰ ਜਲਦੀ ਹੀ ਗੁਰਦੁਆਰਾ ਦੇ ਕੋਲੋਂ ਠੇਕਾ ਨਹੀਂ ਹਟਾਇਆ ਗਿਆ ਤਾਂ ਵੱਡੇ ਪੱਧਰ 'ਤੇ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਜ਼ਿਲਾ ਪ੍ਰਸ਼ਾਸਨ ਦੀ ਹੋਵੇਗੀ। 
ਲੋਕਾਂ ਨੇ ਦੋਸ਼ ਲਾਇਆ ਕਿ ਗੁਰਦੁਆਰੇ ਕੋਲ ਚੱਲ ਰਹੇ ਠੇਕੇ ਤੋਂ ਲੋਕ ਸ਼ਰਾਬ ਪੀ ਕੇ ਹੁੱਲੜਬਾਜ਼ੀ ਕਰਦੇ ਹਨ, ਜਿਸ ਦੌਰਾਨ ਇਸ ਦਾ ਬੱਚਿਆਂ 'ਤੇ ਵੀ ਬੁਰਾ ਅਸਰ ਪੈ ਰਿਹਾ ਹੈ। 
ਸੜਕ 'ਤੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਡਿਊਟੀ 'ਤੇ ਤਾਇਨਾਤ ਏ. ਐੱਸ. ਆਈ. ਨੇ ਥਾਣੇ ਵਿਚ ਬੁਲਾ ਕੇ ਗੱਲਬਾਤ ਕਰਦੇ ਹੋਏ ਮਾਮਲੇ ਦਾ ਹੱਲ ਪੁਲਸ ਸਟੇਸ਼ਨ ਇੰਚਾਰਜ ਦੇ ਆਉਣ 'ਤੇ ਕਰਨ ਦਾ ਭਰੋਸਾ ਦਿੱਤਾ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨਗੇ। ਜਿਸ ਦੇ ਬਾਅਦ ਲੋਕਾਂ ਨੇ ਧਰਨਾ ਰੱਦ ਕਰ ਦਿੱਤਾ।


Related News