ਅੰਮ੍ਰਿਤਸਰ ਪਹੁੰਚਿਆ ਇਰਾਨੀ ਵਫ਼ਦ, SGPC ਅਧਿਕਾਰੀਆਂ ਨਾਲ ਕੀਤੀ ਮੁਲਾਕਾਤ

Wednesday, Apr 08, 2026 - 07:04 PM (IST)

ਅੰਮ੍ਰਿਤਸਰ ਪਹੁੰਚਿਆ ਇਰਾਨੀ ਵਫ਼ਦ, SGPC ਅਧਿਕਾਰੀਆਂ ਨਾਲ ਕੀਤੀ ਮੁਲਾਕਾਤ

ਅੰਮ੍ਰਿਤਸਰ (ਸਰਬਜੀਤ)- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਰਾਨ ਦੇ ਸੁਪਰੀਮ ਲੀਡਰ ਦੇ ਦਫ਼ਤਰ ਨਾਲ ਸਬੰਧਤ ਇਕ ਉੱਚ ਪੱਧਰੀ ਵਫ਼ਦ ਨਤਮਸਤਕ ਹੋਣ ਪਹੁੰਚਿਆ। ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਵਫ਼ਦ ਦੇ ਮੈਂਬਰ ਡਾ. ਮੁਹੰਮਦ ਹੁਸੈਨ ਜ਼ਿਵਾਂਦ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਦਿੱਲੀ 'ਚ ਹੋਣ ਵਾਲੇ ਇਕ ਵਿਸ਼ੇਸ਼ ਸਮਾਗਮ ਲਈ ਸੱਦਾ ਪੱਤਰ ਦਿੱਤਾ।

ਡਾ. ਜ਼ਿਵਾਂਦ ਨੇ ਦੱਸਿਆ ਕਿ 12 ਅਪ੍ਰੈਲ ਨੂੰ ਦਿੱਲੀ ਸਥਿਤ 'ਈਰਾਨ ਕਲਚਰ ਹਾਊਸ' ਵਿਖੇ ਈਰਾਨ ਦੇ ਰਹਿਬਰ ਸੱਯਦੁਨਾ ਅਲ-ਕਾਇਦ ਹਜ਼ਰਤ ਆਇਤੁੱਲਾ ਅਲ-ਉਜ਼ਮਾ ਸੱਯਦ ਅਲੀ ਖ਼ਾਮੇਨੇਈ ਦੀ ਸ਼ਹਾਦਤ ਦੀ ਯਾਦ 'ਚ 40ਵੇਂ ਦਿਨ ਦਾ ਸਮਾਗਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਅਤੇ ਇਸਲਾਮ ਵਿੱਚ 'ਸ਼ਹਾਦਤ' ਦਾ ਸੰਕਲਪ ਬਹੁਤ ਡੂੰਘਾ ਹੈ; ਦੋਵੇਂ ਵਿਸ਼ਵਾਸ ਕਰਦੇ ਹਨ ਕਿ ਸ਼ਹੀਦ ਹਮੇਸ਼ਾ ਜ਼ਿੰਦਾ ਅਤੇ ਅਮਰ ਰਹਿੰਦਾ ਹੈ। ਉਨ੍ਹਾਂ ਪੰਜਾਬ ਵਿਧਾਨ ਸਭਾ ਵੱਲੋਂ ਇਰਾਨ ਦੇ ਹੱਕ 'ਚ ਪਾਸ ਕੀਤੇ ਮਤੇ ਦੀ ਵੀ ਸ਼ਲਾਘਾ ਕੀਤੀ ਅਤੇ ਭਾਰਤ-ਇਰਾਨ ਦੇ 5,000 ਸਾਲ ਪੁਰਾਣੇ ਸਬੰਧਾਂ ਦਾ ਜ਼ਿਕਰ ਕੀਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਜ਼ਿਵਾਂਦ ਨੇ ਪੱਛਮੀ ਏਸ਼ੀਆ ਦੇ ਹਾਲਾਤ 'ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਮੌਜੂਦਾ ਜੰਗਬੰਦੀ ਸਿਰਫ਼ ਅਸਥਾਈ ਹੈ, ਜਦਕਿ ਇਰਾਨ 'ਸਥਾਈ ਸ਼ਾਂਤੀ' ਚਾਹੁੰਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਸਾਲਾਂ ਦੌਰਾਨ ਹੋਏ ਹਮਲਿਆਂ ਵਿੱਚ ਇਰਾਨ ਦੇ ਮਾਸੂਮ ਬੱਚਿਆਂ, ਸਕੂਲਾਂ ਅਤੇ ਹਸਪਤਾਲਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

