ਸਫ਼ਾਈ ਸੇਵਕਾਂ ਦੀ ਹਡ਼ਤਾਲ ਕਾਰਨ ਸ਼ਹਿਰ ’ਚ ਲੱਗੇ ਗੰਦਗੀ ਦੇ ਢੇਰ
Wednesday, May 23, 2018 - 03:57 AM (IST)
ਫ਼ਰੀਦਕੋਟ (ਚਾਵਲਾ) - ਨਗਰ ਕੌਂਸਲ ਦੇ ਕੱਚੇ ਸਫਾਈ ਸੇਵਕਾਂ ਅਤੇ ਡੰਪ ਤੋਂ ਕੂਡ਼ਾ ਚੁੱਕਣ ਵਾਲਿਅਾਂ ਦੀ ਹਡ਼ਤਾਲ ਹੋਣ ਕਰ ਕੇ ਸ਼ਹਿਰ ’ਚ ਥਾਂ-ਥਾਂ ’ਤੇ ਕੂਡ਼ੇ ਦੇ ਢੇਰ ਲੱਗੇ ਹੋਏ ਹਨ, ਜੋ ਭਿਆਨਕ ਬੀਮਾਰੀਆਂ ਨੂੰ ਸੱਦੇ ਦੇ ਰਹੇ ਹਨ। ਸ਼ਹਿਰ ਨਿਵਾਸੀਆਂ ਅਤੇ ਰਾਹਗੀਰਾਂ ਨੇ ਦੱਸਿਆ ਕਿ ਸ਼ਹਿਰ ਦੇ ਬਾਹਰਲੇ ਪਾਸੇ ਨਾਲੇ-ਨਾਲੀਆਂ, ਗਲੀਆਂ-ਮੁਹੱਲਿਆਂ ਅਤੇ ਬਸਤੀਆਂ ਦੀ ਸਫ਼ਾਈ ਨਾ ਹੋਣ ਕਰ ਕੇ ਉਹ ਕਈ ਦਿਨਾਂ ਤੋਂ ਬੇਹੱਦ ਪ੍ਰੇਸ਼ਾਨ ਹਨ। ਹਡ਼ਤਾਲ ਕਾਰਨ ਕੂਡ਼ੇ ਦੇ ਵੱਡੇ-ਵੱਡੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ। ਇਨ੍ਹਾਂ ਢੇਰਾਂ ’ਚ ਪਸ਼ੂ ਮੂੰਹ ਮਾਰ ਕੇ ਇਸ ਨੂੰ ਸਡ਼ਕ ’ਤੇ ਖਿਲਾਰਦੇ ਨਜ਼ਰ ਆਉਂਦੇ ਹਨ। ਕੂਡ਼ੇ ਦੇ ਢੇਰਾਂ ’ਤੇ ਮੱਛਰਾਂ-ਮੱਖੀਆਂ ਦੀ ਭਰਮਾਰ ਹੈ, ਜਿਸ ਕਰ ਕੇ ਸ਼ਹਿਰ ’ਚ ਭਿਆÎਨਕ ਬੀਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਰਾਹਗੀਰਾਂ ਨੇ ਦੱਸਿਆ ਕਿ ਇਕ ਪਾਸੇ ਤਾਂ ਸਰਕਾਰਾਂ ਵੱਲੋਂ ਸਵੱਛ ਭਾਰਤ ਮੁਹਿੰਮ ਕੌਂਸਲ ਰਾਹੀਂ ਚਲਾਈ ਜਾ ਰਹੀ ਹੈ, ਜਿਸ ਤਹਿਤ ਕੌਂਸਲ ਨੇ ਕੂਡ਼ੇ ਵਾਲੇ ਬਣਾਏ ਗਏ ਕੁਝ ਡੰਪਾਂ ’ਤੇ ਸਵੱਛ ਭਾਰਤ ਦੇ ਵੱਡੇ-ਵੱਡੇ ਬੋਰਡ ਲਾਏ ਹੋਏ ਹਨ ਪਰ ਦੂਜੇ ਪਾਸੇ ਕੌਂਸਲ ਆਪ ਇਸ ਮੁਹਿੰਮ ਦੀਆਂ ਧੱਜੀਆਂ ਉਡਾਈ ਜਾ ਰਹੀ ਹੈ। ਸ਼ਹਿਰ ਨਿਵਾਸੀਆਂ ਨੇ ਸਰਕਾਰ, ਜ਼ਿਲਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਤੋਂ ਮੰਗ ਕੀਤੀ ਕਿ ਕੂਡ਼ੇ ਦੇ ਢੇਰਾਂ ਨੂੰ ਤੁਰੰਤ ਚੁੱਕਿਆ ਜਾਵੇ।
