ਜੁਲਾਈ-ਅਗਸਤ ਮਹੀਨੇ ’ਚ ਪਏ ਮੀਂਹ ਨੇ ਤੋੜੇ ਪਿਛਲੇ ਰਿਕਾਰਡ
Thursday, Aug 21, 2025 - 04:32 PM (IST)

ਗੁਰਦਾਸਪੁਰ(ਹਰਮਨ)-ਇਸ ਸਾਲ ਮੌਨਸੂਨ ਦੇ ਇਸ ਸੀਜ਼ਨ ’ਚ ਜਿੱਥੇ ਜੂਨ ਮਹੀਨੇ ਗੁਰਦਾਸਪੁਰ ਅੰਦਰ ਇਕ ਤਰ੍ਹਾਂ ਨਾਲ ਕਿਸਾਨਾਂ ਨੂੰ ਸੋਕੇ ਵਰਗੇ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ ਸੀ। ਉਸਦੇ ਬਾਅਦ ਜੁਲਾਈ ਅਤੇ ਅਗਸਤ ਮਹੀਨੇ ਦੌਰਾਨ ਗੁਰਦਾਸਪੁਰ ਤੇ ਇੰਦਰ ਦੇਵਤਾ ਨੇ ਵੱਡੀ ਮਿਹਰ ਦਿਖਾਈ ਹੈ। ਇਨ੍ਹਾਂ ਦੋਵਾਂ ਮਹੀਨਿਆਂ ’ਚ ਹੀ ਗੁਰਦਾਸਪੁਰ ਜ਼ਿਲ੍ਹੇ ਅੰਦਰ ਸਰਪਲਸ ਮੀਂਹ ਪਿਆ ਹੈ, ਜਿਸਨੇ ਨਾ ਸਿਰਫ ਲੋਕਾਂ ਨੂੰ ਗਰਮੀ ਤੋਂ ਬਚਾਇਆ ਹੈ, ਸਗੋਂ ਇਸ ਮੀਂਹ ਨੇ ਫਸਲਾਂ ਦੀ ਸਿੰਚਾਈ ਲਈ ਧਰਤੀ ਹੇਠੋਂ ਲਗਾਤਾਰ ਕੱਢੇ ਜਾਣ ਵਾਲੇ ਪਾਣੀ ’ਤੇ ਵੀ ਰੋਕ ਲਗਾਈ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਸਕੂਲਾਂ ਨੂੰ ਲੈ ਕੇ ਜਾਰੀ ਹੋਏ ਸਖ਼ਤ ਹੁਕਮ, ਪੜ੍ਹੋ ਖ਼ਬਰ
ਜੇਕਰ ਅੰਕੜਿਆਂ ’ਤੇ ਝਾਤ ਮਾਰੀ ਜਾਵੇ ਤਾਂ ਗੁਰਦਾਸਪੁਰ ਜ਼ਿਲ੍ਹੇ ਅੰਦਰ ਜੂਨ ਮਹੀਨੇ ਆਮ ਦੇ ਮੁਕਾਬਲੇ 50 ਤੋਂ 60 ਫੀਸਦੀ ਘੱਟ ਮੀਂਹ ਪਿਆ ਸੀ। ਜਦੋਂ ਕਿ ਜੁਲਾਈ ਮਹੀਨੇ ’ਚ ਇਸ ਸਾਲ ਪਏ ਮੀਂਹ ਨੇ ਪਿਛਲੇ ਕਰੀਬ 10 ਸਾਲਾਂ ਦੇ ਰਿਕਾਰਡ ਤੋੜੇ ਹਨ। ਜੁਲਾਈ ਮਹੀਨੇ ਗੁਰਦਾਸਪੁਰ ਜ਼ਿਲ੍ਹੇ ’ਚ ਇਸ ਸਾਲ 379.84 