ਪਾਪੂਆ ਨਿਊ ਗਿਨੀ ''ਚ ਇਕ ਮਹੀਨੇ ਲਈ ਬੈਨ ਹੋਵੇਗੀ ਫੇਸਬੁੱਕ
Thursday, May 31, 2018 - 11:15 AM (IST)

- ਅਫਵਾਹਾਂ 'ਤੇ ਰੋਕ ਲਾਉਣ ਲਈ ਚੁੱਕਿਆ ਕਦਮ
- ਫੇਕ ਅਕਾਊਂਟਸ ਨਾਲ ਅਪਲੋਡ ਹੋ ਰਿਹੈ ਪੋਰਨੋਗ੍ਰਾਫੀ ਨਾਲ ਜੁੜਿਆ ਕੰਟੈਂਟ
- ਲੋਕਾਂ ਤਕ ਪਹੁੰਚਾਈਆਂ ਜਾ ਰਹੀਆਂ ਹਨ ਗਲਤ ਤੇ ਭੁਲੇਖਾ-ਪਾਊ ਜਾਣਕਾਰੀਆਂ
ਜਲੰਧਰ— ਓਸ਼ਨੀਆ ਦੇ ਦੇਸ਼ ਪਾਪੂਆ ਨਿਊ ਗਿਨੀ 'ਚ ਫੇਸਬੁੱਕ ਇਕ ਮਹੀਨੇ ਲਈ ਬੈਨ ਹੋ ਸਕਦਾ ਹੈ। ਇਸ ਦੇਸ਼ ਵਿਚ ਫੇਸਬੁੱਕ ਫੇਕ ਪ੍ਰੋਫਾਈਲਜ਼ ਦੀ ਗਿਣਤੀ ਕਾਫੀ ਜ਼ਿਆਦਾ ਹੈ, ਜਿਨ੍ਹਾਂ ਰਾਹੀਂ ਪੋਰਨੋਗ੍ਰਾਫੀ ਨਾਲ ਜੁੜਿਆ ਕੰਟੈਂਟ ਅਤੇ ਗਲਤ ਜਾਣਕਾਰੀ ਫੇਸਬੁੱਕ 'ਤੇ ਅਪਲੋਡ ਹੋ ਰਹੀ ਹੈ। ਇਸ ਨਾਲ ਦੇਸ਼ ਵਾਸੀਆਂ ਨੂੰ ਕਾਫੀ ਨੁਕਸਾਨ ਪਹੁੰਚ ਰਿਹਾ ਹੈ। 223 ਦੀ ਰਿਪੋਰਟ ਅਨੁਸਾਰ ਪਾਪੂਆ ਨਿਊ ਗਿਨੀ ਦੇ ਕਮਿਊਨੀਕੇਸ਼ਨ ਮਨਿਸਟਰ ਸੈਮ ਬਸਿਲ ਨੇ ਰਿਪੋਰਟ ਵਿਚ ਕਿਹਾ ਹੈ ਕਿ ਅਸੀਂ ਛਾਣਬੀਣ ਕੀਤੀ ਹੈ ਅਤੇ ਪਤਾ ਲਾਇਆ ਹੈ ਕਿ ਯੂਜ਼ਰਸ ਪੋਰਨੋਗ੍ਰਾਫੀ ਨਾਲ ਜੁੜੀਆਂ ਵੀਡੀਓਜ਼ ਤੇ ਗਲਤ ਢੰਗ ਨਾਲ ਜਾਣਕਾਰੀਆਂ ਫੇਸਬੁੱਕ 'ਤੇ ਪਾ ਰਹੇ ਹਨ, ਜਿਸ ਤੋਂ ਬਾਅਦ ਅਸੀਂ ਫੇਸਬੁੱਕ ਨੂੰ ਆਰਜ਼ੀ ਤੌਰ 'ਤੇ ਬੰਦ ਕਰਨ ਬਾਰੇ ਸੋਚਿਆ ਹੈ।
ਫੇਕ ਅਕਾਊਂਟਸ ਦੀ ਹੋਵੇਗੀ ਜਾਂਚ
ਸਰਕਾਰ ਨੇ ਯੋਜਨਾ ਬਣਾਈ ਹੈ ਕਿ ਪਾਪੂਆ ਨਿਊ ਗਿਨੀ 'ਚ ਇਕ ਮਹੀਨੇ ਲਈ ਫੇਸਬੁੱਕ ਬੰਦ ਕਰ ਦਿੱਤੀ ਜਾਵੇ, ਜਿਸ ਨਾਲ ਪਤਾ ਲਾਇਆ ਜਾ ਸਕੇ ਕਿ ਕਿੰਨੇ ਲੋਕ ਇੱਥੇ ਫੇਸਬੁੱਕ ਦੀ ਵਰਤੋਂ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਫੇਕ ਅਕਾਊਂਟਸ ਦੀ ਗਿਣਤੀ ਕਿੰਨੀ ਹੈ।
