ਦੋਪਹੀਆ ਵਾਹਨ ਚੋਰੀ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰ ਗ੍ਰਿਫ਼ਤਾਰ, ਮਾਮਲਾ ਦਰਜ
Monday, Mar 30, 2026 - 02:11 PM (IST)
ਚੰਡੀਗੜ੍ਹ (ਸੁਸ਼ੀਲ) : ਮਲੋਆ ਥਾਣਾ ਪੁਲਸ ਨੇ ਦੋਪਹੀਆ ਵਾਹਨ ਚੋਰੀ ਕਰਕੇ ਫਿਰੋਜ਼ਪੁਰ ਅਤੇ ਮੋਗਾ ’ਚ ਵੇਚਣ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕੀਤੀ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਫਿਰੋਜ਼ਪੁਰ ਦੇ ਪਿੰਡ ਕੁਸੂਵਾਲਾ ਮੋੜ ਦੇ ਰਹਿਣ ਵਾਲੇ ਅਜੇ ਕੁਮਾਰ, ਸੁਖਵਿੰਦਰ ਸਿੰਘ, ਰਸ਼ਪਾਲ ਸਿੰਘ ਅਤੇ ਮੋਗਾ ਦੇ ਗੁਰਜੀਤ ਸਿੰਘ ਵਜੋਂ ਹੋਈ ਹੈ। ਪੁਲਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਚੋਰੀ ਕੀਤੇ ਨੌਂ ਦੋਪਹੀਆ ਵਾਹਨ ਬਰਾਮਦ ਕੀਤੇ ਹਨ, ਜਿਨ੍ਹਾਂ ’ਚ ਬੁਲੇਟ, ਐਕਟਿਵਾ, ਸਪਲੈਂਡਰ ਸਮੇਤ ਹੋਰ ਮੋਟਰਸਾਈਕਲ ਸ਼ਾਮਲ ਹਨ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਵਾਹਨਾਂ ਦੇ ਅਸਲ ਨੰਬਰ ਹਟਾ ਕੇ ਜਾਅਲੀ ਨੰਬਰ ਪਲੇਟਾਂ ਲਗਾ ਕੇ ਉਨ੍ਹਾਂ ਨੂੰ ਸਸਤੇ ਭਾਅ ’ਤੇ ਵੇਚਦੇ ਸਨ। ਮਲੋਆ ਥਾਣਾ ਇੰਚਾਰਜ ਜਸਬੀਰ ਸਿੰਘ ਨੂੰ ਸੂਚਨਾ ਮਿਲਣ ’ਤੇ ਪੁਲਸ ਨੇ ਡੱਡੂਮਾਜਰਾ ਇਲਾਕੇ ’ਚ ਨਾਕਾਬੰਦੀ ਕੀਤੀ। ਇਸ ਦੌਰਾਨ ਦੋ ਐਕਟਿਵਾ ’ਤੇ ਆ ਰਹੇ ਚਾਰ ਨੌਜਵਾਨਾਂ ਨੂੰ ਰੋਕ ਕੇ ਜਾਂਚ ਕੀਤੀ ਗਈ। ਦਸਤਾਵੇਜ਼ ਮੰਗਣ ’ਤੇ ਮੁਲਜ਼ਮ ਗੋਲਮੋਲ ਜਵਾਬ ਦੇਣ ਲੱਗ ਪਏ। ਨੰਬਰ ਚੈੱਕ ਕਰਨ ’ਤੇ ਪਤਾ ਲੱਗਿਆ ਕਿ ਵਾਹਨਾਂ ’ਤੇ ਜਾਅਲੀ ਨੰਬਰ ਲੱਗੇ ਹੋਏ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ।
ਰਿਮਾਂਡ ਦੌਰਾਨ ਹੋਈ ਹੋਰ ਬਰਾਮਦਗੀ
ਪੁਲਸ ਨੇ 26 ਮਾਰਚ ਨੂੰ ਮਾਮਲਾ ਦਰਜ ਕਰਕੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕੀਤਾ। ਅਦਾਲਤ ਨੇ ਸੁਖਵਿੰਦਰ ਸਿੰਘ ਤੇ ਰਸ਼ਪਾਲ ਸਿੰਘ ਨੂੰ ਨਿਆਇਕ ਹਿਰਾਸਤ ’ਚ ਭੇਜ ਦਿੱਤਾ, ਜਦਕਿ ਅਜੇ ਕੁਮਾਰ ਅਤੇ ਗੁਰਜੀਤ ਸਿੰਘ ਨੂੰ ਪੰਜ ਦਿਨਾਂ ਦੇ ਪੁਲਸ ਰਿਮਾਂਡ ’ਤੇ ਭੇਜਿਆ ਗਿਆ। ਰਿਮਾਂਡ ਦੌਰਾਨ 28 ਅਤੇ 29 ਮਾਰਚ ਨੂੰ ਹੋਰ ਬਾਈਕਾਂ ਬਰਾਮਦ ਕੀਤੀਆਂ ਗਈਆਂ, ਜਿਸ ਨਾਲ ਕੁੱਲ ਗਿਣਤੀ ਨੌਂ ਹੋ ਗਈ।
15 ਹਜ਼ਾਰ ਤੱਕ ਵੇਚਦੇ ਸਨ ਚੋਰੀ ਦੇ ਵਾਹਨ
ਪੁਲਸ ਜਾਂਚ ਮੁਤਾਬਕ ਮੁਲਜ਼ਮ ਚੰਡੀਗੜ੍ਹ ਤੋਂ ਵਾਹਨ ਚੋਰੀ ਕਰਕੇ ਫਿਰੋਜ਼ਪੁਰ ਅਤੇ ਮੋਗਾ ਇਲਾਕਿਆਂ ’ਚ 12 ਤੋਂ 15 ਹਜ਼ਾਰ ਰੁਪਏ ਤੱਕ ਵੇਚਦੇ ਸਨ। ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਗਿਰੋਹ ਵੱਲੋਂ 15 ਤੋਂ 20 ਵਾਹਨ ਚੋਰੀ ਕੀਤੇ ਗਏ ਹਨ। ਮੁਲਜ਼ਮ ਚੋਰੀ ਤੋਂ ਬਾਅਦ ਅਸਲ ਨੰਬਰ ਪਲੇਟਾਂ ਹਟਾ ਕੇ ਖੇਤਾਂ ’ਚ ਸੁੱਟ ਦਿੰਦੇ ਸਨ ਅਤੇ ਜਾਅਲੀ ਨੰਬਰ ਲਗਾ ਕੇ ਪੁਲਸ ਤੋਂ ਬਚਣ ਦੀ ਕੋਸ਼ਿਸ਼ ਕਰਦੇ ਸਨ। ਪੁਲਸ ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਕਰ ਰਹੀ ਹੈ ਅਤੇ ਹੋਰ ਚੋਰੀ ਦੇ ਮਾਮਲੇ ਖੁਲ੍ਹਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
