ਮੁਲਾਜ਼ਮਾਂ ਦਾ ਸ਼ੋਸ਼ਣ ਕਰਨ ਵਾਲੇ ਪਨਸਪ ਅਧਿਕਾਰੀਆਂ ਖਿਲਾਫ ਰੋਸ ਮੁਜ਼ਾਹਰਾ
Thursday, May 31, 2018 - 02:27 AM (IST)
ਅੰਮ੍ਰਿਤਸਰ, (ਦਲਜੀਤ)- ਪਨਸਪ ਵਿਭਾਗ 'ਚ ਮੁਲਾਜ਼ਮਾਂ ਦਾ ਸ਼ੋਸ਼ਣ ਕਰਨ ਵਾਲੇ ਅਧਿਕਾਰੀਆਂ ਖਿਲਾਫ ਪਨਸਪ ਰਿਟਾਇਰਡ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ (ਰਜਿ.) ਨੇ ਮੋਰਚਾ ਖੋਲ੍ਹ ਦਿੱਤਾ ਹੈ। ਐਸੋਸੀਏਸ਼ਨ ਦੀ ਕੰਪਨੀ ਬਾਗ 'ਚ ਹੋਈ ਰਾਜ ਪੱਧਰੀ ਮੀਟਿੰਗ ਵਿਚ ਸਬੰਧਤ ਅਧਿਕਾਰੀਆਂ ਖਿਲਾਫ ਜੰਮ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸੁਖਦੇਵ ਰਾਜ ਸ਼ਰਮਾ ਤੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਵਿਭਾਗ ਦੇ ਕਈ ਅਧਿਕਾਰੀ ਨਿਯਮਾਂ ਤੋਂ ਉਲਟ ਜਾ ਕੇ ਸੇਵਾਮੁਕਤ ਹੋਏ ਮੁਲਾਜ਼ਮਾਂ ਨੂੰ ਪ੍ਰੇਸ਼ਾਨ ਕਰਦੇ ਹੋਏ 4 ਸੀਟਾਂ ਕਰ ਕੇ ਉਨ੍ਹਾਂ ਦਾ ਸ਼ੋਸ਼ਣ ਕਰ ਰਹੇ ਹਨ।
ਬੀਤੇ ਸਮੇਂ ਐਸੋਸੀਏਸ਼ਨ ਦੀ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਵੀ ਹੋਈ ਸੀ ਪਰ ਸਬੰਧਤ ਅਧਿਕਾਰੀ ਐਸੋਸੀਏਸ਼ਨ ਵੱਲੋਂ ਦਿੱਤੇ ਗਏ ਪੁਖਤਾ ਸਬੂਤਾਂ ਅੱਗੇ ਬੇਵੱਸ ਹੋਏ ਆਪਣਾ ਪੱਖ ਨਹੀਂ ਰੱਖ ਸਕੇ ਸਨ। ਸਰਕਾਰ ਨੂੰ ਅਜਿਹੇ ਤਾਨਾਸ਼ਾਹ ਤੇ ਅੜੀਅਲ ਵਤੀਰੇ ਵਾਲੇ ਅਧਿਕਾਰੀਆਂ ਖਿਲਾਫ ਸਖਤ ਐਕਸ਼ਨ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਰਿਵਾਈਜ਼ਡ ਪੈਨਸ਼ਨ ਦੇ 31 ਮੈਂਬਰਾਂ ਦੇ ਫਾਰਮ ਭਰ ਕੇ ਮੁੱਖ ਦਫਤਰ ਨੂੰ ਦੇ ਚੁੱਕੀ ਹੈ ਅਤੇ ਵਿਭਾਗ ਵੱਲੋਂ ਇਸ ਸਬੰਧ ਵਿਚ ਕੰਮ ਵੀ ਕੀਤਾ ਜਾ ਰਿਹਾ ਹੈ ਤੇ ਆਉਣ ਵਾਲੇ ਦਿਨਾਂ ਵਿਚ 60 ਹੋਰ ਮੁਲਾਜ਼ਮਾਂ ਨੂੰ ਇਹ ਲਾਭ ਦਿਵਾਇਆ ਜਾਵੇਗਾ। ਐਸੋਸੀਏਸ਼ਨ ਸੇਵਾਮੁਕਤ ਮੁਲਾਜ਼ਮਾਂ ਨਾਲ ਡਟ ਕੇ ਖੜ੍ਹੀ ਹੈ ਅਤੇ ਉਨ੍ਹਾਂ ਦੇ ਸੁੱਖ-ਦੁੱਖ ਵਿਚ ਭਾਈਵਾਲ ਹੈ। ਸੇਵਾਮੁਕਤ ਮੁਲਾਜ਼ਮਾਂ ਦਾ ਸ਼ੋਸ਼ਣ ਕਰਨ ਵਾਲੇ ਅਧਿਕਾਰੀਆਂ ਖਿਲਾਫ ਪੰਜਾਬ ਭਰ ਵਿਚ ਵਿਸ਼ੇਸ਼ ਮੁਹਿੰਮ ਵਿੱਢ ਕੇ ਉਨ੍ਹਾਂ ਦਾ ਪਿੱਟ-ਸਿਆਪਾ ਵੀ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦਫਤਰ ਨੇ ਕਈ ਸੇਵਾਮੁਕਤ ਮੁਲਾਜ਼ਮਾਂ ਦੀ ਪੈਨਸ਼ਨ ਤੇ ਹੋਰ ਮਹੱਤਵਪੂਰਨ ਦਸਤਾਵੇਜ਼ ਡੰਪ ਕਰ ਕੇ ਰੱਖੇ ਹੋਏ ਹਨ। ਐਸੋਸੀਏਸ਼ਨ ਜਲਦ ਹੀ ਉਕਤ ਦਸਤਾਵੇਜ਼ਾਂ ਦੀ ਪੜਤਾਲ ਕਰਵਾ ਕੇ ਸੇਵਾਮੁਕਤ ਮੁਲਾਜ਼ਮਾਂ ਨੂੰ ਲਾਭ ਦਿਵਾਏਗੀ। ਇਸ ਤੋਂ ਪਹਿਲਾਂ ਸ਼ੁਭਕਰਨ ਫੀਲਡ ਅਫਸਰ ਜਨਕ ਰਾਜ, ਜਗਦੇਵ ਸਿੰਘ, ਗੁਰਦਿਆਲ ਸਿੰਘ, ਮੱਘਰ ਸਿੰਘ, ਨਿਰਮਲ ਸਿੰਘ, ਅਰੁਣ ਕੁਮਾਰ, ਮਹਿੰਦਰ ਸਿੰਘ ਆਦਿ ਅੰਮ੍ਰਿਤਸਰ ਦੇ ਬਾਰਡਰ ਏਰੀਆ ਪੱਟੀ ਖੇਮਕਰਨ, ਰਮਦਾਸ ਵਰਗੇ ਦੂਰ-ਦੁਰਾਡੇ ਇਲਾਕਿਆਂ ਨਾਲ ਸਬੰਧ ਰੱਖਣ ਵਾਲੇ ਅਧਿਕਾਰੀਆਂ/ਕਰਮਚਾਰੀਆਂ ਨੇ ਬੜੀ ਉਤਸ਼ਾਹ ਨਾਲ ਹਿੱਸਾ ਲਿਆ।
