ਕੁਰਕੀ ਟੀਮ ਦੇ ਵਿਰੋਧ ''ਚ ਕਿਸਾਨ ਸੰਘਰਸ਼ ਕਮੇਟੀ ਨੇ ਲਗਾਇਆ ਮੋਰਚਾ

05/25/2018 11:34:06 AM

ਖਾਲੜਾ, ਭਿੱਖੀਵਿੰਡ (ਭਾਟੀਆ, ਬਖਤਾਵਰ) : ਪਿੰਡ ਵੀਰਮ ਦੇ ਕਿਸਾਨ ਗੁਰਸੇਵਕ ਸਿੰਘ ਨੇ ਲੈਡ-ਮਾਰਗਿਜ ਬੈਂਕ ਤੋਂ ਕਰਜ਼ਾ ਲਿਆ ਸੀ। ਉਸ ਦੀ ਜ਼ਮੀਨ ਦੀ ਕੁਰਕੀ ਕਰਨ ਲਈ ਪਹੁੰਚਣ ਵਾਲੀ ਬੈਂਕ ਦੀ ਟੀਮ ਦਾ ਵਿਰੋਧ ਕਰਨ ਲਈ ਕਿਸਾਨ ਸੰਘਰਸ਼ ਕਮੇਟੀ ਵਲੋਂ ਕਿਸਾਨ ਦੇ ਘਰ ਪਹੁੰਚ ਕੇ ਉਡੀਕ ਕੀਤੀ ਗਈ ਪਰ ਕੋਈ ਵੀ ਬੈਂਕ ਅਧਿਕਾਰੀ ਕੁਰਕੀ ਕਰਨ ਲਈ ਨਹੀਂ ਪੁੱਜਾ। 
ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਕਿਸਾਨ ਸੰਘਰਸ਼ ਕਮੇਟੀ ਪੱਟੀ ਜੋਨ ਦੇ ਪ੍ਰਧਾਨ ਮੇਹਰ ਸਿੰਘ ਤਲਵੰਡੀ, ਸੀਨੀਅਰ ਮੀਤ ਪਰਧਾਨ ਗੁਰਭੇਜ ਸਿੰਘ ਧਾਰੀਵਾਲ, ਦਿਲਬਾਗ ਸਿੰਘ ਪਹੂਵਿੰਡ ਨੇ ਕਿਹਾ ਕਿ ਕੁਝ ਦਿਨ ਪਹਿਲਾ ਬੈਂਕ ਦੇ ਅਧਿਕਾਰੀਆਂ ਨੇ ਗੁਰਸੇਵਕ ਸਿੰਘ ਦੇ ਘਰ ਆ ਕਿ ਕੁਰਕੀ ਦੀ ਧਮਕੀ ਦਿੱਤੀ ਸੀ ਅਤੇ ਗਾਲੀ ਗਲੋਚ ਤੇ ਧੱਕਾਮੁੱਕੀ ਵੀ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਦੇ ਚੱਲਦਿਆਂ ਕਿਸਾਨ ਸੰਘਰਸ਼ ਕਮੇਟੀ ਦੀ ਟੀਮ ਵੀਰਵਾਰ ਕਿਸਾਨ ਗੁਰਸੇਵਕ ਸਿੰਘ ਦੇ ਗ੍ਰਹਿ ਵਿਖੇ ਪੁੱਜੀ ਹੈ। ਉਨ੍ਹਾ ਕਿਹਾ ਕਿ ਕਮੇਟੀ ਅੱਜ ਕੁਰਕੀ ਦਾ ਡਟਵਾ ਵਿਰੋਧ ਕਰਨ ਲਈ ਕਿਸਾਨ ਮਜ਼ਦੂਰ ਇਕੱਠੇ ਹੋ ਕੇ ਇਥੇ ਪੁੱਜੀ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਤੇ ਬੈਂਕ ਅਧਿਕਾਰੀਆਂ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਕਿਸੇ ਵੀ ਕਿਸਾਨ ਦੀ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨ ਦੇ ਘਰ ਆ ਕਿ ਧਮਕੀਆਂ ਦੇਣ ਤੇ ਗਾਲੀ ਗਲੋਚ ਕਰਨ ਅਤੇ ਧੱਕਾਮੁੱਕੀ ਕਰਨ ਵਾਲੇ ਬੈਂਕ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਸ ਤੋਂ ਇਲਾਵਾ ਕੋਰਟ ਅੰਦਰ ਚੱਲਦੇ ਕੇਸ ਦਰਮਿਆਨ ਕਿਸਾਨਾਂ ਨੂੰ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ । ਜੇਕਰ ਆਉਣ ਵਾਲੇ ਦਿਨਾਂ 'ਚ ਅਜਿਹਾ ਵਰਤਾਰਾ ਬੰਦ ਨਾ ਹੋਇਆ ਤਾਂ ਸਰਕਾਰ ਖਿਲਾਫ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਪਿੰਡ ਵੀਰਮ ਪ੍ਰਧਾਨ ਸੁੱਚਾ ਸਿੰਘ ਢਿੱਲੋ, ਜਸਵਿੰਦਰ ਸਿੰਘ ਵੀਰਮ, ਸੁਰਜੀਤ ਸਿੰਘ ਵੀਰਮ ਆਦਿ ਹਾਜ਼ਰ ਸਨ। 


Related News