ਇਕ ਕਰੋੜ 3 ਲੱਖ ਦੀ ਸਾਈਬਰ ਠੱਗੀ ਮਾਮਲੇ ’ਚ ਮੁਲਜ਼ਮ ਮੁੰਬਈ ਤੋਂ ਗ੍ਰਿਫ਼ਤਾਰ
Wednesday, Aug 20, 2025 - 02:38 PM (IST)

ਚੰਡੀਗੜ੍ਹ (ਸੁਸ਼ੀਲ) : ਪ੍ਰਾਜੈਕਟ ’ਚ ਪੈਸੇ ਲਗਾਉਣ ਦੇ ਨਾਮ ’ਤੇ ਇੱਕ ਕਰੋੜ ਤਿੰਨ ਲੱਖ ਰੁਪਏ ਦੀ ਠੱਗੀ ਮਾਮਲੇ ਵਿਚ ਫ਼ਰਾਰ ਮੁਲਜ਼ਮ ਨੂੰ ਸਾਈਬਰ ਸੈੱਲ ਨੇ ਮੁੰਬਈ ਤੋਂ ਗ੍ਰਿਫ਼ਤਾਰ ਕੀਤਾ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਮੁੰਬਈ ਦੇ ਰਹਿਣ ਵਾਲੇ ਜੋਸ਼ੂਆ ਆਸਕਰ ਨੇਵਿਸ ਵਜੋਂ ਹੋਈ ਹੈ। ਸਾਈਬਰ ਸੈੱਲ ਗ੍ਰਿਫ਼ਤਾਰ ਮੁਲਜ਼ਮ ਤੋਂ ਧੋਖਾਧੜੀ ਦੀ ਰਕਮ ਬਾਰੇ ਪੁੱਛਗਿੱਛ ਕਰ ਰਹੀ ਹੈ। ਸੈਕਟਰ-32 ਵਾਸੀ ਦਿਨੇਸ਼ ਕਸ਼ਯਪ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਅਣਜਾਣ ਨੰਬਰ ਤੋਂ ਸੁਨੇਹਾ ਆਇਆ। ਸੁਨੇਹਾ ਭੇਜਣ ਵਾਲੇ ਨੇ ਖ਼ੁਦ ਨੂੰ ਉਸਦਾ ਮਾਲਕ ਦੱਸਦੇ ਹੋਏ ਇੱਕ ਨਵੇਂ ਪ੍ਰਾਜੈਕਟ ਲਈ ਤੁਰੰਤ ਐਡਵਾਂਸ ਪੈਮੇਂਟ ਭੇਜਣ ਲਈ ਕਿਹਾ। ਉਸ ’ਤੇ ਭਰੋਸਾ ਕਰਦਿਆਂ ਪੀੜਤ ਨੇ 1.3 ਕਰੋੜ ਰੁਪਏ ਆਈ. ਸੀ. ਆਈ. ਸੀ. ਆਈ. ਬੈਂਕ ਖ਼ਾਤੇ ’ਚ ਭੇਜ ਦਿੱਤੇ।
ਬਾਅਦ ਵਿਚ ਪਤਾ ਲੱਗਾ ਕਿ ਇਹ ਇੱਕ ਧੋਖਾਧੜੀ ਸੀ। ਸਾਈਬਰ ਸੈੱਲ ਨੇ ਮਾਮਲੇ ਦੀ ਜਾਂਚ ਕਰ ਕੇ ਕੇਸ ਦਰਜ ਕੀਤਾ ਸੀ। ਸਾਈਬਰ ਸੈੱਲ ਇੰਚਾਰਜ ਇਰਮ ਰਿਜ਼ਵੀ ਦੀ ਅਗਵਾਈ ’ਚ ਪੁਲਸ ਟੀਮ ਨੇ ਜੋਸ਼ੂਆ ਆਸਕਰ ਨੇਵਿਸ ਨੂੰ ਮੁੰਬਈ ਤੋਂ ਗ੍ਰਿਫ਼ਤਾਰ ਕੀਤਾ। ਪੁਲਸ ਪੁੱਛਗਿੱਛ ’ਚ ਮੁਲਜ਼ਮ ਨੇ ਦੱਸਿਆ ਕਿ ਉਹ ਟੈਲੀਗ੍ਰਾਮ ’ਤੇ ਇੱਕ ਵਿਅਕਤੀ ਨਾਲ ਜੁੜਿਆ ਅਤੇ ਉਸੇ ਨੇ ਉਸਨੂੰ ਕਿਸੇ ਹੋਰ ਵਿਅਕਤੀ ਨਾਲ ਮਿਲਵਾਇਆ। ਮੁਲਜ਼ਮ ਨੇ ਆਪਣਾ ਬੈਂਕ ਖਾਤਾ, ਚੈੱਕ ਬੁੱਕ, ਡੈਬਿਟ ਕਾਰਡ ਅਤੇ ਸਿਮ ਉਸ ਵਿਅਕਤੀ ਨੂੰ ਦੇ ਦਿੱਤੇ। ਜਿਸ ਤੋਂ ਬਾਅਦ ਉਸ ਦੇ ਕਹੇ ਮੁਤਾਬਿਕ ਕੰਮ ਕਰ ਰਿਹਾ ਸੀ।