ਹੀਨਾ ਸਿੱਧੂ ਦਾ ਸ਼ਾਨਦਾਰ ਖੇਡ ਜਾਰੀ, ਹੈਨੋਵਰ ''ਚ ਜਿੱਤਿਆ ਸੋਨ ਤਮਗਾ

05/14/2018 5:24:10 PM

ਨਵੀਂ ਦਿੱਲੀ (ਬਿਊਰੋ)— ਭਾਰਤੀ ਨਿਸ਼ਾਨੇਬਾਜ਼ ਹੀਨਾ ਸਿੱਧੂ ਨੇ ਹੈਨੋਵਰ ਸ਼ਹਿਰ ਦੇ ਅੰਤਰਰਾਸ਼ਟਰੀ ਨਿਸ਼ਾਨੇਬਾਜ਼ੀ ਮੁਕਾਬਲੇ 'ਚ ਸੋਨ ਤਮਗਾ ਜਿੱਤਿਆ ਹੈ। ਉਨ੍ਹਾਂ ਨੂੰ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ 'ਚ ਇਹ ਸਫਲਤਾ ਹਾਸਲ ਹੋਈ ਹੈ, ਜਦਕਿ ਹਰੀ ਨਿਵੇਤਾ ਨੇ ਤਾਂਬੇ ਦਾ ਤਮਗਾ ਜਿੱਤਿਆ। ਹੀਨਾ ਸਿੱਧੂ ਨੇ ਮਿਊਨਿਖ 'ਚ ਅਗਲੇ ਹਫਤੇ ਹੋਣ ਵਾਲੇ ਆਈ.ਐੱਸ.ਐੱਸ.ਐੱਫ. ਵਿਸ਼ਵ ਕੱਪ ਤੋਂ ਪਹਿਲਾਂ ਇਹ ਸਫਲਤਾ ਦਰਜ ਕੀਤੀ।

ਹੀਨਾ ਨੇ ਫਾਈਨਲ 'ਚ ਸ਼ਾਨਦਾਰ ਖੇਡ ਦਿਖਾਇਆ, ਉਹ ਆਖਰ 'ਚ ਫ੍ਰਾਂਸ ਦੀ ਮੈਥਿਲਡੇ ਲਾਮੋਲੇ 239.8 ਅੰਕ ਦੇ ਨਾਲ ਬਰਾਬਰੀ 'ਤੇ ਸੀ। ਉਨ੍ਹਾਂ ਇਸਦੇ ਬਾਅਦ ਮੈਥਿਲਡੇ ਨਾਲ ਟਾਈਬ੍ਰੇਕਰ 'ਚ ਜਿੱਤ ਦਰਜ ਕਰਕੇ ਸੋਨ ਤਮਗਾ ਜਿੱਤਿਆ। ਨਿਵੇਤਾ ਨੇ 219.2 ਅੰਕ ਦੇ ਨਾਲ ਤਾਂਬੇ ਦਾ ਤਮਗਾ ਜਿੱਤਿਆ। ਹੀਨਾ ਨੇ ਕੁਆਲੀਫਾਈਂਗ 'ਚ 572 ਅੰਕ ਬਣਾ ਕੇ ਚੌਥੇ ਸਥਾਨ 'ਤੇ ਰਹਿੰਦੇ ਹੋਏ ਫਾਈਨਲ 'ਚ ਜਗ੍ਹਾ ਬਣਾਈ, ਜਦਕਿ ਨਿਵੇਤਾ ਨੇ 582 ਅੰਕ ਦੇ ਨਾਲ ਚੋਟੀ 'ਤੇ ਰਹਿ ਕੇ ਕੁਆਲੀਫਾਈ ਕੀਤਾ।

ਹੀਨਾ ਨੇ ਕਿਹਾ, ਮੇਰੀ ਪ੍ਰੈਕਟਿਸ ਜਿਸ ਤਰ੍ਹਾਂ ਨਾਲ ਚਲ ਰਹੀ ਹੈ ਮੈਂ ਇਸ ਨਾਲ ਕਾਫੀ ਖੁਸ਼ ਹਾਂ। ਬੇਸ਼ਕ ਇਹ ਸਰਵਸ੍ਰੇਸ਼ਠ ਨਹੀਂ ਹੈ, ਪਰ ਅਸੀਂ ਸਹੀ ਦਿਸ਼ਾ 'ਚ ਅਗੇ ਵਧ ਰਹੇ ਹਾਂ। ਦੱਸ ਦਈਏ ਕਿ ਹੀਨਾ ਨੇ ਹਾਲੀਆ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ 'ਚ ਮਹਿਲਾਵਾਂ ਦੀ 25 ਮੀਟਰ ਪਿਸਟਲ 'ਚ ਸੋਨ ਤਮਗਾ ਅਤੇ 10 ਮੀਟਰ ਏਅਰ ਪਿਸਟਲ 'ਚ ਚਾਂਦੀ ਦਾ ਤਮਗਾ ਜਿੱਤਿਆ ਸੀ।


Related News