ਮਿਲੀਮੀਟਰ ਮੀਂਹ ਪਿਆ ਸੀ। ਜੇਕਰ ਅਗਸਤ ਮਹੀਨੇ ਦੇ ਹੁਣ ਤੱਕ ਦੇ 20 ਦਿਨਾਂ ਅੰਦਰ ਪਏ ਮੀਂਹ ਦੇ ਅੰਕੜਿਆਂ ਦੀ ਘੋਖ ਕੀਤੀ ਜਾਵੇ ਤਾਂ ਗੁਰਦਾਸਪੁਰ ਜ਼ਿਲ੍ਹੇ ਅੰਦਰ ਅਗਸਤ ਮਹੀਨੇ ਦੇ ਪਹਿਲੇ 20 ਦਿਨਾਂ ’ਚ 461.80 ਮਿਲੀਮੀਟਰ ਮੀਂਹ ਪੈ ਚੁੱਕਾ ਹੈ, ਜਦੋਂ ਕਿ ਮੌਸਮ ਵਿਭਾਗ ਅਨੁਸਾਰ ਆਮ ਤੌਰ ’ਤੇ ਇਸ ਮਹੀਨੇ 350 ਤੋਂ 425 ਮਿਲੀਮੀਟਰ ਮੀਂਹ ਪੈਣ ਦੀ ਸੰਭਾਵਨਾ ਹੁੰਦੀ ਹੈ।
ਕੀ ਸੀ ਪਿਛਲੇ ਸਾਲਾਂ ਦੇ ਮੁਕਾਬਲੇ ਜੂਨ ਮਹੀਨੇ ਦੀ ਸਥਿਤੀ?
ਇਸ ਸਾਲ ਜੂਨ ਮਹੀਨੇ ’ਚ ਗੁਰਦਾਸਪੁਰ ਜ਼ਿਲ੍ਹੇ ’ਚ ਸਿਰਫ਼ 41.5 ਮਿਲੀਮੀਟਰ ਮੀਂਹ ਪਿਆ, ਜਦਕਿ ਆਮ ਤੌਰ ’ਤੇ ਇਹ 80 ਤੋਂ 100 ਮਿਲੀਮੀਟਰ ਤੱਕ ਹੁੰਦਾ ਹੈ। ਪਿਛਲੇ ਸਾਲਾਂ ਨਾਲ ਤੁਲਨਾ ਕਰੀਏ ਤਾਂ 2023 ’ਚ 186.6 ਮਿਲੀਮੀਟਰ, 2022 ’ਚ 92.9 ਮਿਲੀਮੀਟਰ, 2021 ਵਿਚ 85.4 ਮਿਲੀਮੀਟਰ ਅਤੇ 2020 ਵਿਚ 160 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਸੀ। ਇਸ ਸਾਲ ਜੂਨ ਮਹੀਨੇ ਮੀਂਹ ਦੀ ਘਾਟ ਕਾਰਨ ਕਿਸਾਨਾਂ ਨੂੰ ਖਾਸ ਤੌਰ ’ਤੇ ਝੋਨੇ ਦੀ ਫਸਲ ਲਈ ਟਿਊਬਵੈੱਲਾਂ ’ਤੇ ਨਿਰਭਰ ਰਹਿਣਾ ਪਿਆ ਸੀ।
ਇਹ ਵੀ ਪੜ੍ਹੋ- ਪੰਜਾਬ 'ਚ 5 ਦਿਨ ਅਹਿਮ, ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ
ਕਿਤੇ ਰਾਹਤ ਕਿਤੇ ਆਫਤ
