ਬਿਆਸ ਦਰਿਆ ਦੇ ਮੁੱਦੇ ''ਤੇ ਜਥੇਦਾਰ ਨੇ ਕੀਤੀ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦੇਣ ਦੀ ਮੰਗ

05/21/2018 3:20:13 PM

ਅੰਮ੍ਰਿਤਸਰ (ਬਿਊਰੋ) : ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਬੀਤੀ 17 ਮਈ ਨੂੰ ਬਿਆਸ ਨਦੀ ਦੇ ਪਾਣੀ ਨੂੰ ਜ਼ਹਿਰੀਲਾ ਕਰਨ ਤੇ ਉਸ ਕਾਰਨ ਵੱਡੀ ਗਿਣਤੀ 'ਚ ਹੋਈ ਮੱਛੀਆਂ ਦੀ ਮੌਤ ਦੇ ਜ਼ਿੰਮੇਵਾਰ ਫੈਕਟਰੀ ਦੇ ਮਾਲਕ ਨੂੰ ਮਿਸਾਲੀ ਸਜ਼ਾ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਫੈਕਟਰੀਆਂ 'ਚੋਂ ਨਿਕਲਦੇ ਜ਼ਹਿਰੀਲੇ ਪਦਾਰਥ ਜੋ ਨਦੀਆਂ 'ਚ ਛੱਡੇ ਜਾਂਦੇ ਹਨ, ਉਨ੍ਹਾਂ ਕਾਰਨ ਕਈ ਜੀਵ ਜੰਤੂ ਮਾਰੇ ਜਾਂਦੇ ਹਨ। ਇਹ ਹੀ ਨਹੀਂ ਕਿਸਾਨਾਂ ਵਲੋਂ ਇਸ ਪਾਣੀ ਦਾ ਇਸਤੇਮਾਲ ਫਸਲਾਂ ਲਈ ਵੀ ਕੀਤਾ ਜਾਂਦਾ ਹੈ ਤੇ ਫੈਕਟਰੀਆਂ 'ਚੋਂ ਨਿਕਲਦਾ ਜ਼ਹਿਰ ਇਨ੍ਹਾਂ ਨਹਿਰਾਂ 'ਚ ਘੁਲਣ ਕਾਰਨ ਸਾਡੇ ਭੋਜਨ ਨੂੰ ਵੀ ਜ਼ਹਿਰੀਲਾ ਕਰੇਗਾ।
ਗੁਰਬਚਨ ਸਿੰਘ ਨੇ ਕਿਹਾ ਕਿ ਜੇਕਰ ਹਿਰਨ ਨੂੰ ਮਾਰਨ 'ਤੇ ਸਲਮਾਨ ਖਾਨ ਨੂੰ ਸਜ਼ਾ ਮਿਲ ਸਕਦੀ ਹੈ ਤਾਂ ਇਨ੍ਹਾਂ ਜੀਵਾਂ ਦੀ ਹੱਤਿਆ 'ਤੇ ਇਨ੍ਹਾਂ ਫੈਕਟਰੀ ਮਾਲਕਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਜ਼ਹਿਰੀਲਾ ਪਾਣੀ ਰਾਜਸਥਾਨ ਵੀ ਪਹੁੰਚ ਚੁੱਕਾ ਹੈ, ਜਿਥੇ ਹਿਰਨ ਵੀ ਇਸ ਪਾਣੀ ਨੂੰ ਪੀਣਗੇ। 
ਪੰਜਾਬ ਪ੍ਰਦੂਸ਼ਣ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪਨੂੰ ਨੇ ਕਿਹਾ ਕਿ ਉਨ੍ਹਾਂ ਵਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਰਿਪੋਰਟ ਆਉਣ 'ਤੇ ਸਾਰਾ ਮਾਮਲਾ ਸਪੱਸ਼ਟ ਹੋ ਜਾਵੇਗਾ। ਉਥੇ ਹੀ ਸੂਬੇ ਦੇ ਵਾਤਾਵਰਣ ਮੰਤਰੀ ਓ. ਪੀ. ਸਿੰਘ ਨੇ ਕਿਹਾ ਕਿ ਉਨ੍ਹਾਂ 'ਤੇ ਕਿਸੇ ਤਰ੍ਹਾਂ ਦਾ ਸਿਆਸੀ ਦਬਾਅ ਨਹੀਂ ਹੈ, ਜਿਵੇਂ ਹੀ ਰਿਪੋਰਟ ਉਨ੍ਹਾਂ ਕੋਲ ਪਹੁੰਚੇਗੀ, ਦੋਸ਼ੀਆਂ ਖਿਲਾਫ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਰੇ ਇੰਡਸਟਰੀਅਲ ਤੇ ਟਰੈਡਰ ਉਨ੍ਹਾਂ ਦੇ ਭਰਾਵਾਂ ਵਾਂਗ ਹਨ ਪਰ ਕਾਨੂੰਨ ਸਭ ਲਈ ਇਕ ਹੈ। ਦੋਸ਼ੀ ਨੂੰ ਕਿਸੇ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ।


Related News