ਫੇਕ ਅਕਾਊਂਟਸ ਨਾਲ ਪੋਸਟ ਹੋ ਰਹੀਆਂ ਹਨ ਝੂਠੀਆਂ ਤੇ ਭੁਲੇਖਾ-ਪਾਊ ਜਾਣਕਾਰੀਆਂ
ਸੈਮ ਬਸਿਲ ਨੇ ਰਿਪੋਰਟ ਵਿਚ ਕਿਹਾ ਹੈ—''ਹੁਣ ਸਮਾਂ ਆ ਗਿਆ ਹੈ ਕਿ ਅਸੀਂ ਇਸ ਗੱਲ ਦਾ ਪਤਾ ਲਾਈਏÎ ਅਤੇ ਜਾਣਕਾਰੀ ਇਕੱਠੀ ਕਰੀਏ ਕਿ ਕਿੰਨੇ ਲੋਕਾਂ ਨੇ ਆਪਣੀ ਪਛਾਣ ਫੇਸਬੁੱਕ ਫੇਕ ਅਕਾਊਂਟਸ ਰਾਹੀਂ ਗੁਪਤ ਰੱਖੀ ਹੋਈ ਹੈ।
ਇਸ ਤੋਂ ਇਲਾਵਾ ਉਨ੍ਹਾਂ ਅਕਾਊਂਟਸ ਦਾ ਵੀ ਪਤਾ ਲਾਇਆ ਜਾਵੇ ਜਿੱਥੋਂ ਪੋਰਨੋਗ੍ਰਾਫੀ ਵਾਲੀਆਂ ਫੋਟੋਆਂ ਅਤੇ ਗਲਤ ਤੇ ਭੁਲੇਖਾ-ਪਾਊ ਜਾਣਕਾਰੀਆਂ ਪੋਸਟ ਹੋ ਰਹੀਆਂ ਹਨ।''
ਫੇਕ ਨਿਊਜ਼ ਦੀ ਸਮੱਸਿਆ ਨਾਲ ਵੀ ਜੂਝ ਰਿਹੈ ਦੇਸ਼
ਐਨਗੈਜੇਟ ਦੀ ਰਿਪੋਰਟ ਅਨੁਸਾਰ ਪਾਪੂਆ ਨਿਊ ਗਿਨੀ ਦੇਸ਼ ਦੇ ਕਮਿਊਨੀਕੇਸ਼ਨਜ਼ ਤੇ ਇਨਫਰਮੇਸ਼ਨ ਟੈਕਨਾਲੋਜੀ ਡਿਪਾਰਟਮੈਂਟ ਫੇਸਬੁੱਕ 'ਤੇ ਆਰਜ਼ੀ ਬੈਨ ਲਾਉਣਾ ਚਾਹੁੰਦੇ ਹਨ ਤਾਂ ਜੋ ਫੇਕ ਅਕਾਊਂਟਸ ਦਾ ਜਲਦੀ ਪਤਾ ਲਾਇਆ ਜਾ ਸਕੇ। ਇਸ ਤੋਂ ਇਲਾਵਾ ਇਹ ਵੀ ਪਤਾ ਲਾਉਣਾ ਬਹੁਤ ਜ਼ਰੂਰੀ ਹੈ ਕਿ ਪੋਰਨ ਤੇ ਫੇਕ ਨਿਊਜ਼ ਕਿਨ੍ਹਾਂ ਅਕਾਊਂਟਸ ਤੋਂ ਅਪਲੋਡ ਹੋ ਰਹੀਆਂ ਹਨ। ਫਿਲਹਾਲ ਇਸ ਦੇਸ਼ ਵਿਚ ਕਿੰਨੇ ਲੋਕ ਫੇਸਬੁੱਕ ਦੀ ਵਰਤੋਂ ਕਰਦੇ ਹਨ, ਇਹ ਅਜੇ ਸਪੱਸ਼ਟ ਨਹੀਂ।
ਤੁਹਾਨੂੰ ਦੱਸ ਦੇਈਏ ਕਿ ਇਹ ਕਦਮ ਸਾਈਬਰ ਕ੍ਰਾਈਮ ਐਕਟ ਦਾ ਹਿੱਸਾ ਹੈ, ਜੋ ਆਨਲਾਈਨ ਹਰਾਸਮੈਂਟ, ਚਾਈਲਡ ਪੋਰਨੋਗ੍ਰਾਫੀ, ਅਡਲਟ ਪੋਰਨੋਗ੍ਰਾਫੀ ਦੀ ਪ੍ਰੋਡਕਸ਼ਨ ਤੇ ਪਬਲੀਕੇਸ਼ਨ ਅਤੇ ਗੈਰ-ਕਾਨੂੰਨੀ ਐਡਜ਼ ਨੂੰ ਅਪਰਾਧੀਕਰਨ ਦੇ ਘੇਰੇ ਵਿਚ ਲੈਂਦਾ ਹੈ। ਇਸ ਕਾਨੂੰਨ ਨੂੰ ਲਾਗੂ ਕਰਨ ਲਈ ਹੁਣ ਫੇਸਬੁੱਕ ਨੂੰ ਇਕ ਮਹੀਨੇ ਲਈ ਬੰਦ ਕਰਨ ਦੀ ਮੰਗ ਕੀਤੀ ਗਈ ਹੈ।