ਇਸ ਸਾਲ ਜ਼ਿਆਦਾ ਮੀਂਹ ਹੋਣ ਕਾਰਨ ਬੇਸ਼ੱਕ ਆਮ ਲੋਕਾਂ ਅਤੇ ਗੁਰਦਾਸਪੁਰ ਸ਼ਹਿਰ ਅੰਦਰ ਰਹਿਣ ਵਾਲੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ’ਤੇ ਆਫਤਾਂ ਦਾ ਸਾਹਮਣਾ ਕਰਨਾ ਪਿਆ ਹੈ ਕਿਉਂਕਿ ਪਾਣੀ ਦਾ ਸਹੀ ਨਿਕਾਸ ਨਾ ਹੋਣ ਕਾਰਨ ਕਈ ਨੀਵੀਆਂ ਸੜਕਾਂ ਮਹੱਲਿਆਂ ਅਤੇ ਬਾਜ਼ਾਰਾਂ ’ਚ ਪਾਣੀ ਨੇ ਕਾਫੀ ਨੁਕਸਾਨ ਕੀਤਾ ਹੈ। ਦੂਜੇ ਪਾਸੇ ਇਸ ਵਾਰ ਕਿਸਾਨ ਵੱਡੀ ਰਾਹਤ ਮਹਿਸੂਸ ਕਰ ਰਹੇ ਹਨ। ਖਾਸ ਤੌਰ ’ਤੇ ਜਿਹੜੇ ਖੇਤਾਂ ’ਚ ਪਾਣੀ ਦੇ ਨਿਕਾਸ ਦੇ ਚੰਗੇ ਪ੍ਰਬੰਧ ਹਨ ਉਥੇ ਫਸਲ ਨੂੰ ਪਾਣੀ ਲਗਾਉਣ ਲਈ ਕਿਸਾਨਾਂ ਨੂੰ ਟਿਊਬਵੈੱਲ ਨਹੀਂ ਚਲਾਉਣੇ ਪੈ ਰਹੇ ਅਤੇ ਕਿਸਾਨ ਮੀਂਹ ਦੇ ਪਾਣੀ ਨਾਲ ਹੀ ਆਪਣੀਆਂ ਫਸਲਾਂ ਦੀ ਸਿੰਚਾਈ ਕਰ ਰਹੇ ਹਨ। ਇਸ ਨਾਲ ਪਾਵਰਕਾਮ ਨੇ ਵੀ ਵੱਡੀ ਰਾਹਤ ਮਹਿਸੂਸ ਕੀਤੀ ਹੈ ਕਿਉਂਕਿ ਟਿਊਬਵੈੱਲ ਘੱਟ ਚੱਲਣ ਕਾਰਨ ਬਿਜਲੀ ਦੀ ਮੰਗ ਅਤੇ ਖਪਤ ਵੀ ਘੱਟ ਹੋਈ ਹੈ। ਇਸ ਦੇ ਨਾਲ ਹੀ ਘਰਾਂ ’ਚ ਵੀ ਏ. ਸੀ. ਪਹਿਲਾਂ ਦੇ ਮੁਕਾਬਲੇ ਘੱਟ ਚੱਲਣ ਕਾਰਨ ਬਿਜਲੀ ਦੀ ਖਪਤ ’ਚ ਭਾਰੀ ਗਿਰਾਵਟ ਆਈ ਹੈ, ਜਿਸ ਕਾਰਨ ਜਿੱਥੇ ਲੋਕਾਂ ਦੇ ਬਿਜਲੀ ਬਿੱਲਾਂ ’ਚ ਕਟੌਤੀ ਹੋਵੇਗੀ, ਉਸ ਦੇ ਨਾਲ ਹੀ ਪਾਵਰਕਾਮ ਨੂੰ ਵੀ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ ਦੀਆਂ ਔਰਤਾਂ ਲਈ ਖ਼ੁਸ਼ਖ਼ਬਰੀ! 20, 21 ਤੇ 22 ਅਗਸਤ ਨੂੰ...
