ਤੀਰਅੰਦਾਜ਼ੀ ਵਿਸ਼ਵ ਕੱਪ: ਭਾਰਤੀ ਮਹਿਲਾ ਕੰਪਾਊਂਡ ਟੀਮ ਨੇ ਜਿੱਤਿਆ ਸੋਨਾ, ਮਿਕਸਡ ਟੀਮ ਨੂੰ ਚਾਂਦੀ
Saturday, May 25, 2024 - 08:15 PM (IST)
ਯੇਚੀਓਨ (ਦੱਖਣੀ ਕੋਰੀਆ)– ਜਯੋਤੀ ਸੁਰੇਖਾ ਵੇਨਮ, ਪ੍ਰਣੀਤ ਕੌਰ ਤੇ ਅਦਿੱਤੀ ਸਵਾਮੀ ਦੀ ਭਾਰਤੀ ਤਿੱਕੜੀ ਨੇ ਤੀਰਅੰਦਾਜ਼ੀ ਵਿਸ਼ਵ ਕੱਪ ਵਿਚ ਮਹਿਲਾ ਕੰਪਾਊਂਡ ਵਰਗ ਵਿਚ ਲਗਾਤਾਰ ਤੀਜਾ ਸੋਨ ਤਮਗਾ ਜਿੱਤਿਆ ਜਦਕਿ ਮਿਕਸਡ ਟੀਮ ਨੂੰ ਚਾਂਦੀ ਤਮਗਾ ਮਿਲਿਆ।
ਦੁਨੀਆ ਦੀ ਨੰਬਰ ਇਕ ਭਾਰਤੀ ਟੀਮ ਨੇ ਤੁਰਕੀ ਦੀ ਹੇਜ਼ਸ ਬੁਰੂਨ, ਏਇਸੇ ਬੇਰਾ ਸੁਜੇਰ ਤੇ ਬੇਗਮ ਯੁਵਾ ਦੀ ਟੀਮ ਨੂੰ 232-226 ਨਾਲ ਹਰਾ ਇਕ ਵੀ ਸੈੱਟ ਗੁਆਏ ਬਿਨਾਂ ਪਹਿਲਾ ਸਥਾਨ ਹਾਸਲ ਕੀਤਾ।
ਏਸ਼ੀਆਈ ਖੇਡਾਂ ਦੀ ਚੈਂਪੀਅਨ ਜਯੋਤੀ ਹਾਲਾਂਕਿ ਦੂਜਾ ਸੋਨ ਨਹੀਂ ਜਿੱਤ ਸਕੀ ਤੇ ਪ੍ਰਿਆਂਸ਼ ਦੇ ਨਾਲ ਕੰਪਾਊਂਡ ਮਿਕਸਡ ਟੀਮ ਦੇ ਫਾਈਨਲ ਵਿਚ ਅਮਰੀਕਾ ਦੀ ਓਲੀਵੀਆ ਡੀਨ ਤੇ ਸਾਯੇਰ ਸੁਲਿਵਾਨ ਦੀ ਜੋੜੀ ਹੱਥੋਂ 155-153 ਨਾਲ ਹਾਰ ਗਈ।
ਜਯੋਤੀ, ਪ੍ਰਣੀਤ ਤੇ ਵਿਸ਼ਵ ਚੈਂਪੀਅਨ ਅਦਿੱਤੀ ਨੇ ਵਿਸ਼ਵ ਕੱਪ ਸੋਨ ਤਮਗਿਆਂ ਦੀ ਹੈਟ੍ਰਿਕ ਲਗਾਈ। ਉਨ੍ਹਾਂ ਨੇ ਪਿਛਲੇ ਮਹੀਨੇ ਸ਼ੰਘਾਈ ਵਿਚ ਵਿਸ਼ਵ ਕੱਪ ਦੇ ਪਹਿਲੇ ਗੇੜ ਵਿਚ ਇਟਲੀ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ ਸੀ। ਉੱਥੇ ਹੀ, ਪਿਛਲੇ ਸਾਲ ਪੈਰਿਸ ਵਿਚ ਚੌਥੇ ਗੇੜ ਵਿਚ ਵੀ ਸੋਨਾ ਹਾਸਲ ਕੀਤਾ ਸੀ।