23 ਦੀ ਪਟਿਆਲਾ ਰੈਲੀ ’ਚ ਪ੍ਰਧਾਨ ਮੰਤਰੀ ਦਾ ਵਿਰੋਧ ਕਰਨਗੇ ਕਿਸਾਨ, ਹਜ਼ਾਰਾਂ ਕਿਸਾਨ ਕਰਨਗੇ ਪਟਿਆਲਾ ਕੂਚ

05/22/2024 6:01:04 AM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)– ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ 23 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਟਿਆਲਾ ਵਿਖੇ ਹੋਣ ਵਾਲੀ ਰੈਲੀ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਪ੍ਰੈੱਸ ਕਾਨਫਰੰਸ ਕਰਦਿਆਂ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਹਜ਼ਾਰਾਂ ਹੀ ਕਿਸਾਨ ਪਟਿਆਲਾ ਵਿਖੇ ਪ੍ਰਧਾਨ ਮੰਤਰੀ ਦਾ ਵਿਰੋਧ ਕਰਨਗੇ ਕਿਉਂਕਿ 10 ਸਾਲਾਂ ਦੇ ਕਾਰਜਕਾਲ ਦੌਰਾਨ ਪ੍ਰਧਾਨ ਮੰਤਰੀ ਨੇ ਕਿਸਾਨਾਂ ਲਈ ਕੁਝ ਨਹੀਂ ਕੀਤਾ। ਸਿਰਫ਼ ਕਾਰਪੋਰੇਟ ਘਰਾਣਿਆਂ ਦੇ ਲਈ ਕੰਮ ਕੀਤਾ।

10 ਸਾਲਾਂ ’ਚ ਇਨ੍ਹਾਂ ਦੀ ਸੰਪਤੀ 100 ਗੁਣਾ ਵੱਧ ਗਈ, ਜਦਕਿ ਕਿਸਾਨ ਗਰੀਬ ਹੋ ਗਿਆ। 3 ਕਾਲੇ ਕਾਨੂੰਨ ਵਾਪਸ ਲੈਣ ਸਮੇਂ ਪ੍ਰਧਾਨ ਮੰਤਰੀ ਨੇ ਵਾਅਦਾ ਕੀਤਾ ਸੀ ਕਿ ਕਿਸਾਨਾਂ ਨੂੰ ਹਰ ਇਕ ਫ਼ਸਲ ’ਤੇ ਐੱਮ. ਐੱਸ. ਪੀ. ਦੀ ਗਾਰੰਟੀ ਦਿੱਤੀ ਜਾਵੇਗੀ ਪਰ ਉਹ ਵਾਅਦਾ ਪੂਰਾ ਨਹੀਂ ਕੀਤਾ ਗਿਆ, ਜਿਸ ਕਾਰਨ ਸਾਡੇ ਵਲੋਂ 23 ਮਈ ਨੂੰ ਪਟਿਆਲਾ ਵਿਖੇ ਪ੍ਰਧਾਨ ਮੰਤਰੀ ਦਾ ਵਿਰੋਧ ਕੀਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ : ਹਜ਼ਾਰਾਂ ਲੋਕਾਂ ਨੇ ਇਬਰਾਹਿਮ ਰਈਸੀ ਨੂੰ ਦਿੱਤੀ ਅੰਤਿਮ ਵਿਦਾਈ, ਜੱਦੀ ਸ਼ਹਿਰ ਮਸ਼ਾਦ ’ਚ ਦਫ਼ਨਾਈ ਜਾਵੇਗੀ ਮ੍ਰਿਤਕ ਦੇਹ

ਜੇਕਰ ਪ੍ਰਸ਼ਾਸਨ ਪਿੰਡਾਂ ’ਚ ਸਾਨੂੰ ਰੋਕਦਾ ਹੈ ਤਾਂ ਇਸ ਦਾ ਵਿਰੋਧ ਕੀਤਾ ਜਾਵੇਗਾ। ਭਾਵੇਂ ਸਾਨੂੰ ਗ੍ਰਿਫ਼ਤਾਰ ਕਰ ਲੈਣ ਪਰ ਫਿਰ ਵੀ ਹਜ਼ਾਰਾਂ ਕਿਸਾਨ ਪਟਿਆਲਾ ਵਿਖੇ ਪਹੁੰਚਣਗੇ। ਬਰਨਾਲਾ ਦੀ ਘਟਨਾ ਸਬੰਧੀ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੁਝ ਲੋਕਾਂ ਨੇ ਇਸ ਨੂੰ ਵਪਾਰੀਆਂ ਤੇ ਕਿਸਾਨਾਂ ਦਾ ਟਕਰਾਅ ਦੱਸਿਆ, ਜੋ ਕਿ ਸਰਾਸਰ ਗਲਤ ਹੈ। ਇਹ ਕੁਝ ਲੋਕਾਂ ਦਾ ਆਪਸੀ ਟਕਰਾਅ ਸੀ, ਜੋ ਕਿ ਨਿੰਦਣਯੋਗ ਹੈ। ਅਸੀਂ ਇਸ ਘਟਨਾ ਦੀ ਨਿੰਦਿਆ ਕਰਦੇ ਹਾਂ। ਵਪਾਰੀਆਂ ਨੇ ਹਮੇਸ਼ਾ ਹੀ ਕਿਸਾਨ ਯੂਨੀਅਨ ਦਾ ਸਾਥ ਦਿੱਤਾ ਹੈ।

ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸਿੰਗਾਰਾ ਸਿੰਘ ਮਾਨ, ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ, ਪ੍ਰਚਾਰਕ ਸਕੱਤਰ ਜਨਕ ਸਿੰਘ ਭਟਾਲ, ਰੂਪ ਸਿੰਘ ਛੰਨਾ ਸੂਬਾ ਮੀਤ ਪ੍ਰਧਾਨ ਤੇ ਹਰਿੰਦਰ ਬਿੰਦੂ ਸੂਬਾ ਔਰਤ ਆਗੂ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News