ਫਸਲਾਂ ਦੀ ਸਿਹਤ ਲਈ ਚੰਗਾ ਹੈ ਮੀਂਹ
ਖੇਤੀ ਮਾਹਿਰਾਂ ਅਨੁਸਾਰ ਫਸਲਾਂ ਦੀ ਚੰਗੀ ਪੈਦਾਵਾਰ ਲਈ ਇਹ ਮੀਂਹ ਬਹੁਤ ਲਾਹੇਵੰਦ ਸਿੱਧ ਹੋਵੇਗਾ। ਮੀਂਹ ਕਾਰਨ ਜਿੱਥੇ ਫਸਲਾਂ ਵੱਖ-ਵੱਖ ਬਿਮਾਰੀਆਂ ਤੋਂ ਮੁਕਤ ਹੋਣਗੀਆਂ, ਉਸ ਦੇ ਨਾਲ ਹੀ ਕੀੜੇ ਮਕੌੜਿਆਂ ਦੇ ਹਮਲੇ ਦਾ ਡਰ ਵੀ ਘੱਟ ਹੋਵੇਗਾ। ਖਾਸ ਤੌਰ ’ਤੇ ਪੱਤਾ ਲਪੇਟ ਸੁੰਡੀ ਅਤੇ ਹੋਰ ਕੀੜਿਆਂ ਮਕੌੜਿਆਂ ਦਾ ਹਮਲਾ ਝੋਨੇ ਅਤੇ ਬਾਸਮਤੀ ਦੀ ਫਸਲ ’ਤੇ ਘੱਟ ਹੋਵੇਗਾ। ਹਾਲ ਦੀ ਘੜੀ ਮੀਂਹ ਨੇ ਵੱਖ-ਵੱਖ ਫਸਲਾਂ ਨੂੰ ਲਾਭ ਹੀ ਪਹੁੰਚਾਇਆ ਹੈ। ਗੁਰਦਾਸਪੁਰ ਦੇ ਕੁਝ ਖੇਤਰਾਂ ’ਚ ਪਾਣੀ ਦੇ ਨਿਕਾਸ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਉੱਥੇ ਪਾਣੀ ਖੜ੍ਹਾ ਰਹਿਣ ਕਾਰਨ ਕੁਝ ਚੁਣਵੇ ਖੇਤਾਂ ’ਚ ਨੁਕਸਾਨ ਹੋ ਸਕਦਾ ਹੈ। ਖਾਸ ਤੌਰ ’ਤੇ ਬੇਟ ਦੇ ਖੇਤਰਾਂ ’ਚ ਕਈ ਕਿਸਾਨ ਅਕਸਰ ਇਹ ਸ਼ਿਕਾਇਤ ਕਰਦੇ ਹਨ ਕਿ ਉੱਥੇ ਮੀਂਹ ਦਾ ਪਾਣੀ ਜਲਦੀ ਨਾ ਨਿਕਲਣ ਕਾਰਨ ਕਈ ਵਾਰ ਕਿਸਾਨਾਂ ਨੂੰ ਖੇਤਾਂ ’ਚ ਹੀ ਖੜ੍ਹੇ ਪਾਣੀ ’ਚੋਂ ਹੀ ਫਸਲ ਦੀ ਵਾਢੀ ਕਰਨੀ ਪੈਂਦੀ ਹੈ। ਹਾਲ ਦੀ ਘੜੀ ਜਿਲੇ ਅੰਦਰ ਅਜਿਹੀ ਸਥਿਤੀ ਦੇਖਣ ਨੂੰ ਨਹੀਂ ਮਿਲੀ ਅਤੇ ਜ਼ਿਲੇ ਅੰਦਰ ਜ਼ਿਆਦਾ ਰਕਬਾ ਸਹੀ ਹਾਲਤ ਵਿਚ ਹੀ ਹੈ।
ਇਹ ਵੀ ਪੜ੍ਹੋ-ਪੰਜਾਬ ਦੇ ਇਸ ਇਲਾਕੇ 'ਚ ਅਚਾਨਕ ਸਕੂਲਾਂ 'ਚ ਹੋ ਗਈ ਛੁੱਟੀ, ਜਾਣੋ ਕਾਰਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8