PunjabKesari

ਡਾ. ਜ਼ਿਵਾਂਦ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਾਅਵਿਆਂ 'ਤੇ ਹਮਲਾ ਕਰਦਿਆਂ ਕਿਹਾ, "ਜੋ ਵਿਅਕਤੀ ਦਿਨ ਵੇਲੇ ਇਰਾਨ ਨੂੰ ਨਕਸ਼ੇ ਤੋਂ ਮਿਟਾਉਣ ਦੀਆਂ ਗੱਲਾਂ ਕਰਦਾ ਹੈ, ਉਹ ਰਾਤ ਨੂੰ ਜੰਗ ਰੋਕਣ ਦੀ ਭੀਖ ਮੰਗਦਾ ਹੈ।" ਉਨ੍ਹਾਂ ਸਪੱਸ਼ਟ ਕੀਤਾ ਕਿ ਕੋਈ ਵੀ ਸੀਜ ਫਾਇਰ ਨਹੀਂ ਹੋਇਆ ਬਲਕਿ ਇਰਾਨ ਨੇ ਅਮਰੀਕਾ ਨੂੰ ਆਪਣੀਆਂ 10 ਸ਼ਰਤਾਂ ਮੰਨਣ ਲਈ 10 ਦਿਨਾਂ ਦੀ ਮੋਹਲਤ ਦਿੱਤੀ ਹੈ।

ਇਰਾਨੀ ਅਧਿਕਾਰੀ ਨੇ ਚਿਤਾਵਨੀ ਦਿੱਤੀ ਕਿ ਜੇਕਰ 10 ਦਿਨਾਂ ਅੰਦਰ ਇਰਾਨ ਦੀਆਂ ਸ਼ਰਤਾਂ ਨਾ ਮੰਨੀਆਂ ਗਈਆਂ ਅਤੇ ਨੁਕਸਾਨ ਦਾ ਹਰਜਾਨਾ ਨਾ ਦਿੱਤਾ ਗਿਆ, ਤਾਂ 11ਵੇਂ ਦਿਨ ਇਰਾਨ ਅਮਰੀਕਾ ਅਤੇ ਇਜ਼ਰਾਈਲ 'ਤੇ ਪਹਿਲਾਂ ਨਾਲੋਂ 100 ਗੁਣਾ ਵੱਧ ਮਿਜ਼ਾਈਲਾਂ ਨਾਲ ਹਮਲਾ ਕਰੇਗਾ। ਉਨ੍ਹਾਂ ਕਿਹਾ ਕਿ ਇਰਾਨ ਹੁਣ ਕਿਸੇ ਵੀ ਅਖੌਤੀ ਜੰਗਬੰਦੀ 'ਤੇ ਭਰੋਸਾ ਨਹੀਂ ਕਰੇਗਾ ਜਦੋਂ ਤੱਕ ਸੰਯੁਕਤ ਰਾਸ਼ਟਰ ਅਤੇ ਸੁਰੱਖਿਆ ਕੌਂਸਲ ਇਸ ਦੀ ਮਜ਼ਬੂਤ ਗਾਰੰਟੀ ਨਹੀਂ ਦਿੰਦੇ। ਇਸ ਮੌਕੇ ਉਨ੍ਹਾਂ ਵਿਸ਼ਵ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਖੇਤਰ ਵਿੱਚ ਅਸਲ ਸ਼ਾਂਤੀ ਸਥਾਪਿਤ ਕਰਨ ਲਈ ਅੱਗੇ ਆਉਣ।


author

Anmol Tagra

Content Editor

Related News